ਨਿੱਜੀ ਕੰਪਨੀ ਕਰ ਰਹੀ ਹੈ ਫ਼ਸਲਾਂ ਦਾ ਡਿਜੀਟਲ ਸਰਵੇਖਣ
ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਪਰੈਲ
ਕਹਿਰ ਦੀ ਗਰਮੀ ਤੇ ਤੇਜ਼ ਧੁੱਪ ਵਿੱਚ ਪਟਵਾਰੀ ਖੇਤਾਂ ’ਚ ਕਿਹੜੀ ਫ਼ਸਲ ਦੀ ਕਿੰਨੀ ਖੇਤੀ ਹੋ ਰਹੀ ਹੈ ਬਾਰੇ ਸਰਵੇਖਣ ਕਰ ਰਹੇ ਹਨ। ਇਸ ਸਰਵੇਖਣ ਨੂੰ ‘ਡਿਜੀਟਲ ਕਰਾਪ ਸਰਵੇ’ ਦਾ ਨਾਂ ਦਿੱਤਾ ਗਿਆ ਹੈ। ਇਸ ਸਰਵੇਖਣ ਦੌਰਾਨ ਖੇਵਟ ਮੁਤਾਬਕ ਡਾਟਾ ਆਨਲਾਈਨ ਕੀਤਾ ਜਾ ਰਿਹਾ ਹੈ। ਇਹ ਸਰਵੇਖਣ ਮੁਕੰਮਲ ਹੋਣ ’ਤੇ ਪਤਾ ਲੱਗ ਜਾਵੇਗਾ ਕਿ ਜ਼ਿਲ੍ਹਾ ਮੋਗਾ ’ਚ ਕਿਹੜੇ ਖੇਤੀ ਕਿੰਨੀ ਹੋ ਰਹੀ ਹੈ? ਦੂਜੇ ਪਾਸੇ ਦਿ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਆਖਿਆ ਕਿ ਇਸ ਸਰਵੇਖਣ ਕਾਰਨ ਲੋਕ ਖੁਆਰ ਰਹੇ ਹਨ ਅਤੇ ਖ਼ਮਿਆਜ਼ਾ ਭੁਗਤ ਰਹੇ ਹਨ।
‘ਡਿਜੀਟਲ ਕਰਾਪ ਸਰਵੇ’ ਤਹਿਤ ਜ਼ਮੀਨ ਦੀ ਖਸਰਾ ਗਿਰਦਾਵਰੀ ਤੇ ਫ਼ਸਲ ਦੀ ਫੋਟੋ ਆਨਲਾਈਨ ਦਰਜ ਕਰਕੇ ਰਿਵਾਇਤੀ ਖਸਰਾ ਗਿਰਦਾਵਰੀ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾ ਰਿਹਾ ਹੈ। ਇਸ ਕਾਰਜ ਲਈ ਪਟਵਾਰੀਆਂ ਨੂੰ ਸਮਾਰਟ ਫੋਨ ਅਧਾਰਤ ਡਿਜੀਟਲ ਕਰਾਪ ਸਰਵੇ ਐੱਪ ਨਾਲ ਲੈਸ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਖੇਤਾਂ ਦਾ ਦੌਰਾ ਕਰਕੇ ਇਸ ਸਰਵੇਖਣ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮਾਲ ਅਫਸਰ ਲਕਸ਼ੈ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਸਮੂਹ ਟੀਮਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸਰਵੇਖਣ ਦੇ ਕੰਮ ਨੂੰ ਵਾਢੀ ਸੀਜਨ ਦੌਰਾਨ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਦੱਸਿਆ ਕਿ ਇਸ ਸਰਵੇਖਣ ਦੌਰਾਨ ਖੇਵਟ ਮੁਤਾਬਕ ਡਾਟਾ ਆਨਲਾਈਨ ਕੀਤਾ ਜਾ ਰਿਹਾ ਹੈ। ਇਹ ਸਰਵੇ ਮੁਕੰਮਲ ਹੋਣ ’ਤੇ ਭਵਿੱਖ ਵਿੱਚ ਗਿਰਦਾਵਰੀ ਦਾ ਕੰਮ ਬਹੁਤ ਸੌਖਾ ਹੋ ਜਾਵੇਗਾ। ਸਾਰੇ ਖੇਤਾਂ ਦੀ ਜੀਓ ਟੈਗਿੰਗ ਹੋਣ ਨਾਲ ਖੇਤਾਂ ਅਤੇ ਖੇਵਟਾਂ ਦਾ ਮੁਕੰਮਲ ਰਿਕਾਰਡ ਕੰਪਿਊਟਰੀਕ੍ਰਿਤ ਹੋ ਜਾਵੇਗਾ। ਇਸ ਨਾਲ ਖੇਤੀ ਸਬੰਧੀ ਨੀਤੀਆਂ ਤਿਆਰ ਕਰਨ ਵਿੱਚ ਵੀ ਬਹੁਤ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਇਹ ਸਰਵੇਖਣ ਸਾਰੇ ਪਟਵਾਰੀਆਂ ਅਤੇ ਨਿੱਜੀ ਕੰਪਨੀਆਂ ਰਾਹੀਂ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 4.22 ਲੱਖ ਖੇਵਟਾਂ ਹਨ, ਜਿਨ੍ਹਾਂ ’ਚੋਂ 84 ਹਜ਼ਾਰ ਖੇਵਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਰਹਿੰਦਾ ਕੰਮ ਵੀ ਵਾਢੀ ਦੌਰਾਨ ਖਤਮ ਕਰਨ ਦਾ ਟੀਚਾ ਹੈ।
ਦੂਜੇ ਪਾਸੇ ਦਿ ਪਟਵਾਰ ਯੂਨੀਅਨ ਨੇ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਕਿਹਾ ਕਿ ਮਾਲ ਪਟਵਾਰੀਆਂ ਦੀ ਇਹ ਮਜਬੂਰੀ ਹੈ ਕਿ ਉਨ੍ਹਾਂ ਨੂੰ ਸਰਕਾਰੀ ਹੁਕਮਾਂ ’ਤੇ ਕੰਪਨੀ ਦੇ ਸਰਵੇਖਣ ਨਾਲ ਖੇਤਾਂ ’ਚ ਮੌਜੂਦਾ ਰਹਿਣਾ ਪੈਣ ਨਾਲ ਲੋਕ ਖੁਆਰ ਹੋ ਰਹੇ ਹਨ ਅਤੇ ਪਟਵਾਰਖਾਨਿਆਂ ਨੂੰ ਤਾਲੇ ਲੱਗ ਗਏ ਹਨ। ਸਾਉਣੀ ਦੀ ਫ਼ਸਲ ਲਈ ਕਿਸਾਨਾਂ ਨੂੰ ਲਿਮਟਾਂ ਤੇ ਹੋਰ ਕੰਮਾਂ ਲਈ ਮਾਲ ਰਿਕਾਰਡ ਕੰਮਾਂ ਲਈ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ 12 ਅਪਰੈਲ ਤੋਂ 14 ਅਪਰੈਲ ਤੱਕ ਸਰਕਾਰੀ ਛੁੱਟੀਆਂ ਹੋਣ ਬਾਵਜੂਦ ਵੀ ਪਟਵਾਰੀ ਧੁੱਪੇ ਗਰਮੀ ’ਚ ਇਹ ਡਿਊਟੀ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮਾਲ ਪਟਵਾਰੀ ਪਟਵਾਰਖਾਨੇ ਛੱਡ ਕੇ ਇਹ ਆਨਲਾਈਨ ਸਰਵੇਖਣ ਕਰ ਰਹੇ ਹਨ ਅਤੇ ਲੋਕ ਕੰਮਾਂ ਲਈ ਗੇੜੇ ਮਾਰ ਰਹੇ ਹਨ ਅਤੇ ਮਾਲ ਪਟਵਾਰੀ ਨਾ ਮਿਲਣ ਕਾਰਨ ਲੋਕਾਂ ਨੂੰ ਨਿਰਾਸ਼ ਮੁੜਨਾ ਪੈ ਰਿਹਾ ਹੈ।