ਨੰਗਲ ਦੇ ਕਾਂਗਰਸੀ ਕੌਸਲਰ ਪੰਜਾਬ ਸਰਕਾਰ ਤੋਂ ਖਫ਼ਾ
ਬਲਵਿੰਦਰ ਰੈਤ
ਨੰਗਲ, 10 ਜੂਨ
ਨਗਰ ਕੌਂਸਲ ਨੰਗਲ ਦੀ ਮੀਟਿੰਗ ਪ੍ਰਧਾਨ ਸੰਜੈ ਸਾਹਨੀ ਦੀ ਪ੍ਰਧਾਨਗੀ ਹੇਠ ਨਯਾ ਨੰਗਲ ਕੌਂਸਲ ਦੇ ਦਫ਼ਤਰ ਵਿੱਚ ਹੋਈ, ਜਿਸ ਵਿੱਚ ਕਾਂਗਰਸੀ ਕੌਂਸਲਰਾਂ ਨੇੇ ਪੰਜਾਬ ਸਰਕਾਰ ਖ਼ਿਲਾਫ਼ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਉਣ ਦਾ ਕਥਿਤ ਦੋਸ਼ ਲਗਾਉਂਦਿਆਂ ਕਾਲੇ ਬਿੱਲੇ ਲਗਾ ਕੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਮੀਟਿੰਗ ਵਿੱਚ 10 ਮਤੇ ਰੱਖੇ ਗਏ, ਜਿਨ੍ਹਾਂ ’ਚੋਂ ਸੱਤ ਮਤੇ ਸਰਬਸੰਮਤੀ ਨਾਲ ਪਾਸ ਹੋੋ ਗਏ, ਜਦਕਿ 3 ਪੈਂਡਿੰਗ ਰੱਖੇ ਗਏ ਹਨ। ਉਨ੍ਹਾਂ ਦੋਸ਼ ਲਗਾਉਂਦਿਆ ਕਿਹਾ ਕਿ ਸੂਬਾ ਸਰਕਾਰ ਆਪਣੇ ਸਿਆਸੀ ਹਿੱਤਾ ਦੀ ਪੂਰਤੀ ਲਈ ਪਾਸ ਹੋਏ ਕੰਮਾਂ ਨੂੰ ਨਾ ਕਰਵਾ ਕੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਸ ਦੇ ਰੋਸ ਵੱਜੋ ਕੌਂਸਲਰਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਦੀ ਵਿਕਾਸ ਵਿਰੋਧੀ ਸੋਚ ਦਾ ਵਿਰੋਧ ਕੀਤਾ ਗਿਆ। ਕਾਂਗਰਸੀ ਕੌਂਸਲਰ ਰੂਪਾ ਰਾਣੀ ਭਾਜਪਾ ਕੌਂਸਲਰ ਰਾਜ਼ੇਸ ਚੌਧਰੀ ਤੇ ਰਣਜੀਤ ਲੱਕੀ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹੇ।
ਮੀਟਿੰਗ ਦੀ ਟੇਬਲ ਆਈਟਮ ਲਿਆ ਕੇ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਨੰਗਲ ਦੇ ਨਾਲ ਲੱਗਦੀਆਂ ਹਿਮਾਚਲ ਦੀ ਸਰਹੱਦਾਂ ਤੋਂ ਨੰਗਲ ਸ਼ਹਿਰ ਵਿੱਚ ਦਾਖਲ ਹੋਣ ’ਤੇ ਟੌਲ ਟੈਕਸ ਵਸੂਲਣ ਲਈ ਟੌਲ ਬੈਰੀਅਰ ਲਗਾਏ ਜਾਣ। ਕੌਂਸਲਰ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਹਿਮਾਚਲ ਦੀ ਤਰਜ਼ ’ਤੇ ਨੰਗਲ ਦੀ ਸੀਮਾ ਵਿੱਚ ਦਾਖ਼ਲ ਹੋਣ ਵਾਲੇ ਚਾਰ ਪਹੀਆਂ ਵਾਹਨਾਂ ਦੇ ਬਰਾਬਰ ਟੈਕਸ ਲਗਾਉਣ ਲਈ ਮਤਾ ਪਾਸ ਕੀਤਾ ਗਿਆ।