ਨਿਕਾਸੀ ਨਾਲਿਆਂ ਅਤੇ ਚੋਈ ਦੀ ਨਹੀਂ ਹੋਈ ਸਫ਼ਾਈ
ਕਰਮਜੀਤ ਸਿੰਘ ਚਿੱਲਾ
ਬਨੂੜ, 4 ਜੁਲਾਈ
ਪੰਜਾਬ ਵਿੱਚ ਮੌਨਸੂਨ ਦੀ ਆਮਦ ਹੋ ਚੁੱਕੀ ਹੈ। ਨਗਰ ਕੌਂਸਲ ਬਨੂੜ ਵੱਲੋਂ ਸ਼ਹਿਰ ਦੀ ਹਦੂਦ ਵਿੱਚੋਂ ਲੰਘਦੀ ਬਰਸਾਤੀ ਚੋਈ ਅਤੇ ਨਾਲਿਆਂ ਦੀ ਹਾਲੇ ਤੱਕ ਸਫ਼ਾਈ ਆਰੰਭ ਨਹੀਂ ਕੀਤੀ ਹੈ। ਕਈ ਵਾਰ ਬਰਸਾਤੀ ਪਾਣੀ ਨਾਲ ਨੁਕਸਾਨ ਝੱਲ ਚੁੱਕੇ ਸ਼ਹਿਰ ਵਾਸੀਆਂ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਲੋਂ ਤੁਰੰਤ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਬਿਨਾਂ ਕਿਸੇ ਦੇਰੀ ਤੋਂ ਸ਼ਹਿਰ ਦੇ ਨਾਲਿਆਂ ਅਤੇ ਪੱਚੀ ਫੁੱਟੀ ਚੋਈ ਦੀ ਸਫ਼ਾਈ ਕਰਾਉਣ ਦੀ ਮੰਗ ਕੀਤੀ ਹੈ।
ਸ਼ਹਿਰ ਦੇ ਐੱਮਸੀ ਰੋਡ ਦੀਆਂ ਦੁਕਾਨਾਂ ਵਿੱਚ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਸਮੇਂ ਪਾਣੀ ਭਰ ਗਿਆ ਸੀ। ਇਸੇ ਤਰ੍ਹਾਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਿਛਲੇ ਪਾਸੇ ਵਾਲੇ ਘਰਾਂ ਵਿੱਚ ਵੀ ਨਿਕਾਸੀ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਹੈ। ਪਾਣੀ ਦੇ ਨਿਕਾਸ ਲਈ ਮਾਲ ਵਿਭਾਗ ਦੇ ਰਿਕਾਰਡ ਵਿੱਚ ਮੌਜੂਦ ਪੱਚੀ ਫੁੱਟੀ ਚੋਈ ਉੱਤੇ ਕਾਫ਼ੀ ਥਾਵਾਂ ’ਤੇ ਕਬਜ਼ੇ ਹੋ ਚੁੱਕੇ ਹਨ। ਖਾਲੀ ਹਿੱਸੇ ਵਿੱਚ ਵੀ ਸਫ਼ਾਈ ਨਹੀਂ ਕਰਾਈ ਗਈ।
ਵਾਰਡ ਨੰਬਰ ਤਿੰਨ, ਬਾਲਮੀਕਿ ਬਸਤੀ, ਵਾਰਡ ਨੰਬਰ ਦਸ, ਬਾਬਾ ਬੰਦਾ ਸਿੰਘ ਬਹਾਦਰ ਕਲੋਨੀ, ਵਾਰਡ ਨੰਬਰ ਗਿਆਰਾਂ, ਗੁਰੂ ਨਾਨਕ ਕਲੋਨੀ, ਮੀਰਾਂ ਸ਼ਾਹ ਕਲੋਨੀ ਤੇ ਵਾਰਡ ਨੰਬਰ ਬਾਰਾਂ ਵਿੱਚ ਬਰਸਾਤਾਂ ਦੌਰਾਨ ਪਾਣੀ ਨਾਲ ਨੁਕਸਾਨ ਕਰਨ ਵਾਲੇ ਚੋਏ ਦੇ ਬੰਨ੍ਹਾਂ ਨੂੰ ਵੀ ਮਜ਼ਬੂਤ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਸਫ਼ਾਈ ਹੋਈ ਹੈ। ਇਸ ਬਾਹਰੀ ਚੋਏ ਦੀ ਸਫ਼ਾਈ ਡਰੇਨੇਜ਼ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਸ਼ਹਿਰ ਵਾਸੀਆਂ ਨੇ ਸਾਰੇ ਥਾਵਾਂ ਉੱਤੇ ਤੁਰੰਤ ਸਫ਼ਾਈ ਦੀ ਮੰਗ ਕੀਤੀ ਹੈ।
ਤਿੰਨ ਦਿਨਾਂ ਵਿਚ ਹੋ ਜਾਵੇਗੀ ਸਫ਼ਾਈ: ਕੌਂਸਲ ਪ੍ਰਧਾਨ
ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਆਖਿਆ ਕਿ ਸ਼ਹਿਰ ਦੇ ਅੰਦਰੂਨੀ ਨਾਲਿਆਂ ਦੀ ਜ਼ਿਆਦਾਤਰ ਸਫ਼ਾਈ ਹੋ ਚੁੱਕੀ ਹੈ। ਰਹਿੰਦੀ ਚੋਈ ਅਤੇ ਨਾਲਿਆਂ ਦੀ ਸਫ਼ਾਈ ਸੋਮਵਾਰ ਤੱਕ ਕਰਾ ਦਿੱਤੀ ਜਾਵੇਗੀ। ਡਰੇਨ ਦੀ ਸਫ਼ਾਈ ਅਤੇ ਕਿਨਾਰਿਆਂ ਦੀ ਮਜ਼ਬੂਤੀ ਲਈ ਡਰੇਨਜ਼ ਵਿਭਾਗ ਨੂੰ ਕਿਹਾ ਗਿਆ ਹੈ।