ਬੀਰ ਇੰਦਰ ਸਿੰਘ ਬਨਭੌਰੀਸੁਨਾਮ ਊਧਮ ਸਿੰਘ ਵਾਲਾ, 10 ਜੂਨਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਬਲਾਕ ਸੁਨਾਮ ਨੇ ਇੱਥੋਂ ਦੀ ਇੱਕ ਔਰਤ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ਉੱਤੇ ਮਾਰੀ ਠੱਗੀ ਸਬੰਧੀ ਮੀਟਿੰਗ ਕੀਤੀ। ਬਹਾਦਰ ਸਿੰਘ ਭੁਟਾਲ ਦੀ ਅਗਵਾਈ ਹੇਠ ਇਕੱਤਰ ਠੱਗੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਇਸ ਮੌਕੇ ਸਰਕਾਰ ਪਾਸੋਂ ਉਨ੍ਹਾਂ ਨਾਲ ਠੱਗੀ ਮਾਰਨ ਵਾਲੀ ਔਰਤ ਖ਼ਿਲਾਫ਼ ਕਾਰਵਾਈ ਦੀ ਮੰਗ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦਿੱਤੇ ਪੈਸੇ ਵਾਪਸ ਕਰਵਾਉਣ ਦੀ ਮੰਗ ਕੀਤੀ।ਮੀਟਿੰਗ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸੁਨਾਮ ਦੀ ਰਹਿਣ ਵਾਲੀ ਇਸ ਔਰਤ ਵੱਲੋਂ ਇਲਾਕੇ ਦੇ ਵੱਡੀ ਗਿਣਤੀ ਨੌਜਵਾਨਾਂ ਨਾਲ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਮਾਰੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਨੌਜਵਾਨਾਂ ਵੱਲੋਂ ਨੌਕਰੀ ਨਾ ਮਿਲਣ ਉੱਤੇ ਆਪਣੇ ਦਿੱਤੇ ਪੈਸੇ ਵਾਪਸ ਮੰਗੇ ਗਏ ਤਾਂ ਉਸ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਦਾ ਡਰਾਵਾ ਦਿੱਤਾ ਗਿਆ। ਜਥੇਬੰਦੀ ਨੇ 16 ਜੂਨ ਨੂੰ ਸੁਨਾਮ ’ਚ ਉਕਤ ਔਰਤ ਖ਼ਿਲਾਫ਼ ਰੋਸ ਪ੍ਰਗਟਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜੇਕਰ ਸਮਾਂ ਰਹਿੰਦਿਆਂ ਠੱਗੀ ਦਾ ਸ਼ਿਕਾਰ ਨੌਜਵਾਨਾਂ ਦੇ ਪੈਸੇ ਵਾਪਸ ਨਾ ਕਰਵਾਏ ਗਏ ਤਾਂ ਸੰਘਰਸ਼ ਨੂੰ ਹੋਰ ਤਕੜਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਪ੍ਰੀਤਮ ਸਿੰਘ ਲੇਹਲ ਕਲਾਂ, ਭੋਲਾ ਸਿੰਘ ਲੇਹਲ ਕਲਾਂ, ਜਗਦੀਪ ਸਿੰਘ, ਮਿੱਠੂ ਸਿੰਘ ਗੁਰਜੰਟ ਸਿੰਘ, ਗੁਰਪ੍ਰੀਤ ਸੰਗਤਪੁਰਾ, ਭੁਪਿੰਦਰ ਪਾਲ ਸ਼ਰਮਾ ਬਿੰਦਰ ਖੋਖਰ, ਰਾਮ ਚੰਦ ਸਿੰਘ ਚੋਟੀਆਂ ਤੇ ਦਰਸ਼ਨ ਸਿੰਘ ਹਾਜ਼ਰ ਸਨ।