ਪਟਿਆਲਾ ਤੇ ਸੰਗਰੂਰ ’ਚ ਮੌਕ ਡਰਿੱਲ ਅਤੇ ਬਲੈਕਆਊਟ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਮਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਰਾਤ 9 ਤੋਂ 9.30 ਵਜੇ ਤੱਕ ਪੂਰੇ ਜ਼ਿਲ੍ਹੇ ਭਰ ਵਿੱਚ ਬਲੈਕਆਊਟ ਅਭਿਆਸ ਕੀਤਾ ਗਿਆ। ਇਸ ਦੌਰਾਨ ਸਥਾਨਕ ਸ਼ਹਿਰ ਵਿੱਚ ਅਰਬਨ ਅਸਟੇਟ ਫੇਜ਼-3 ਅਤੇ 4 ਸਮੇਤ ਹੋਰ ਖੇਤਰਾਂ ਵਿੱਚ ਇਹਤਿਆਤ ਵਜੋਂ ਬੱਤੀ ਵੀ ਬੰਦ ਰਹੀ। ਇਸ ਤੋਂ ਪਹਿਲਾਂ ਦਿਨ ਵਿੱਚ ਸੁਰੱਖਿਆ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਰੱਖਣ ਲਈ ਸ਼ਾਮ ਵੇਲੇ ਨਾਗਰਿਕ ਸੁਰੱਖਿਆ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਰੇਲਵੇ ਸਟੇਸ਼ਨ ’ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਨਿਗਰਾਨੀ ਹੇਠ ਅੱਧਾ ਘੰਟਾ ਚੱਲੇ ਅਭਿਆਸ ਦੌਰਾਨ ਸਾਇਰਨ ਵਜਾ ਕੇ ਹਵਾਈ ਹਮਲੇ, ਅੱਗ ਲੱਗਣ ਤੇ ਗੈਸ ਚੜ੍ਹਨ ਕਰ ਕੇ ਫੱਟੜਾਂ ਦੀ ਸੰਭਾਲ ਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੇ ਤਾਲਮੇਲ ਦੀ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕਰਕੇ ਬਚਾਅ ਕਾਰਜਾਂ ਦਾ ਅਭਿਆਸ ਕੀਤਾ। ਇਸ ਤੋਂ ਇਲਾਵਾ ਪੁਲੀਸ ਲਾਈਨ, ਰੇਲਵੇ ਵਰਕਸ਼ਾਪ ਡੀਐਮ ਡਬਲਿਊ, ਕੇਂਦਰੀ ਜੇਲ੍ਹ, ਫਾਇਰ ਬ੍ਰਿਗੇਡ, ਆਰਮੀ ਕੈਂਟ ਵਿੱਚ ਦੋ, ਰੇਲਵੇ ਸਟੇਸ਼ਨ, ਨਵਾਂ ਬੱਸ ਅੱਡਾ, ਜ਼ਿਲ੍ਹਾ ਪਰਿਸ਼ਦ ਦਫ਼ਤਰ, ਕਿਲ੍ਹਾ ਮੁਬਾਰਕ, ਪੀਡੀਏ ਦਫ਼ਤਰ ਅਰਬਨ ਅਸਟੇਟ, ਨਗਰ ਨਿਗਮ ਦਫ਼ਤਰ ਪਟਿਆਲਾ ਥਾਵਾਂ ’ਤੇ ਵੀ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ। ਪੁਲੀਸ, ਫੌਜ, ਆਈਟੀਬੀਪੀ, ਐੱਨਸੀਸੀ, ਐੱਨਐੱਸਐੱਸ, ਰੈੱਡ ਕਰਾਸ ਦੇ ਨੁਮਾਇੰਦੇ ਤੇ ਸਕੂਲ ਵਿਦਿਆਰਥੀਆਂ ਵੱਲੋਂ ਅਭਿਆਸ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਜੇਕਰ ਹਮਲੇ ਸਮੇਂ ਖੁੱਲ੍ਹੇ ਵਿੱਚ ਹੋ ਤਾਂ ਧਰਤੀ ’ਤੇ ਪੈ ਕੇ ਬਚਾਅ ਕਰਨਾ ਹੈ। ਜੇਕਰ ਬਹੁ ਮੰਜ਼ਿਲਾਂ ਇਮਾਰਤ ਵਿੱਚ ਹੋ ਤਾਂ ਹੇਠਲੇ ਤਲ ’ਤੇ ਆ ਜਾਓ। ਹਰ ਤਰ੍ਹਾਂ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਨੇੜੇ ਇਮਾਰਤ ਨਹੀਂ ਹੈ ਤਾਂ ਦਰੱਖਤ ਦੇ ਥੱਲੇ ਓਟ ਲਵੋ। ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਹਮਲੇ ਦੌਰਾਨ ਜ਼ਖਮੀਆਂ ਦੀ ਸੰਭਾਲ ਕਰਨ ਹੈ ਤੇ ਆਰਜ਼ੀ ਹਸਪਤਾਲ ਬਣਾਉਣ ਦੀ ਜਾਣਕਾਰੀ ਵੀ ਦਿੱਤੀ ਗਈ। ਅੱਗ ਤੋਂ ਆਪਣਾ ਬਚਾਅ ਤੇ ਅੱਗ ਕਿਸ ਤਰ੍ਹਾਂ ਬੁਝਾਉਣੀ ਹੈ। ਗੈਸ ਚੜ੍ਹਨ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਉਪਾਅ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਪ੍ਰਸ਼ਾਸਨ ਦੀ ਮਸ਼ੀਨਰੀ ਦੀ ਵਰਤੋਂ ਸਬੰਧੀ ਅਭਿਆਸ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਖ਼ਤਰੇ ਮੌਕੇ ਇਨ੍ਹਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਲੋਕ ਘਬਰਾਹਟ ’ਚ ਨਾ ਆਉਣ ਅਤੇ ਨਾ ਹੀ ਘਰੇਲੂ ਸਾਮਾਨ ਦੀ ਖਰੀਦੋ ਫਰੋਖਤ ਲਈ ਕੋਈ ਕਾਹਲ ਦਿਖਾਉਣ ਕਿਉਂਕਿ ਅਜਿਹੀ ਕੋਈ ਸਥਿਤੀ ਨਹੀਂ ਹੈ ਜਿਸ ਕਾਰਨ ਸਾਮਾਨ ਇਕੱਠਾ ਕਰਨਾ ਪਵੇ। ਇਸ ਦੌਰਾਨ ਹੋਮ ਗਾਰਡਜ਼ ਦੇ ਸਿਵਲ ਡਿਫੈਂਸ ਪਟਿਆਲਾ ਨੇ ਇੱਥੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਜੰਗਾਂ ਜਾਂ ਹੋਰ ਹੰਗਾਮੀ ਸਥਿਤੀ ਮੌਕੇ ਜਾਨੀ ਤੇ ਮਾਲੀ ਨੁਕਸਾਨ ਨੂੰ ਘਟਾਉਣ ਦੀ ਮੌਕ ਡਰਿੱਲ ਕਰਵਾਈ ਗਈ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਦੇ ਕੁਝ ਖੇਤਰਾਂ ਵਿੱਚ ਇੰਡੀਅਨ ਤਿੱਬਤੀਅਨ ਬਾਰਡਰ ਪੁਲੀਸ ਨੇ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ‘ਮੌਕ ਡਰਿੱਲ’ ਕੀਤੀ। ਇਹ ‘ਮੌਕ ਡਰਿੱਲ’ ਏਨੀ ਪ੍ਰਭਾਵਸ਼ਾਲੀ ਰਹੀ ਕਿ ਆਮ ਲੋਕਾਂ ਵਿਚ ਜਿੱਥੇ ਸਹਿਮ ਹੋਣਾ ਬਣਦਾ ਸੀ ਪਰ ਉਨ੍ਹਾਂ ਨੇ ਦਿਲਚਸਪੀ ਦਿਖਾਈ। ਇਸ ਦੌਰਾਨ ਸੁਰੱਖਿਆ ਬਲ ਦੇ ਜਵਾਨਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕਰਵਾਇਆ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿੱਚ ਅੱਜ ਰਾਤ 8:30 ਵਜੇ ਤੋਂ 8:40 ਵਜੇ ਤੱਕ ਬਲੈਕਆਊਟ ਅਭਿਆਸ ਕੀਤਾ ਗਿਆ ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ। ਇਸ ਤਰ੍ਹਾਂ ਪੂਰੇ ਸੰਗਰੂਰ ਸ਼ਹਿਰ ਵਿੱਚ 10 ਮਿੰਟ ਲਈ ਘੁੱਪ ਹਨੇਰਾ ਪਸਰਿਆ ਰਿਹਾ। ਡਿਪਟੀ ਕਮਿਸ਼ਨਰ ਟੀ ਬੈਨਿਥ ਅਤੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਦੱਸਿਆ ਕਿ ਬਲੈਕਆਊਟ ਡਰਿੱਲ ਪੂਰੇ ਸੰਗਰੂਰ ਸ਼ਹਿਰ (ਸਿਵਲ ਹਸਪਤਾਲ ਖੇਤਰ ਛੱਡ ਕੇ) ਵਿੱਚ ਕੀਤੀ ਗਈ ਸੀ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਅਤੇ ਭੜਕਾਊ ਸੰਦੇਸ਼ ਫੈਲਾਉਣ ਵਿਰੁੱਧ ਚਿਤਾਵਨੀ ਵੀ ਦਿੱਤੀ। ਇਸ ਤੋਂ ਜਿਵੇਂ ਹੀ ਸ਼ਾਮ ਚਾਰ ਵਜੇ ਦਾ ਸਮਾਂ ਹੋਇਆ ਤਾਂ ਇਥੇ ਦੋ ਥਾਵਾਂ ਇੰਡੀਅਨ ਆਇਲ ਡਿੱਪੂ ਅਤੇ ਸਰਕਾਰੀ ਰਣਬੀਰ ਕਾਲਜ ’ਤੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇ ਅਭਿਆਸ ਲਈ ਮੌਕ ਡਰਿੱਲ ਕੀਤੀ ਗਈ। ਇਸ ਸਬੰਧ ਵਿੱਚ ਦੋਵੇਂ ਥਾਵਾਂ ਉਤੇ ਕ੍ਰਮਵਾਰ 3 ਅਤੇ 4 ਵਜੇ ਇਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਦੋਵੇਂ ਜਗ੍ਹਾ ਇਹ ਅਭਿਆਸ ਅੱਧਾ ਘੰਟਾ ਚੱਲਿਆ ਅਤੇ ਇੱਕ ਹੋਰ ਸ਼ਾਇਰਨ ਵੱਜਣ ਨਾਲ ਖਤਮ ਹੋਇਆ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਅੱਜ ਮਾਲੇਰਕੋਟਲਾ ਦੀ ਇੱਕ ਨਿੱਜੀ ਮਿੱਲ ਵਿੱਚ ਹੋਮ ਗਾਰਡਜ਼ ਸਿਵਲ ਡਿਫੈਂਸ, ਸਿਹਤ ਵਿਭਾਗ, ਪੰਜਾਬ ਪੁਲੀਸ, ਸਥਾਨਕ ਸਰਕਾਰਾਂ ਅਤੇ ਹੋਰ ਸਬੰਧਤ ਵਿਭਾਗਾਂ ਦੀ ਸਾਂਝੀ ਮੌਕ ਡਰਿੱਲ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਸੁਖਪਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਐਮਰਜੈਂਸੀ ਦੌਰਾਨ ਸਿਖਲਾਈ ਹੀ ਕੀਮਤੀ ਜਾਨਾਂ ਬਚਾਅ ਸਕਦੀ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਭਾਰਤੀ ਫ਼ੌਜ ਦੇ ਜਵਾਨਾਂ ਨੇ ਪਾਤੜਾਂ ਵਿੱਚ ਸਾਇਰਨ ਵਜਾ ਕੇ ਮੌਕ ਡਰਿੱਲ ਕੀਤੀ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਦੀ ਹਾਜ਼ਰੀ ਵਿੱਚ ਭਾਰਤੀ ਫ਼ੌਜ ਦੇ ਜਵਾਨਾਂ ਨੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਨਵੇਂ ਬੱਸ ਸਟੈਂਡ ਸਾਹਮਣੇ ਪੁਲ ’ਤੇ ਖੜ੍ਹੇ ਹੋ ਕੇ ਦੋ ਵਾਰ ਸਾਇਰਨ ਵਜਾਇਆ। ਐੱਸਡੀਐੱਮ ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਾਇਰਨ ਵਜਾ ਕੇ ਮੌਕ ਡਰਿੱਲ ਦਾ ਅਭਿਆਸ ਕੀਤਾ ਗਿਆ ਹੈ।