ਨੌਜਵਾਨ ’ਤੇ ਅਣਪਛਾਤਿਆਂ ਵੱਲੋਂ ਕਾਤਲਾਨਾ ਹਮਲਾ; ਹਾਲਤ ਗੰਭੀਰ
ਖੇਤਰੀ ਪ੍ਰ੍ਤੀਨਿਧ
ਪਟਿਆਲਾ, 14 ਅਪਰੈਲ
ਨਗਰ ਨਿਗਮ ਪਟਿਆਲਾ ਦੇ ਸਟੋਰ ਵਿੱਚ ਲੱਖਾਂ ਰੁਪਏ ਦੀ ਸਕਰੈਪ ਚੋਰੀ ਕਰਨ ਦੇ ਦੋਸ਼ਾਂ ਤਹਿਤ ਸ਼ਿਕਾਇਤ ਕਰਨ ਵਾਲੇ ਨਿਗ ਦੀ ਟੈਕਨੀਕਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬੱਬੂ ਕੁਮਾਰ ਦੇ ਬੇਟੇ 23 ਸਾਲਾ ਆਸ਼ੀਸ਼ ਕੁਮਾਰ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚਾਕੂਆਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਗਰੋਂ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਅਸ਼ੀਸ਼ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਇਸ ਹਮਲੇ ਦੌਰਾਨ ਚਾਕੂ ਉਸ ਦੇ ਦਿਲ ਨੂੰ ਛੂਹ ਗਿਆ। ਬੱਬੂ ਅਨੁਸਾਰ ਆਪਣੀ ਬਿਮਾਰ ਮਾਂ ਦਾ ਹਾਲ-ਚਾਲ ਜਾਨਣ ਲਈ ਅਸ਼ੀਸ਼ ਕੱਲ੍ਹ ਰਾਤ ਹੀ ਅੰਬਾਲਾ ਤੋਂ ਆਇਆ ਸੀ ਪਰ ਰਾਤੀਂ ਇੱਕ ਵਜੇ ਜਦੋਂ ਉਹ ਇਥੇ ਰਾਜਪੁਰਾ ਰੋਡ ’ਤੇ ਸਥਿਤ ਪੀਆਰਟੀਸੀ ਵਰਕਸ਼ਾਪ ਕੋਲ ਪੁੱਜਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਲਾਕੇ ਦੇ ਡੀਐੱਸਪੀ ਸਤਿਨਾਮ ਸਿੰਘ ਸੰਘਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਬੂ ਨੇ ਦੱਸਿਆ ਕਿ ਉਸ ਵੱਲੋਂ ਸਟੋਰ ਵਿਚੋਂ ਚੋਰੀ ਹੋਣ ਦੀ ਦਿੱਤੀ ਸ਼ਿਕਾਇਤ ਵਾਪਸ ਲੈਣ ਲਈ ਉਸ ’ਤੇ ਕਾਫ਼ੀ ਦਬਾਅ ਪਾਇਆ ਜਾ ਰਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਬੱਬੂ ਆਪਣੇ ਪੁੱਤਰ ’ਤੇ ਹੋਏ ਇਸ ਹਮਲੇ ਦੀ ਕਾਰਵਾਈ ਨੂੰ ਉਸ ਨੂੰ ਡਰਾਉਣ ਦੀ ਕਾਰਵਾਈ ਸਮਝਦਾ ਹੈ। ਘਟਨਾ ਨਾਲ ਸਬੰਧਤ ਇਲਾਕੇ ਵਾਲੇ ਥਾਣਾ ਲਾਹੌਰੀ ਗੇਟ ਦੇ ਥਾਣੇਦਾਰ ਹਰਪਾਲ ਸਿੰਘ ਨੇ ਕਿਹਾ ਕਿ ਅਸ਼ੀਸ਼ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ।