ਨੰਬਰਦਾਰਾਂ ਵੱਲੋਂ ਮੰਗਾਂ ਸਬੰਧੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 10 ਜੂਨ
ਪੰਜਾਬ ਨੰਬਰਦਾਰਾ ਐਸੋਸ਼ੀਏਸ਼ਨ (ਗਾਲਿਬ) ਦੇ ਮੈਂਬਰਾਂ ਦੀ ਇੱਕਤਰਤਾ ਅੱਜ ਇਥੋਂ ਦੇ ਤਹਿਸੀਲ ਕੰਪਲੈਕਸ ਵਿੱਚ ਸ਼ੇਰ ਸਿੰਘ ਫੈਜਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨੰਬਰਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਈ-ਪੰਜਾਬ ਸੇਵਾ ਤਹਿਤ ਮਾਲ ਦੇ ਕੰਮਕਾਰਾਂ ਨੂੰ ਨੇਪਰੇ ਚਾੜ੍ਹਨ ਲਈ ਆਈਡੀ ਬਣਾਈ ਗਈ ਹੈ ਜਿਸ ਨੂੰ ਚਲਾਉਣ ਲਈ ਨੰਬਰਦਾਰਾਂ ਨੂੰ ਆਈਫੋਨ ਦੀ ਜ਼ਰੂਰਤ ਹੈ ਜਿਸ ਨੂੰ ਚਲਾਉਣ ਲਈ ਇੰਟਰਨੈੱਟ ਪੈਕ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨੰਬਰਦਾਰ ਬਜ਼ੁਰਗ ਅਵਸਥਾ ਵਿਚ ਹਨ ਜਿਨ੍ਹਾਂ ਨੂੰ ਸਮਾਰਟ ਫੋਨ ਵੀ ਚਲਾਉਣਾ ਨਹੀਂ ਆਉਂਦਾ ਜਿਸ ਕਾਰਨ ਨੰਬਰਦਾਰਾਂ ਨੂੰ ਸਰਕਾਰ ਦੇ ਕੰਮ ਵਿਚ ਬਹੁਤ ਸਮੱਸਿਆਵਾਂ ਆ ਰਹੀਆਂ ਹਨ ਇਸ ਲਈ ਨੰਬਰਦਾਰਾਂ ਨੂੰ ਸਿਰਫ਼ ਹੱਥ ਲਿਖਤ ਕੰਮ ਹੀ ਦਿੱਤਾ ਜਾਵੇ। ਐਸੋਸ਼ੀਏਸ਼ਨ ਨੇ ਮੰਗ ਕੀਤੀ ਕਿ ਨੰਬਰਦਾਰਾਂ ਨੂੰ ਤਹਿਸੀਲ ਕੰਪਲੈਕਸ ਵਿਚ ਬੈਠਣ ਲਈ ਪੱਕਾ ਦਫ਼ਤਰ ਬਣਾ ਕੇ ਦਿੱਤਾ ਜਾਵੇ, ਨੰਬਰਦਾਰੀ ਜੱਦੀਂ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ ਵਧਾਇਆ ਜਾਵੇ, ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਵੇ ਅਤੇ ਮੈਡੀਕਲ ਭੱਤਾ ਦਿੱਤਾ ਜਾਵੇ ਆਦਿ। ਇਸ ਮੌਕੇ ਗੁਰਮੀਤ ਸਿੰਘ ਭੱਟੀ, ਮੁਖਤਿਆਰ ਸਿੰਘ, ਗੁਰਨਾਮ ਚੰਦ, ਹਰਸੇਵਕ ਸਿੰਘ, ਚਰਨ ਸਿੰਘ, ਪਾਲ ਸਿੰਘ, ਪ੍ਰੇਮ ਸਿੰਘ, ਹਰਮਿੰਦਰ ਸਿੰਘ, ਨਰੇਸ਼ ਕਾਲੀਆ, ਸਵਰਨ ਸਿੰਘ, ਰਣਜੀਤ ਸਿੰਘ, ਜਗਦੇਵ ਸਿੰਘ, ਰਾਜਪਾਲ ਸਿੰਘ, ਸਾਧੂ ਸਿੰਘ, ਪਿਆਰਾ ਸਿੰਘ ਤੇ ਹੋਰ ਹਾਜ਼ਰ ਸਨ।