ਖੇਤਰੀ ਪ੍ਰਤੀਨਿਧਪਟਿਆਲਾ, 6 ਜੂਨਪਟਿਆਲਾ ਦੇ ਆਰਟੀਓ ਬਬਨਦੀਪ ਸਿੰਘ ਵਾਲੀਆ ਤੇ ਏਆਰਟੀਓ ਪਰਦੀਪ ਸਿੰਘ ਨੇ ਐਨਫੋਰਸਮੈਂਟ ਸਟਾਫ ਨੂੰ ਨਾਲ ਲੈ ਕੇ ਇਥੇੇ ਲੰਘੀ ਰਾਤ ਅਤੇ ਅੱਜ ਤੜਕੇ ਇਥੇ ਰਾਜਪਰਾ, ਚੰਡੀਗੜ੍ਹ ਤੇ ਅੰਬਾਲਾ ਰੋਡ ’ਤੇੇ ਗੱਡੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ 29 ਚਲਾਨ ਕਰਦਿਆਂ 8.78 ਲੱਖ ਦੇ ਜੁਰਮਾਨੇ ਕੀਤੇ ਗਏ, ਜਿਨ੍ਹਾਂ ’ਚ 21 ਓਵਰਲੋਡਿਡ ਟਰੱਕਾਂ ਤੇ ਕਮਰਸ਼ੀਅਲ ਵਰਤੋਂ ਵਾਲੇ ਟਰੈਕਟਰ ਟਰਾਲੀਆਂ ਦੇ ਪੰਜ ਚਲਾਨਾਂ ਸਣੇ ਤਿੰਨ ਵਹੀਕਲਾਂ ਵੱਲੋਂ ਨਿਰਧਾਰਤ ਨੇਮਾਂ ਤੋਂ ਵਧ ਚੌੜਾਈ ਦਾ ਸਮਾਨ ਲੱਦਣਾ ਵੀ ਸ਼ਾਮਲ ਰਿਹਾ। ਅਧਿਕਾਰੀਆਂ ਅਨੁਸਾਰ ਸਕੂਲੀ ਬੱਚਿਆਂ ਦੀ ਆਵਾਜਾਈ ਸੁਰੱਖਿਅਤ ਬਣਾਉਣ, ਸੜਕ ਸੁਰੱਖਿਆ ਯਕੀਨੀ ਬਣਾਉਣ ਤੇ ਆਵਾਜਾਈ ਨੇਮਾਂ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਮੁਹਿੰਮ ਜ਼ੋਰਾਂ ’ਤੇ ਹੈ। ਕਿਸੇ ਵੀ ਵਾਹਨ ਨੂੰ ਸੜਕ ਸੁਰੱਖਿਆ ਨੇਮਾਂ ਤੇ ਸਕੂਲ ਸੇਫ਼ ਵਾਹਨ ਨੀਤੀ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।ਆਰਟੀਓ ਨੇ ਕਿਹਾ ਕਿ ਓਵਰਲੋਡ ਵਾਹਨ, ਨਿਰਧਾਰਤ ਉਚਾਈ ਤੋਂ ਉੱਚਾ ਮਾਲ ਭਰਨ ਵਾਲੇ ਟਰੈਕਟਰ ਟਰਾਲੀ ਦੀ ਵਪਾਰਕ ਮੰਤਵ ਲਈ ਵਰਤੋਂ, ਟੂਰਿਸਟ ਬੱਸ ਦੇ ਪਰਮਿਟ ਦੀ ਗ਼ਲਤ ਵਰਤੋਂ ਸਮੇਤ ਬਿਨਾਂ ਦਸਤਾਵੇਜ਼ਾਂ ਦੇ ਪਾਏ ਜਾਣ ਵਾਲੇ ਵਾਹਨ ਚਾਲਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।