ਨਿੱਜੀ ਹਸਪਤਾਲ ਨੂੰ 10 ਲੱਖ ਰੁਪਏ ਹਰਜਾਨਾ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 20 ਸਤੰਬਰ
ਜ਼ਿਲ੍ਹਾ ਖਪਤਕਾਰ ਤੇ ਝਗੜਾ ਨਿਵਾਰਨ ਫੋਰਮ ਨੇ ਆਪਣੇ ਫੈਸਲੇ ਰਾਹੀਂ ਇਲਾਜ ‘ਚ ਅਣਗਹਿਲੀ ਵਰਤਣ ਦੇ ਦੋਸ਼ ‘ਚ 10 ਲੱਖ ਰੁਪਏ ਹਰਜਾਨਾ ਤੇ ਹੋਰ ਖਰਚੇ ਅਦਾ ਕਰਨ ਦਾ ਹੁਕਮ ਦਿੱਤਾ।
ਸ਼ਿਕਾਇਤਕਰਤਾ ਦੇ ਵਕੀਲ ਐੱਮਐੱਸ ਬਰਾੜ ਤੋਂ ਹਾਸਲ ਜਾਣਕਾਰੀ ਅਨੁਸਾਰ ਪਿੰਡ ਚੜ੍ਹੇਵਾਨ ਦੇ ਰਹਿਣ ਵਾਲੇ ਦਲੇਰ ਸਿੰਘ ਦੀ ਪਤਨੀ ਜਸਪਿੰਦਰ ਕੌਰ (37) ਦੇ ਪੇਟ ਵਿੱਚ ਦਰਦ ਹੋਇਆ ਤਾਂ ਉਸ ਨੇ ਮੁਕਤਸਰ ਦੇ ਭੰਡਾਰੀ ਡਾਈਗਨੋਸਟਿਕ ਸੈਂਟਰ ਤੋਂ ਅਲਟਰਾਸਾਊਂਡ ਕਰਵਾ ਕੇ ਜਦੋਂ ਮੁਕਤਸਰ ਦੇ ਆਨੰਦ ਹਸਪਤਾਲ ਦੇ ਡਾਕਟਰ ਐੱਸਕੇ ਅਰੋੜਾ ਨੂੰ ਵਿਖਾਇਆ ਤਾਂ ਡਾਕਟਰ ਨੇ ਦੱਸਿਆ ਕਿ ਜਸਪਿੰਦਰ ਕੌਰ ਦੇ ਪੇਟ ਵਿੱਚ ਪੱਥਰੀ ਹੈ ਜਿਸ ਦਾ ਅਪਰੇਸ਼ਨ ਕਰਨਾ ਪਵੇਗਾ। ਡਾ. ਅਰੋੜਾ ਨੇ ਪੀੜਤ ਧਿਰ ਕੋਲੋਂ 10 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਅਪਰੇਸ਼ਨ ਕਰ ਦਿੱਤਾ ਪਰ ਅਗਲੇ ਹੀ ਦਿਨ ਮਰੀਜ਼ ਦੀ ਗੰਭੀਰ ਹਾਲਤ ਬਾਰੇ ਜਾਣਕਾਰੀ ਦਿੱਤੇ ਬਿਨਾਂ ਉਸ ਨੂੰ ਡੀਐੱਮਸੀ ਲੁਧਿਆਣਾ ਭੇਜ ਦਿੱਤਾ ਜਿਥੇ ਜਾ ਕੇ ਮਰੀਜ਼ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਆਪ੍ਰੇਸ਼ਨ ‘ਚ ਵਰਤੀ ਅਣਗਹਿਲੀ ਕਾਰਨ ਉਸ ਦੇ ਸਰੀਰ ਵਿੱਚ ਇਨਫੈਕਸ਼ਨ ਫੈਲ ਗਈ ਹੈ। ਡੀਐੱਮਸੀ ਵਿੱਚ ਜਸਪਿੰਦਰ ਕੌਰ ਦਾ ਹਫਤਾ ਭਰ ਇਲਾਜ ਚੱਲਦਾ ਰਿਹਾ ਪਰ ਅਖੀਰ ਉਸ ਦੀ ਮੌਤ ਹੋ ਗਈ ਤੇ ਆਪਣੇ ਪਿੱਛੇ ਦੋ ਬੱਚੇ ਛੱਡ ਗਈ। ਮਰੀਜ਼ ਦੇ ਵਾਰਸਾਂ ਦਾ ਉਸ ਦੇ ਇਲਾਜ ‘ਤੇ ਢਾਈ ਲੱਖ ਰੁਪਏ ਖਰਚਾ ਆਇਆ। ਇਸ ’ਤੇ ਮਰੀਜ਼ ਦੇ ਵਾਰਸਾਂ ਨੇ ਵਕੀਲ ਐੱਮਐੱਸ ਬਰਾੜ ਰਾਹੀਂ ਜ਼ਿਲ੍ਹਾ ਖਪਤਕਾਰ ਤੇ ਝਗੜਾ ਨਿਵਾਰਨ ਫੋਰਮ ਰਾਹੀਂ ਸ਼ਿਕਾਇਤ ਦਾਖਲ ਕਰ ਦਿੱਤੀ ਤੇ ਮਰੀਜ਼ ਉਪਰ ਹੋਇਆ ਖਰਚਾ ਤੇ ਮੁਆਵਜ਼ੇ ਦੀ ਮੰਗ ਕੀਤੀ। ਫੋਰਮ ਦੇ ਮੈਂਬਰ ਮਨਦੀਪ ਕੌਰ ਤੇ ਮੈਂਬਰ ਸੁਖਵਿੰਦਰ ਕੌਰ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫੈਸਲਾ ਕਰਦਿਆਂ ਕਿਹਾ ਕਿ ਭਾਵੇਂ ਜਾਨੀ ਨੁਕਸਾਨ ਦੀ ਕਿਸੇ ਹਾਲਤ ‘ਚ ਵੀ ਭਰਪਾਈ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਮ੍ਰਿਤਕਾ ਜਸਪਿੰਦਰ ਕੌਰ ਦੇ ਇਲਾਜ ‘ਚ ਅਣਗਹਿਲੀ ਵਰਤਣ ਦੇ ਇਵਜ਼ ਵਿੱਚ ਦੂਜੀ ਧਿਰ ਨੂੰ 10 ਲੱਖ ਰੁਪਏ ਹਰਜਾਨਾ ਤੇ 10 ਹਜ਼ਾਰ ਰੁਪਏ ਕੇਸ ਖਰਚਾ ਵਜੋਂ ਸ਼ਿਕਾਇਤਕਰਤਾ ਨੂੰ ਦੇਣ ਦਾ ਹੁਕਮ ਕੀਤਾ ਹੈ।