ਧਾਰੀਵਾਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿੱਚ ਨੁੱਕੜ ਨਾਟਕ ‘ਵਹਿੰਗੀ’ ਖੇਡਿਆ ਗਿਆ। ਇਸ ਨਾਟਕ ਦੁਆਰਾ ਵਿਦਿਆਰਥੀ ਵਰਗ ਨੂੰ ਸਿੱਖਿਆ ਦੇ ਸਹੀ ਅਰਥਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਵਿਦਿਆਰਥੀ-ਅਧਿਆਪਕ ਰਿਸ਼ਤੇ ਦੀ ਪਵਿੱਤਰਤਾ ਤੋਂ ਜਾਣੂ ਕਰਵਾਇਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉੱਚ ਸਿੱਖਿਆ ਪ੍ਰਾਪਤ ਰੈੱਡ ਆਰਟ ਥੀਏਟਰ ਗਰੁੱਪ ਦੇ ਨੁਮਾਇੰਦੇ ਮਲਕੀਤ ਮਹਿਰਾ ਅਤੇ ਹਰਿੰਦਰ ਸਿੰਘ ਨੇ ਆਪਣੇ ਨਾਟਕ ‘ਵਹਿੰਗੀ’ ਦੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੂੰ ਪੜ੍ਹ-ਲਿਖ ਕੇ ਜ਼ਿੰਦਗੀ ਵਿੱਚ ਕੁੱਝ ਬਣਨ ਅਤੇ ਆਪਣੇ ਅਧਿਆਪਕ ਸਾਹਿਬਾਨ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਰੈੱਡ ਆਰਟ ਥੀਏਟਰ ਗਰੁੱਪ ਦੇ ਨੁਮਾਇੰਦਿਆਂ ਦੀ ਅਗਾਂਹਵਧੂ ਸੋਚ ਅਤੇ ਕਲਾ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ