ਨਿਗਮ ਅਧਿਕਾਰੀਆਂ ਵੱਲੋਂ ਸੈਕਟਰ-41 ਦੀ ਮੱਛੀ ਮਾਰਕੀਟ ਦਾ ਦੌਰਾ
ਕੁਲਦੀਪ ਸਿੰਘ
ਚੰਡੀਗੜ੍ਹ, 9 ਜੂਨ
ਇੱਥੇ ਸੈਕਟਰ 41 ਦੀ ਮੱਛੀ ਮਾਰਕੀਟ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੀ ਮੰਗ ਉੱਤੇ ਨਿਗਮ ਦੇ ਵੱਖ-ਵੱਖ ਵਿੰਗਾਂ ਦੇ ਅਧਿਕਾਰੀਆਂ ਨੇ ਦੌਰਾ ਕੀਤਾ। ਨਿਗਮ ਦੇ ਕਾਰਜਕਾਰੀ ਇੰਜਨੀਅਰ ਕੁਲਦੀਪ ਸਿੰਘ, ਬੀਐਂਡਆਰ ਦੇ ਅਧਿਕਾਰੀ ਇੰਜਨੀਅਰ ਅੰਕੁਰ ਬਾਂਸਲ, ਆਰਟੀਕਲਚਰ ਤੋਂ ਅਸ਼ਵਨੀ ਕੁਮਾਰ ਆਦਿ ਨੇ ਮਾਰਕੀਟ ਵਿੱਚ ਘੁੰਮ ਕੇ ਸਥਿਤੀ ਦਾ ਜਾਇਜ਼ਾ ਲਿਆ।
ਕੌਂਸਲਰ ਬੁਟੇਰਲਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗੰਭੀਰ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਨਗਰ ਨਿਗਮ ਨੂੰ ਇਸ ਸਮੇਂ ਰੈਵੇਨਿਊ ਦੀ ਲੋੜ ਹੈ। ਜੇ ਇਸ ਮਾਰਕੀਟ ਦੀ ਹਾਲਤ ਵਿੱਚ ਸੁਧਾਰ ਕਰ ਲਿਆ ਜਾਂਦਾ ਹੈ ਤਾਂ ਇੱਥੋਂ ਨਿਗਮ ਨੂੰ ਮੋਟੀ ਆਮਦਨ ਹੋ ਸਕਦੀ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਖਾਇਆ ਕਿ ਮਾਰਕੀਟ ਵਿੱਚ ਬਿਜਲੀ ਦਾ ਕਾਫ਼ੀ ਕੰਮ ਹੋਣ ਵਾਲਾ ਹੈ। ਇਸ ਤੋਂ ਇਲਾਵਾ ਚਿੱਲਰ ਰੂਮ ਲਗਪਗ ਖ਼ਤਮ ਹੋ ਚੁੱਕਾ ਹੈ। ਇਹ ਚਿੱਲਰ ਰੂਮ ਨਵਾਂ ਬਣਨ ਨਾਲ ਹੀ ਕੰਮ ਚੱਲਣਾ ਸੰਭਵ ਹੋ ਸਕਦਾ ਹੈ। ਮਾਰਕੀਟ ਵਿੱਚ ਫੈਲੀ ਗੰਦਗੀ ਬਾਰੇ ਵੀ ਅਧਿਕਾਰੀਆਂ ਨੂੰ ਦੱਸਿਆ ਗਿਆ।
ਕੌਂਸਲਰ ਬੁਟੇਰਲਾ ਨੇ ਦੱਸਿਆ ਕਿ ਸਹੂਲਤਾਂ ਦੀ ਘਾਟ ਕਾਰਨ ਕੁੱਲ 32 ਵਿੱਚੋਂ ਸਿਰਫ਼ ਪੰਜ ਦੁਕਾਨਾਂ ਹੀ ਕਿਰਾਏ ਉੱਤੇ ਚੜ੍ਹੀਆਂ ਹੋਈਆਂ ਹਨ। ਜੇ ਇਸ ਮਾਰਕੀਟ ਵਿੱਚ ਸਹੂਲਤਾਂ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਸਾਰੀਆਂ ਦੁਕਾਨਾਂ ਕਿਰਾਏ ’ਤੇ ਚੜ੍ਹਨ ਨਾਲ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।
ਮੱਛੀ ਮਾਰਕੀਟ ਦਾ ਦੌਰਾ ਕਰਨ ਆਏ ਅਧਿਕਾਰੀਆਂ ਨੇ ਦੱਸਿਆ ਕਿ ਉਹ ਮਾਰਕੀਟ ਵਿੱਚ ਹੋਣ ਵਾਲੇ ਆਪੋ ਆਪਣੇ ਵਿੰਗਾਂ ਦੇ ਕੰਮਾਂ ਦੀ ਰਿਪੋਰਟ ਬਣਾ ਕੇ ਚੀਫ ਇੰਜਨੀਅਰ ਨੂੰ ਭੇਜਣਗੇ।