ਨਿਸ਼ਾਨੇਬਾਜ਼ੀ: ਇਲਾਵੇਨਿਲ ਦਾ ਕਾਂਸੇ ਦੇ ਤਗ਼ਮੇ ’ਤੇ ਨਿਸ਼ਾਨਾ
ਮਿਊਨਿਖ: ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ ਵਲਾਰਿਵਾਨ ਨੂੰ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਮੁਕਾਬਲਿਆਂ ਦੇ ਪਹਿਲੇ ਦਿਨ ਮਹਿਲਾ 10 ਮੀਟਰ ਏਅਰ ਰਾਈਫਲ ਫਾਈਨਲ ਵਿੱਚ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। 25 ਸਾਲਾ ਭਾਰਤੀ ਨਿਸ਼ਾਨੇਬਾਜ਼ ਇਲਾਵੇਨਿਲ 231.2 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਚੀਨ ਦੀ 18 ਸਾਲਾ ਵਾਂਗ ਜ਼ੀਫੇਈ ਨੇ 252.7 ਅੰਕਾਂ ਨਾਲ ਸੋਨ ਤਗਮਾ, ਜਦਕਿ ਕੋਰੀਆ ਦੀ ਕਵੋਨ ਯੂਨਜੀ ਨੇ 252.6 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਲਾਵੇਨਿਲ ਨੇ ਫਾਈਨਲ ਦੀ ਸ਼ੁਰੂਆਤ 10.7 ਅੰਕਾਂ ਨਾਲ ਕੀਤੀ ਅਤੇ ਫਿਰ ਆਪਣੀ ਅਗਲੀ ਕੋਸ਼ਿਸ਼ ਵਿੱਚ 10.8 ਅੰਕ ਲਏ। ਦੋ ਵਾਰ ਦੀ ਓਲੰਪੀਅਨ ਏਲਾਵੇਨਿਲ ਪਹਿਲੇ ਪੰਜ ਸ਼ਾਟਾਂ ਤੋਂ ਬਾਅਦ ਕੋਰੀਆ ਦੇ ਓਲੰਪਿਕ ਚੈਂਪੀਅਨ ਯੂਨਜੀ ਤੋਂ 0.3 ਅੰਕ ਪਿੱਛੇ ਸੀ। 12 ਸ਼ਾਟਾਂ ਤੋਂ ਬਾਅਦ 127.2 ਅੰਕਾਂ ਨਾਲ ਇਲਾਵੇਨਿਲ ਸਿਖਰ ’ਤੇ, ਜਦਕਿ ਵਾਂਗ ਦੂਜੇ ਸਥਾਨ ’ਤੇ ਸੀ। ਇਸ ਮਗਰੋਂ ਭਾਰਤੀ ਨਿਸ਼ਾਨੇਬਾਜ਼ 9.8 ਅੰਕਾਂ ਦੇ ਨਿਸ਼ਾਨੇ ਨਾਲ ਤੀਜੇ ਸਥਾਨ ’ਤੇ ਖਿਸਕ ਗਈ ਅਤੇ ਅੰਤ ਵਿੱਚ ਉਸ ਨੂੰ ਕਾਂਸੇ ਦੇ ਤਗਮੇ ਨਾਲ ਸਬਰ ਕਰਨਾ ਪਿਆ। -ਪੀਟੀਆਈ