ਨਿਗਮ ਨੇ ਪਾਣੀ ਦੀ ਬਰਬਾਦੀ ’ਤੇ ਸ਼ਿਕੰਜਾ ਕੱਸਿਆ
ਪੱਤਰ ਪ੍ਰੇਰਕ
ਚੰਡੀਗੜ੍ਹ, 15 ਅਪਰੈਲ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕਸ ਦਿੱਤਾ ਹੈ। ਇਸ ਦੇ ਚੱਲਦਿਆਂ ਅੱਜ ਉਲੰਘਣਾ ਕਰਨ ਵਾਲਿਆਂ ਨੂੰ 180 ਨੋਟਿਸ ਜਾਰੀ ਕੀਤੇ ਅਤੇ ਅੱਠ ਦੇ ਚਲਾਨ ਜਾਰੀ ਕੀਤੇ ਗਏ ਹਨ।
ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈਏਐੱਸ ਦੇ ਹੁਕਮਾਂ ਮੁਤਾਬਕ ਟੀਮ ਨੇ ਮੁਹਿੰਮ ਦੇ ਅੱਜ ਪਹਿਲੇ ਦਿਨ ਸਵੇਰੇ 5.30 ਵਜੇ ਤੋਂ 8.30 ਵਜੇ ਤੱਕ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਕਈ ਉਲੰਘਣਾ ਕਰਨ ਵਾਲੇ ਆਪਣੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਪਾਏ ਗਏ ਜਿਨ੍ਹਾਂ ਦੇ ਚਲਾਨ ਕੀਤੇ ਗਏ ਅਤੇ ਜੁਰਮਾਨੇ ਕੀਤੇ ਗਏ।
ਨਿਗਮ ਤੋਂ ਮਿਲੀ ਜਾਣਕਾਰੀ ਮੁਤਾਬਕ 15 ਅਪਰੈਲ ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਮੁਹਿੰਮ ਦੇ ਤਹਿਤ ਹੋਜ਼ਪਾਈਪ ਦੀ ਵਰਤੋਂ ਕਰ ਕੇ ਲਾਅਨ, ਵਿਹੜਿਆਂ ਨੂੰ ਪਾਣੀ ਦੇਣ, ਕਾਰਾਂ ਅਤੇ ਹੋਰ ਵਾਹਨਾਂ ਨੂੰ ਧੋਣ ’ਤੇ ਚਲਾਨ ਕੱਟਿਆ ਜਾਵੇਗਾ ਅਤੇ 5788 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਟੈਂਕ, ਟੂਟੀਆਂ, ਪਾਣੀ ਦੇ ਮੀਟਰ ਅਤੇ ਵਾਟਰ ਕੂਲਰਾਂ ਦੀ ਲੀਕੇਜ ਪਾਏ ਜਾਣ ’ਤੇ ਵੀ ਨੋਟਿਸ ਜਾਰੀ ਕੀਤੇ ਜਾਣਗੇ। ਅੱਜ ਕੀਤੀ ਗਈ ਜਾਂਚ ਦੌਰਾਨ ਜਿਨ੍ਹਾਂ ਨੂੰ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਪਾਣੀ ਦੀ ਲੀਕੇਜ ਦੀ ਮੁਰੰਮਤ ਕਰਵਾਉਣ ਲਈ ਕਿਹਾ ਗਿਆ ਹੈ ਤੇ ਜੇ ਫਿਰ ਵੀ ਉਲੰਘਣਾ ਕਰਦੇ ਪਾਏ ਗਏ ਤਾਂ ਚਲਾਨ ਜਾਰੀ ਕੀਤੇ ਜਾਣਗੇ।
ਟੀਮ ਵੱਲੋਂ ਅੱਜ ਕੀਤੀ ਗਈ ਜਾਂਚ ਦੌਰਾਨ ਜ਼ਿਆਦਾਤਰ ਲੋਕ ਆਪਣੀਆਂ ਕਾਰਾਂ ਅਤੇ ਵਿਹੜੇ ਧੋਂਦੇ ਹੋਏ ਪਾਏ ਗਏ। ਟੀਮਾਂ ਨੇ ਦਸਤਾਵੇਜ਼ੀ ਸਬੂਤ ਵਜੋਂ ਉਲੰਘਣਾਵਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਅਤੇ ਵੀਡੀਓ ਵੀ ਬਣਾਏ।
ਨਿਗਮ ਕਮਿਸ਼ਨਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪੀਣ ਵਾਲੇ ਪਾਣੀ ਦੀ ਬੱਚਤ ਕਰਨ ਅਤੇ ਇਸ ਦੀ ਬਰਬਾਦੀ ਤੋਂ ਬਚਣ ਦੀ ਅਪੀਲ ਕੀਤੀ।