ਨੌਜਵਾਨ ਨੇ ਭਾਜਪਾ ਵਿਧਾਇਕ ਦੇ ਥੱਪੜ ਮਾਰਿਆ

ਨਿਜੀ ਪੱਤਰ ਪ੍ਰੇਰਕ
ਅੰਬਾਲਾ, 12 ਅਗਸਤ
ਮੁਲਾਣਾ ਹਲਕੇ ਦੇ ਪਿੰਡ ਸਰਦੇਹੜੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਨੌਜਵਾਨ ਨੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਆਈ ਹਲਕੇ ਦੀ ਵਿਧਾਇਕ ਸੰਤੋਸ਼ ਚੌਹਾਨ ਸਾਰਵਾਨ ਨੂੰ ਮੰਚ ’ਤੇ ਜਾ ਕੇ ਥੱਪੜ ਮਾਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਉਸ ਦਾ ਫੜ ਕੇ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ। ਨੌਜਵਾਨ ਦੀ ਪਹਿਚਾਣ ਤਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਸਰਦੇਹੜੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸ੍ਰੀਮਤੀ ਸਾਰਵਾਨ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਅਤੇ ਲੋਕਾਂ ਨੂੰ 19 ਅਗਸਤ ਦੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਪਿੰਡ ਪਹੁੰਚੀ ਸੀ। ਜਦੋਂ ਉਹ ਪਿੰਡ ਵਾਲਿਆਂ ਨੂੰ ਸੰਬੋਧਨ ਕਰ ਰਹੀ ਸੀ ਤਾਂ ਨੌਜਵਾਨ ਮੰਚ ’ਤੇ ਚੜ੍ਹ ਗਿਆ। ਭਾਜਪਾ ਵਰਕਰਾਂ ਨੇ ਸੋਚਿਆ ਕਿ ਉਹ ਵਿਧਾਇਕ ਨੂੰ ਮਿਲਣ ਲਈ ਆਇਆ ਹੈ ਪਰੰਤੂ ਉਸ ਨੇ ਸਾਰਵਾਨ ਨੂੰ ਥੱਪੜ ਮਾਰ ਕੇ ਧੱਕਾ ਦੇ ਦਿੱਤਾ। ਉਸ ਦੀ ਹਰਕਤ ਦੇਖਦੇ ਸਾਰ ਹੀ ਵਿਧਾਇਕ ਦੇ ਸੁਰੱਖਿਆ ਮੁਲਾਜ਼ਮ ਉਸ ਵੱਲ ਵਧੇ ਪਰ ਇਸ ਤੋਂ ਪਹਿਲਾਂ ਲੋਕਾਂ ਨੇ ਫੜ ਕੇ ਉਸ ਨੂੰ ਕੁਟਾਪਾ ਚਾੜ੍ਹ ਦਿੱਤਾ। ਪੁਲੀਸ ਉਸ ਨੂੰ ਫੜ ਕੇ ਮੁਲਾਣਾ ਥਾਣੇ ਵਿਚ ਲੈ ਗਈ। ਪੁਲੀਸ ਮੁਤਾਬਕ ਨੌਜਵਾਨ ਦੀ ਦਿਮਾਗੀ ਤੌਰ ’ਤੇ ਹਾਲਤ ਠੀਕ ਨਹੀਂ ਹੈ। ਇਸ ਮਾਮਲੇ ਵਿਚ ਪੁਲੀਸ ਕੋਲ ਅਜੇ ਤੱਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।