ਨਿਗਮ ਨੇ ਝੁੱਗੀਆਂ ਹਟਾਈਆਂ
ਚੰਡੀਗੜ੍ਹ: ਨਗਰ ਨਿਗਮ ਚੰਡੀਗੜ੍ਹ ਨੇ ਅੱਜ ਨਿਰੰਕਾਰੀ ਭਵਨ (ਮੌਲ਼ੀ ਲਿੰਕ ਰੋਡ) ਮਨੀਮਾਜਰਾ ਨੇੜੇ ਨਾਜਾਇਜ਼ ਝੁੱਗੀਆਂ ਹਟਾਉਣ ਲਈ ਮੁਹਿੰਮ ਚਲਾਈ। ਨਿਗਮ ਦੀ ਐਨਫੋਰਸਮੈਂਟ ਅਤੇ ਇੰਜਨੀਅਰਿੰਗ ਟੀਮ ਨੇ ਇਹ ਕਾਰਵਾਈ ਕੀਤੀ। ਮੁਹਿੰਮ ਦੌਰਾਨ ਪਾਕੇਟ ਨੰਬਰ 6 ਮਨੀਮਾਜਰਾ ਵਿੱਚ ਸਥਿਤ ਕਈ ਅਣ-ਅਧਿਕਾਰਤ ਝੌਂਪੜੀਆਂ ਨੂੰ ਢਾਹ ਦਿੱਤਾ ਗਿਆ। ਇਸ ਦੌਰਾਨ ਸਥਾਨਕ ਪੁਲੀਸ ਦਾ ਵੀ ਸਹਿਯੋਗ ਲਿਆ ਗਿਆ। -ਪੱਤਰ ਪ੍ਰੇਰਕ
ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ
ਚੰਡੀਗੜ੍ਹ: ਇੱਥੋਂ ਦੇ ਸੈਕਟਰ-45 ਵਿੱਚ ਸਥਿਤ ਬੁੜੈਲ ਵਿੱਚ ਦਿਨ ਸਮੇਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਫਾਇਰ ਬ੍ਰਿਗੇਡ ਤੇ ਬਿਜਲੀ ਵਿਭਾਗ ਦੀਆਂ ਟੀਮਾਂ ਨੇ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਤਾਰਾਂ ’ਚੋਂ ਅੱਗ ਨਿਕਲਦੀ ਦੇਖ ਕੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਲੋਕਾਂ ਨੇ ਬਿਜਲੀ ਦੀਆਂ ਤਾਰਾਂ ਦੇ ਖੁੱਲ੍ਹੇ ਜੋੜਾਂ ਨੂੂੰ ਠੀਕ ਕਰਨ ਦੀ ਮੰਗ ਕੀਤੀ। -ਟਨਸ
ਸੀਸੀਟੀਵੀ ਕੈਮਰਿਆਂ ਦਾ ਉਦਘਾਟਨ
ਚੰਡੀਗੜ੍ਹ: ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵਾਰਡ ਨੰਬਰ-30 ਵਿੱਚ ਐਮਪੀ ਲੈਡ ਕੋਟੇ ਵਿੱਚੋਂ ਸੈਕਟਰ 41-ਏ, 41-ਬੀ ਅਤੇ ਪਿੰਡ ਬੁਟੇਰਲਾ ਵਿੱਚ ਲਗਵਾਏ ਸੀਸੀਟੀਵੀ ਕੈਮਰਿਆਂ ਦਾ ਉਦਘਾਟਨ ਕੀਤਾ। ਸੈਕਟਰ-41 ਵਿੱਚ ਕਰਵਾਏ ਉਦਘਾਟਨੀ ਸਮਾਗਮ ਵਿੱਚ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਹਾਜ਼ਰ ਸਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਕ੍ਰਿਸ਼ਨਾ ਮਾਰਕੀਟ ਵਿੱਚ ਵੀ ਗਏ ਜਿੱਥੇ ਉਨ੍ਹਾਂ ਨੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਦੁਕਾਨਦਾਰਾਂ ਨੇ ਮਾਰਕੀਟ ਵਿੱਚ ਸ਼ੈੱਡ ਬਣਵਾਉਣ ਦੀ ਮੰਗ ਰੱਖੀ। -ਪੱਤਰ ਪ੍ਰੇਰਕ
ਵਿਦੇਸ਼ ਭੇਜਣ ਦੇ ਨਾਮ ’ਤੇ 24.69 ਲੱਖ ਰੁਪਏ ਠੱਗੇ
ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਹੈ। ਇਹ ਕੇਸ ਗੁਰਸੇਵਕ ਸਿੰਘ ਵਾਸੀ ਅੰਬਾਲਾ ਦੀ ਸ਼ਿਕਾਇਤ ’ਤੇ ਸਾਕਿਲ ਅਹਿਮਦ, ਕੁਨਾਲ ਤੇ ਹੋਰਨਾਂ ਵਿਰੁੱਧ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਆਸਟਰੇਲੀਆ ਭੇਜਣ ਦੇ ਨਾਮ ’ਤੇ 24.69 ਲੱਖ ਰੁਪਏ ਲੈ ਲਏ ਪਰ ਨਾ ਵਿਦੇਸ਼ ਭੇਜਿਆ ਤੇ ਨਾ ਹੀ ਰੁਪਏ ਵਾਪਸ ਕੀਤੇ। ਥਾਣਾ ਸੈਕਟਰ-17 ਦੀ ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਟਨਸ