ਗਗਨਦੀਪ ਅਰੋੜਾਲੁਧਿਆਣਾ, 30 ਨਵੰਬਰਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਦੀਆਂ ਚੋਣਾਂ ਲਈ ਇੱਕ ਵਾਰ ਫਿਰ ਤੋਂ ਮਾਹੌਲ ਭਖ਼ਜਾ ਨਜ਼ਰ ਆ ਰਿਹਾ ਹੈ। ਨਗਰ ਨਿਗਮ ਚੋਣਾਂ ਲਈ ਸ਼ਹਿਰ ਵਿੱਚ ਦਾਅਵੇਦਾਰਾਂ ਦੀ ਫੌਜ ਖੜ੍ਹੀ ਹੋ ਰਹੀ ਹੈ। ਸਭ ਤੋਂ ਵੱਧ ਦਾਅਵੇਦਾਰ ਆਮ ਆਦਮੀ ਪਾਰਟੀ ਦੇ ਹਨ ਜਿਥੇ ਹਰ ਵਾਰਡ ਵਿੱਚ 2 ਤੋਂ 4 ਜਣੇ ਆਪਣੀ ਦਾਅਵੇਦਾਰੀ ਸਾਬਤ ਕਰ ਰਹੇ ਹਨ। ਇੰਨਾ ਹੀ ਨਹੀਂ ਇਨ੍ਹਾਂ ਉਮੀਦਵਾਰਾਂ ਨੇ ਆਪਣੇ ਵਾਰਡਾਂ ਵਿੱਚ ਆਦਮ ਕੱਦ ਬੋਰਡ ਵੀ ਲਗਵਾ ਲਏ ਹਨ। ‘ਆਪ’ ਵਿੱਚ ਇਸ ਗੱਲ ਨੂੰ ਲੈ ਕੇ ਵੀ ਵੱਡਾ ਪੇਚ ਫੱਸ ਰਿਹਾ ਹੈ ਕਿ ਵਿਧਾਇਕਾਂ ਦੇ ਖਾਸਮ ਖਾਸ ਤੇ ਵਾਲੰਟਿਅਰ ਦੋਵੇਂ ਵੱਖੋ-ਵੱਖ ਰਾਹ ’ਤੇ ਚੱਲ ਰਹੇ ਹਨ। ਸੰਭਾਵਨਾ ਜਤਾਈ ਜਾ ਰਹੀ ਹੇ ਕਿ ਦੋਵਾਂ ਵਿਚਾਲੇ ਟਿਕਟ ਵੰਡ ਵੇਲੇ ਚੰਗੇ ਪੇਚ ਫਸ ਸਕਦੇ ਹਨ। ਇਸ ਤੋਂ ਇਲਾਵਾ ਬਾਕੀ ਪਾਰਟੀਆਂ ਵਿੱਚ ਹਾਲੇ ਟਿਕਟ ਵੰਡ ਦਾ ਮਾਹੌਲ ਠੰਢਾ ਹੀ ਹੈ। ਹਾਲਾਂਕਿ, ਜ਼ਿਆਦਾਤਰ ਪਾਰਟੀਆਂ ਵਿੱਚ ਚੋਣ ਲੜਨ ਵਾਲੇ ਇਛੁੱਕ ਉਮੀਦਵਾਰਾਂ ਦੀ ਲਿਸਟ ਲੰਬੀ ਹੀ ਹੈ।ਸ਼ਹਿਰ ਵਿੱਚ ਨਗਰ ਨਿਗਮ ਦੀਆਂ ਚੋਣਾਂ ਲੜਨ ਵਾਲੇ ਸੰਭਾਵਿਤ ਉਮੀਦਵਾਰ ਤਗੜੇ ਹੋ ਗਏ ਹਨ। ਸਿਆਸੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਤੋਂ ਅਰਜ਼ੀਆਂ ਮੰਗ ਲਈਆਂ ਹਨ। ਸ਼ਹਿਰ ਵਿੱਚ 95 ਵਾਰਡ ਹਨ, ਜਿਸ ਲਈ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਚੋਣ ਲੜਨ ਦੇ ਇਛੁੱਕ ਉਮੀਦਵਾਰ ਹਨ। ਟਿਕਟਾਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਭੀੜ ਇਸ ਵੇਲੇ ਆਮ ਆਦਮੀ ਪਾਰਟੀ ਵਿੱਚ ਹੈ। ਹਰ ਵਾਰਡ ਤੋਂ ਟਿਕਟ ਲੈਣ ਤੇ ਚੋਣ ਲੜਨ ਲਈ ਕਈ ਉਮੀਦਵਾਰ ਹਨ। ਵਾਲੰਟਿਅਰ ਆਪਣੇ ਤਰੀਕੇ ਨਾਲ ਚੱਲ ਰਹੇ ਹਨ ਤੇ ਵਿਧਾਇਕਾਂ ਦੇ ਨਜ਼ਦੀਕੀ ਆਪਣੇ ਅੰਦਾਜ਼ ਵਿੱਚ ਹਲਕਾ ਵਾਸੀਆਂ ’ਤੇ ਆਪਣਾ ਪ੍ਰਭਾਵ ਸਿਰਜਣ ’ਚ ਲੱਗੇ ਹੋਏ ਹਨ। ਕਈ ਵਾਰਡਾਂ ਵਿੱਚ ਤਾਂ ਕਈ ਕਈ ਦਾਅਵੇਦਾਰ ਵੱਖ ਵੱਖ ਤਰੀਕੇ ਨਾਲ ਵਿਕਾਸ ਕਾਰਜ ਤੇ ਸਫ਼ਾਈ ਕਰਵਾ ਕੇ ਸੋਸ਼ਲ ਮੀਡੀਆ ’ਤੇ ਫੋਟੋਆਂ ਅਪਲੋਡ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਕੁੱਝ ਦਾਅਵੇਦਾਰ ਤਾਂ ਵਿਧਾਇਕਾਂ ਦੇ ਨਾਲ ਮਿਲ ਕੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕਰ ਰਹੇ ਹਨ। ਕੁਝ ਸੰਭਾਵੀ ਉਮੀਦਵਾਰਾਂ ਨੇ ਆਪਣੇ ਇਲਾਕਿਆਂ ਵਿੱਚ ਦਫ਼ਤਰ ਵੀ ਖੋਲ੍ਹ ਲਏ ਹਨ।‘ਆਪ’ ਦੇ ਹਰ ਵਾਰਡ ਵਿੱਚ ਦੋ ਦੋ ਧੜੇ ਹਨ, ਜਿਨ੍ਹਾਂ ਵਿੱਚ ਇੱਕ ਧੜੇ ਦਾ ਦਾਅਵੇਦਾਰ ਵਿਧਾਇਕ ਪੱਖ ਤੋਂ ਹੈ ਤੇ ਦੂਜੇ ਧੜੇ ਦਾ ਦਾਅਵੇਦਾਰ ਵਾਲੰਟਿਅਰਾਂ ਵਿੱਚੋਂ। ਕਈ ਵਾਰਡਾਂ ਵਿੱਚ ਤਾਂ ਬੋਰਡਾਂ ’ਤੇ ਵਾਲੰਟਿਅਰਾਂ ਨੇ ਵਿਧਾਇਕਾਂ ਦੀ ਫੋਟੋ ਵੀ ਨਹੀਂ ਲਗਾਈ। ਵਾਰਡ ਨੰਬਰ 60 ਵਿੱਚ ਆਮ ਆਦਮੀ ਪਾਰਟੀ ਦੇ ਵਾਲੰਟਿਅਰਾਂ ਤੇ ਵਿਧਾਇਕ ਦੇ ਨਜ਼ਦੀਕੀਆਂ ਦੀ ਆਪਸੀ ਖਿੱਚ-ਧੂਹ ਸਰੇਆਮ ਵੀ ਹੋ ਗਈ ਹੈ।ਨਿਗਮ ਚੋਣਾਂ ਸਬੰਧੀ ਸ਼੍ਰੋੋਮਣੀ ਅਕਾਲੀ ਦਲ ਦੀ ਮੀਟਿੰਗਲੁਧਿਆਣਾ (ਗੁਰਿੰਦਰ ਸਿੰਘ):ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਜ਼ਿਲ੍ਹਾ ਲੀਡਰਸ਼ਿਪ ਨੇ ਅੱਜ ਇਥੇ ਨਗਰ ਨਿਗਮ ਚੋਣਾਂ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਸਮੁੱਚੀ ਲੀਡਰਸ਼ਿਪ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਪੂਰੀ ਮਜ਼ਬੂਤੀ ਨਾਲ ਮੈਦਾਨ ਵਿੱਚ ਨਿੱਤਰਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਨਗਰ ਨਿਗਮ ਚੋਣਾਂ ਐਸੀਆਂ ਚੋਣਾਂ ਹਨ ਜੋ ਜ਼ਮੀਨੀ ਪੱਧਰ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਜਨਤਾ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਗਰੰਟੀਆਂ ਤੋਂ ਮੁੱਕਰੀ ਹੋਈ ਇਸ ਸਰਕਾਰ ਦੀਆਂ ਨਕਾਮੀਆਂ ਨੂੰ ਜਗ ਜ਼ਾਹਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਆਪਣਾ ਇੱਕ ਵੀ ਵਾਅਦਾ ਪੂਰਾ ਨਾ ਕਰ ਸਕਣ ਵਾਲੀ ਮਾਨ ਸਰਕਾਰ ਨੇ ਜਿੱਥੇ ਪੰਜਾਬ ਨੂੰ ਕਰਜ਼ੇ ਦੇ ਭਾਰ ਥੱਲੇ ਹੋਰ ਦੱਬ ਦਿੱਤਾ ਉੱਥੇ ਹੀ ਗੁੰਡਾਗਰਦੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਸ਼ਿਆਂ ਦੇ ਵੱਗ ਰਹੇ ਦਰਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਪਿੱਠ ਖ਼ੁਦ ਹੀ ਥਪ ਥਪਾਉਣ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਅਸਲ ਵਿੱਚ ਜ਼ੀਰੋ ਹੈ। ਇਸ ਮੌਕੇ ਮਹੇਸ਼ ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਜੀਵਨ ਧਵਨ, ਜਸਪਾਲ ਸਿੰਘ ਗਿਆਸਪੁਰਾ, ਆਰਡੀ ਸ਼ਰਮਾ, ਜਗਬੀਰ ਸਿੰਘ ਸੋਖੀ, ਬਾਬਾ ਅਜੀਤ ਸਿੰਘ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਪਰਉਪਕਾਰ ਸਿੰਘ ਘੁੰਮਣ, ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰਧਾਨ, ਜਥੇਦਾਰ ਕੁਲਦੀਪ ਸਿੰਘ ਖਾਲਸਾ, ਕੌਂਸਲਰ ਰੂਬੀ ਲੋਟੇ ਤੇ ਹੋਰ ਹਾਜ਼ਰ ਸਨ।