ਨਿਜ਼ਾਮੂਦੀਨ ਤੋਂ ਪਰਤੇ ਵਿਅਕਤੀ ਸਣੇ ਛੇ ਦੀਆਂ ਰਿਪੋਰਟਾਂ ਨੈਗੇਟਿਵ

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਪਰੈਲ
ਕਰੋਨਾਵਾਇਰਸ ਕਾਰਨ ਫੌਤ ਹੋਈ ਲੁਧਿਆਣਾ ਦੀ ਔਰਤ ਦਾ ਇਲਾਜ ਕਰਨ ਕਰਕੇ ਦਾਖਲ ਕੀਤੇ ਗਏ ਸਿਹਤ ਵਿਭਾਗ ਦੇ ਸਾਰੇ ਪੰਜ ਮੁਲਾਜ਼ਮਾਂ ਦੇ ਕਰੋਨਾ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿਚੋਂ ਚਾਰ ਦੀਆਂ ਰਿਪੋਰਟਾਂ ਅੱਜ ਆਈਆਂ ਹਨ ਜਦਕਿ ਇੱਕ ਦੀ ਰਿਪੋਰਟ ਕੱਲ੍ਹ ਆ ਗਈ ਸੀ। ਉਧਰ ਨਿਜ਼ਾਮੂਦੀਨ ਦੀ ਫੇਰੀ ਪਾ ਕੇ ਆਏ ਬਿਸ਼ਨ ਨਗਰ ਪਟਿਆਲਾ ਦੇ ਵਾਸੀ ਤੇ ਪਟਿਆਲਾ ਦੇ ਇੱਕ ਹੋਰ ਸ਼ੱਕੀ ਮਰੀਜ਼ ਦੇ ਟੈਸਟ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਸੀ ਕਿ ਘਰਾਂ ਵਿਚ ਇਕਾਂਤ ਵਿਚ ਰੱਖੇ ਗਏ ਸਾਰੇ ਵਿਅਕਤੀ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਹਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਘਰ-ਘਰ ਜਾ ਕੇ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਝੂਠੇ ਵੱਟਸਐਪ ਸੰਦੇਸ਼ ਨੇ ਵਖ਼ਤ ਪਾਇਆ

ਸੋਸ਼ਲ ਮੀਡੀਆ ’ਤੇ ਦੋ ਦਿਨਾਂ ਤੋਂ ਸੁਨੇਹਾ ਵਾਇਰਲ ਹੋ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕ ਖੌਫ਼ਜ਼ਦਾ ਹੋ ਗਏ ਹਨ। ਇਸ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਸ਼ੇਰਮਾਜਰਾ ਪਿੰਡ ਵਿਚ ਕਰੋਨਾ ਦਾ ਇਕ ਮਰੀਜ਼ ਮਿਲਿਆ ਹੈ ਜੋ ਡਕਾਲਾ ਤੋਂ ਦਵਾਈ ਲੈਣ ਗਿਆ ਸੀ। ਇਸ ਬਾਰੇ ਡਾਕਟਰ ਨੂੰ ਪਤਾ ਲੱਗ ਗਿਆ ਜਿਸ ਕਾਰਨ ਮਰੀਜ਼ ਉਥੋਂ ਭੱਜ ਗਿਆ। ਸਿਵਲ ਸਰਜਨ ਨੇ ਇਸ ਸੰਦੇਸ਼ ਨੂੰ ਨਿਰੀ ਅਫਵਾਹ ਕਰਾਰ ਦਿੰਦਿਆਂ ਕਿਹਾ ਕਿ ਸ਼ੇਰਮਾਜਰਾ ਜਾਂ ਸਮੁੱਚੇ ਡਕਾਲਾ ਖੇਤਰ ਵਿਚ ਹੁਣ ਤੱਕ ਕਰੋਨਾ ਪਾਜ਼ੇਟਿਵ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ। ਉਨ੍ਹਾਂ ਲੋਕਾਂ ਨੂੰ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ ਲਈ ਕਿਹਾ ਹੈ।

Tags :