ਨੌਜਵਾਨ ਦੀ ਮੌਤ ਦਾ ਮਾਮਲਾ: ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਆਵਾਜਾਈ ਠੱਪ

ਚੀਮਾ ਦੇ ਬੱਸ ਅੱਡੇ ’ਤੇ ਧਰਨਾ ਲਗਾ ਕੇ ਬੈਠੇ ਪੀੜਤ ਪਰਿਵਾਰ ਅਤੇ ਪਿੰਡ ਵਾਸੀ।

ਲਖਵੀਰ ਸਿੰਘ ਚੀਮਾ
ਟੱਲੇਵਾਲ, 20 ਸਤੰਬਰ
ਸੜਕ ਹਾਦਸੇ ‘ਚ ਵੀਰਵਾਰ ਨੂੰ ਪਿੰਡ ਚੀਮਾ ਦੇ ਨੌਜਵਾਨ ਦੀ ਮੌਤ ਹੋ ਗਈ ਸੀ, ਪਰ ਪੁਲੀਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ‘ਚ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਦੇ ਬੱਸ ਅੱਡੇ ‘ਤੇ ਮੋਗਾ-ਬਰਨਾਲਾ ਮੁੱਖ ਮਾਰਗ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ, ਸੰਦੀਪ ਸਿੰਘ ਚੀਮਾ, ਜਗਤਾਰ ਸਿੰਘ ਥਿੰਦ ਅਤੇ ਮੁਲਾਜ਼ਮ ਆਗੂ ਦਰਸ਼ਨ ਚੀਮਾ ਨੇ ਕਿਹਾ ਕਿ ਬੀਤੇ ਕੱਲ੍ਹ ਚੀਮਾ ਦੇ ਮਜ਼ਦੂਰ ਸੁਖਚੈਨ ਸਿੰਘ ਦੇ ਪੁੱਤ ਸਤਨਾਮ ਸਿੰਘ ‘ਚ ਨਾਈਵਾਲਾ-ਬਰਨਾਲਾ ਸੜਕ ‘ਤੇ ਭੱਠੇ ਦੇ ਟਰੈਕਟਰ ਨੇ ਟੱਕਰ ਮਾਰ ਦਿੱਤੀ ਸੀ ਜਿਸ ਦੌਰਾਨ ਸਤਨਾਮ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਉਨ੍ਹਾਂ ਵੱਲੋਂ ਸੰਘਰਸ਼ ਕਰਨ ਤੋਂ ਬਾਅਦ ਪੁਲੀਸ ਨੇ ਦੋਸ਼ੀ ਭੱਠਾ ਮਾਲਕ, ਮੁਨਸ਼ੀ ਅਤੇ ਟਰੈਕਟਰ ਦੇ ਡਰਾਈਵਰ ‘ਤੇ ਪਰਚਾ ਦਰਜ ਕੀਤਾ ਸੀ ਪਰ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ‘ਚ ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਵੀ ਨਹੀਂ ਕਰਵਾਇਆ ਗਿਆ। ਪਹਿਲਾਂ ਬਰਨਾਲਾ ਦਾ ਗੱਡਾਖ਼ਾਨਾ ਚੌਕ ਜਾਮ ਕੀਤਾ ਗਿਆ ਅਤੇ ਬਾਅਦ ‘ਚ ਸੁਣਵਾਈ ਨਾ ਹੋਣ ‘ਤੇ ਮੁੱਖ ਮਾਰਗ ਜਾਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਿੰਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਹ ਨਾ ਤਾਂ ਧਰਨਾ ਚੁੱਕਣਗੇ ਅਤੇ ਨਾ ਹੀ ਮ੍ਰਿਤਕ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਦਰ ਪੁਲੀਸ ਨੇ ਇਸ ਮਾਮਲੇ ‘ਚ ਭੱਠਾ ਮਾਲਕ ਪ੍ਰਦੀਪ ਕੁਮਾਰ, ਮੁਨਸ਼ੀ ਮਨਦੀਪ ਸਿੰਘ ਤੇ ਟਰੈਕਟਰ ਚਾਲਕ ਰਣਜੀਤ ਸਿੰਘ ਖਿਲਾਫ਼ ਮ੍ਰਿਤਕ ਦੇ ਚਾਚੇ ਦੇ ਬੇਟੇ ਰਿੰਪੀ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਅਤੇ ਪਿੰਡ ਵਾਸੀ ਸੰਘਰਸ਼ ਕਰ ਰਹੇ ਹਨ। ਇਸ ਸਬੰਧੀ ਐੱਸਐੱਚਓ ਬਲਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਵਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

Tags :