ਪਟਿਆਲਾ ’ਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੰਗਰੇਜ਼ੀ ਨਾਲ ਮੋਹ ਜਾਗਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਜੂਨ
ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕਰ ਕੇ ਪੰਜਾਬ ਦੇ ਦਫ਼ਤਰਾਂ ਅਤੇ ਸੂਬੇ ਵਿੱਚ ਹਰ ਥਾਂ ’ਤੇ ਮਾਤ ਭਾਸ਼ਾ ਪੰਜਾਬੀ ਦੀ ਵਰਤੋਂ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਇਸੇ ਦੌਰਾਨ ਪੰਜਾਬੀ ਵਿੱਚ ਕੰਮ ਕਰਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਸ਼ਾਸਨ ਨੂੰ ਹੁਣ ਅੰਗਰੇਜ਼ੀ ਨਾਲ ਮੋਹ ਜਾਗ ਪਿਆ ਹੈ। ਇੱਥੇ ਡੀਸੀ ਦਫ਼ਤਰ ਦੀਆਂ ਕੰਧਾਂ ’ਤੇ ਲੱਗੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲਿਆਂ ਦੀਆਂ ਫੋਟੋਆਂ ਦੀਆਂ ਕੈਪਸ਼ਨਾਂ ਅੰਗਰੇਜ਼ੀ ਵਿੱਚ ਲਿਖੀਆਂ ਮਿਲਦੀਆਂ ਹਨ। ਇਸ ਤੋਂ ਪਹਿਲਾਂ ਲੱਗੀਆਂ ਫੋਟੋਆਂ ਹੇਠਾਂ ਜਿੱਥੇ ਕੈਪਸ਼ਨਾਂ ਅੰਗਰੇਜ਼ੀ ਵਿੱਚ ਹਨ, ਉੱਥੇ ਬਰਾਬਰ ਹੀ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਅਕਤੀਆਂ ਦੀਆਂ ਫੋਟੋਆਂ ਲਾਉਣ ਦਾ ਰੁਝਾਨ ਕਾਫ਼ੀ ਸਮੇਂ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਵੀ ਹੋ ਰਹੀ ਹੈ। ਇਨ੍ਹਾਂ ਫੋਟੋਆਂ ਹੇਠਾਂ ਉਸ ਵਿਅਕਤੀ ਵੱਲੋਂ ਕੀਤੇ ਵਿਸ਼ੇਸ਼ ਕੰਮ ਬਾਰੇ ਕੈਪਸ਼ਨਾਂ ਵੀ ਲਿਖੀਆਂ ਮਿਲਦੀਆਂ ਹਨ ਪਰ ਹੁਣ ਕਈ ਫੋਟੋਆਂ ਹੇਠਾਂ ਸਿਰਫ਼ ਅੰਗਰੇਜ਼ੀ ਵਿੱਚ ਹੀ ਕੈਪਸ਼ਨਾਂ ਲਿਖੀਆਂ ਮਿਲ ਰਹੀਆਂ ਹਨ ਜਦੋਂਕਿ ਡੀਸੀ ਦਫ਼ਤਰ ਵਿੱਚ ਆਮ ਤੌਰ ’ਤੇ ਜ਼ਿਲ੍ਹੇ ਦੇ ਸ਼ਹਿਰੀ ਖੇਤਰ ਦੇ ਨਾਲ ਨਾਲ ਪਿੰਡਾਂ ਦੇ ਵਿਅਕਤੀ ਮਿਲਣ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ ਕਈਆਂ ਨੂੰ ਅੰਗਰੇਜ਼ੀ ਵਿੱਚ ਪੜ੍ਹਨਾ ਨਹੀਂ ਆਉਂਦਾ ਇਸ ਕਰ ਕੇ ਉਹ ਇਨ੍ਹਾਂ ਵਿਸ਼ੇਸ਼ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਵਿਰਵੇ ਰਹਿ ਜਾਂਦੇ ਹਨ।
ਇਸ ਬਾਰੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਮਾਤਾ ਭਾਸ਼ਾ ਐਕਟ-2008 ਅਨੁਸਾਰ ਪੰਜਾਬ ਵਿੱਚ ਹਰ ਤਰ੍ਹਾਂ ਦਾ ਕੰਮ ਪੰਜਾਬੀ ’ਚ ਕਰਨ ਦੀਆਂ ਹਦਾਇਤਾਂ ਹਨ। ਜੇ ਕੋਈ ਅਧਿਕਾਰੀ ਅਜਿਹਾ ਨਹੀਂ ਕਰ ਰਿਹਾ ਤਾਂ ਉਸ ’ਤੇ ਐਕਟ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।
ਖ਼ਾਮੀ ਦੂਰ ਕੀਤੀ ਜਾਵੇਗੀ: ਏਡੀਸੀ
ਏਡੀਸੀ ਈਸ਼ਾ ਸਿੰਗਲ ਨੇ ਕਿਹਾ ਕਿ ਸਾਡੀ ਅਜਿਹੀ ਕੋਈ ਮਨਸਾ ਨਹੀਂ ਹੈ ਕਿ ਮਾਤ ਭਾਸ਼ਾ ਦਾ ਕੋਈ ਨਿਰਾਦਰ ਕੀਤਾ ਜਾਵੇ ਪਰ ਜੇ ਅਜਿਹਾ ਹੋਇਆ ਹੈ ਤਾਂ ਇਸ ਨੂੰ ਠੀਕ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਇਸ ਬਾਰੇ ਜਾਂਚ ਕਰਵਾ ਕੇ ਖ਼ਾਮੀ ਦੂਰ ਕੀਤੀ ਜਾਵੇਗੀ।