ਨੈਸ਼ਨਲ ਪਬਲਿਕ ਸਕੂਲ ਵਿੱਚ ‘ਇੱਕ ਰੁੱਖ ਮਾਂ ਦੇ ਨਾਂ’ ਮੁਹਿੰਮ ਸ਼ੁਰੂ
ਮਿਹਰ ਸਿੰਘ
ਕੁਰਾਲੀ, 6 ਜੁਲਾਈ
ਸਥਾਨਕ ਮੋਰਿੰਡਾ ਰੋਡ ’ਤੇ ਸਥਿੱਤ ਨੈਸ਼ਨਲ ਪਬਲਿਕ ਸਕੂਲ ਵਿੱਚ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿੱਚ ‘ਇੱਕ ਰੁੱਖ ਮਾਂ ਕੇ ਨਾਂ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਹਰ ਵਿਦਿਆਰਥੀਆਂ ਨੂੰ ਆਪਣੀ ਮਾਂ ਦੇ ਨਾਂ ’ਤੇ ਇੱਕ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।
ਪ੍ਰਿੰਸੀਪਲ ਮਧੂ ਕਾਲੀਆ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ, ਖਜ਼ਾਨਚੀ ਈਸ਼ਾ ਅਗਰਵਾਲ ਤੋਂ ਇਲਾਵਾ ਕਾਂਗਰਸ ਦੇ ਹਲਕਾ ਖਰੜ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਅਤੇ ਵਿਕਾਸ ਗੁਪਤਾ ਮਹਿਮਾਨਾਂ ਵਜੋਂ ਹਾਜ਼ਰੀ ਲਵਾਈ। ਇਸ ਮੌਕੇ ਸਕੂਲ ਦੇ ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਾਲੰਟੀਅਰਾਂ ਅਤੇ ਸਕਾਊਟ ਐਂਡ ਗਾਈਡਜ਼ ਦੇ ਵਿਦਿਆਰਥੀਆਂ ਨੇ ਰੁੱਖਾਂ ਦੀ ਦੇਖਭਾਲ ਕਰਨ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਦਾ ਪ੍ਰਣ ਲਿਆ। ਇਸ ਦੌਰਾਨ ਪ੍ਰਿੰਸੀਪਲ ਮਧੂ ਕਾਲੀਆ ਅਤੇ ਹੋਰਨਾਂ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕਰਦਿਆਂ ਕਿਹਾ ਕਿ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਵਾਤਾਵਰਨ ਵਿੱਚ ਦਿਨੋਂ ਦਿਨ ਬਿਗਾੜ ਆਉਂਦਾ ਜਾ ਰਿਹਾ ਹੈ, ਜੋ ਕਿ ਮਨੁੱਖਾਂ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ। ਇਸੇ ਮੌਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਆਪਣੀ ਮਾਂ ਦੇ ਨਾਂ ‘ਤੇ ਰੁੱਖ ਲਗਾਉਣ ਅਤੇ ਰੁੱਖਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਵਿਜੈ ਸ਼ਰਮਾ ਟਿੰਕੂ ਨੇ ਸਮਾਜ ਦੇ ਹਰ ਵਰਗ ਤੇ ਮਨੁੱਖ ਨੂੰ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।