For the best experience, open
https://m.punjabitribuneonline.com
on your mobile browser.
Advertisement

ਨਿਆਸਰਿਆਂ ਦਾ ਆਸਰਾ ਭਗਤ ਪੂਰਨ ਸਿੰਘ

05:55 AM Jun 02, 2025 IST
ਨਿਆਸਰਿਆਂ ਦਾ ਆਸਰਾ ਭਗਤ ਪੂਰਨ ਸਿੰਘ
‘ਪਿਆਰੇ’ ਨਾਲ ਭਗਤ ਪੂਰਨ ਸਿੰਘ।
Advertisement

Advertisement

Advertisement
Advertisement

ਦਲਜੀਤ ਰਾਏ ਕਾਲੀਆ

ਭਗਤ ਪੂਰਨ ਸਿੰਘ ਦਾ ਸਮੁੱਚਾ ਜੀਵਨ ਨਿਆਸਰਿਆਂ, ਅਪਾਹਜਾਂ, ਰੋਗੀਆਂ, ਗਰੀਬਾਂ ਅਤੇ ਦੀਨ-ਦੁਖੀਆਂ ਨੂੰ ਸਮਰਪਿਤ ਸੀ। ਭਗਤ ਪੂਰਨ ਸਿੰਘ ਨਿਸ਼ਕਾਮ ਸਮਾਜ ਸੇਵੀ, ਵਾਤਾਵਰਨ ਪ੍ਰੇਮੀ ਹੋਣ ਤੋਂ ਇਲਾਵਾ ਉੱਘੇ ਲੇਖਕ ਵੀ ਸਨ। ਪੰਜਾਬੀ, ਹਿੰਦੀ, ਅੰਗਰੇਜ਼ੀ ਵਿੱਚ ਅਣਗਿਣਤ ਟਰੈਕਟ, ਪੁਸਤਕਾਂ, ਇਸ਼ਤਿਹਾਰ ਛਾਪ ਕੇ ਉਹ ਸਮਾਜ ਵਿੱਚ ਮੁਫਤ ਵੰਡਦੇ ਸਨ। ਇਨ੍ਹਾਂ ਦੇ ਵਿਸ਼ੇ ਵਧਦੀ ਆਬਾਦੀ, ਨਸ਼ੇ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਵਾਤਾਵਰਨ ਪ੍ਰਦੂਸ਼ਣ, ਸਿਗਰਟਨੋਸ਼ੀ ਅਤੇ ਸਮਾਜ ਵਿੱਚ ਪਸਰੀਆਂ ਅਨੇਕਾਂ ਹੋਰ ਵਿਸੰਗਤੀਆਂ ਤੋਂ ਪਾਠਕ ਵਰਗ ਨੂੰ ਸੁਚੇਤ ਕਰਨਾ ਅਤੇ ਲੋਕਾਂ ਨੂੰ ਗੁਰਮਤਿ ਦੇ ਮਾਰਗ ਤੋਂ ਜਾਣੂ ਕਰਵਾਉਣਾ ਹੁੰਦਾ ਸੀ। ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4 ਜੂਨ, 1904 ਨੂੰ ਪਿੰਡ ਰਾਜੇਵਾਲ , ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ਿੱਬੂ ਮੱਲ ਅਤੇ ਮਾਤਾ ਦਾ ਨਾਂ ਮਹਿਤਾਬ ਕੌਰ ਸੀ। ਸ਼ੁਰੂ ਵਿੱਚ ਘਰਦਿਆਂ ਨੇ ਉਨ੍ਹਾਂ ਦਾ ਨਾਂ ਰਾਮ ਜੀ ਦਾਸ ਰੱਖਿਆ, ਪਰ ਜਗਤ ਵਿੱਚ ਉਹ ਭਗਤ ਪੂਰਨ ਸਿੰਘ ਵਜੋਂ ਪ੍ਰਸਿੱਧ ਹੋਏ। ਭਗਤ ਜੀ ਦੀ ਮਾਤਾ ਨੇ ਉਨ੍ਹਾਂ ਨੂੰ ਗੁਰੂਆਂ, ਪੀਰਾਂ ਅਤੇ ਅਵਤਾਰਾਂ ਦੀਆਂ ਪ੍ਰੇਰਨਾਮਈ ਕਹਾਣੀਆਂ ਸੁਣਾ-ਸੁਣਾ ਕੇ ਸਮਾਜ ਸੇਵਾ ਦੀ ਅਜਿਹੀ ਚੇਟਕ ਲਾਈ ਕਿ ਭਗਤ ਜੀ ਨੇ ਮੁੜ ਪਿੱਛੇ ਮੁੜ ਕੇ ਨਹੀਂ ਵੇਖਿਆ। ਭਗਤ ਪੂਰਨ ਸਿੰਘ ਨੇ ਇੱਕ ਰਾਤ ਗੁਰਦੁਆਰਾ ਰੇਰੂ ਸਾਹਿਬ ਦੇ ਗੁਰਦੁਆਰੇ ਵਿੱਚ ਕੱਟੀ। ਇਸ ਰਾਤ ਨੇ ਭਗਤ ਪੂਰਨ ਸਿੰਘ ਦੀ ਕਾਇਆ ਕਲਪ ਕਰ ਦਿੱਤੀ। ਗੱਲ ਸੋਨੇ ’ਤੇ ਸੁਹਾਗੇ ਵਾਲੀ ਬਣੀ। ਉਨ੍ਹਾਂ ਇਸ ਰਾਤ ਗੁਰਦੁਆਰੇ ’ਚੋਂ ਲੰਗਰ-ਪ੍ਰਸ਼ਾਦਾ ਛਕਿਆ ਅਤੇ ਸਵੇਰੇ ਮਨੋਹਰ ਕੀਰਤਨ ਸੁਣਿਆ। ਭਗਤ ਜੀ ਗੁਰਦੁਆਰਾ ਸਾਹਿਬ ਦੀ ਵਿਵਸਥਾ ਅਤੇ ਗੁਰਬਾਣੀ ਤੋਂ ਬਹੁਤ ਪ੍ਰਭਾਵਿਤ ਹੋਏ।
ਦਸਵੀਂ ਦਾ ਇਮਤਿਹਾਨ ਦੇਣ ਪਿੱਛੋਂ ਭਗਤ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਰਹਿਣ ਲੱਗ ਪਏ। ਇੱਥੇ ਰਹਿ ਕੇ ਗੁਰੂ ਘਰ ਦੀ ਅਥਾਹ ਸੇਵਾ ਕਰਨ ਲੱਗੇ। ਇੱਥੇ ਰਹਿਣ ਸਮੇਂ ਸ਼ਹਿਰ ਦੀਆਂ ਲਾਇਬ੍ਰੇਰੀਆਂ ’ਚ ਜਾ ਕੇ ਉਹ ਮਾਸਿਕ ਪੱਤਰ, ਅਖਬਾਰਾਂ ਅਤੇ ਪੁਸਤਕਾਂ ਪੜ੍ਹਦੇ ਰਹਿੰਦੇ, ਜਿਸ ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਅਥਾਹ ਵਾਧਾ ਹੋਇਆ । 1927 ਵਿੱਚ ਮਹਾਤਮਾ ਗਾਂਧੀ ਵੱਲੋਂ ਕੱਢੇ ਜਾਂਦੇ ‘ਯੰਗ ਇੰਡੀਆ’ ਰਾਹੀਂ ਭਗਤ ਪੂਰਨ ਸਿੰਘ ਨੂੰ ਘਰੇਲੂ ਦਸਤਕਾਰੀ ਅਤੇ ਦੇਸ਼ ਦੀ ਆਰਥਿਕਤਾ ਦੀ ਹੋ ਰਹੀ ਤਬਾਹੀ ਦਾ ਗਿਆਨ ਹਾਸਲ ਹੋਇਆ। ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਖੱਡੀ ਦਾ ਤਿਆਰ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ।
1934 ਵਿੱਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਡੇਹਰਾ ਸਾਹਿਬ ਵਿਖੇ ਕੋਈ ਚਾਰ ਕੁ ਸਾਲ ਦਾ ਅਪਾਹਜ ਬੱਚਾ ਛੱਡ ਗਿਆ। ਭਗਤ ਜੀ ਨੇ ਇਸ ਬੱਚੇ ਨੂੰ ਸੰਭਾਲ ਕੇ ਬੜੇ ਪਿਆਰ ਨਾਲ ਉਸ ਦੀ ਪਾਲਣਾ-ਪੋਸ਼ਣਾ ਕੀਤੀ ਅਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਭਗਤ ਪੂਰਨ ਸਿੰਘ ਉਸ ਬੱਚੇ ਨੂੰ ਪਿੱਠ ’ਤੇ ਚੁੱਕੀ ਫਿਰਦੇ ਰਹੇ ਅਤੇ ਇਸੇ ਤਰ੍ਹਾਂ 18 ਅਗਸਤ 1947 ਨੂੰ ਪਿਆਰਾ ਸਿੰਘ ਨੂੰ ਨਾਲ ਲੈ ਕੇ ਉਹ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪੁੱਜ ਗਏ। ਸ਼ਰਨਾਰਥੀ ਕੈਂਪ ਖਤਮ ਹੋਣ ’ਤੇ ਭਗਤ ਪੂਰਨ ਸਿੰਘ ਨੇ ਕੁਝ ਸਮਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਗੁਜ਼ਾਰਿਆ। ਬਾਅਦ ਵਿੱਚ ਉਹ ਗੁਰੂ ਤੇਗ ਬਹਾਦਰ ਹਸਪਤਾਲ ਵਾਲੀ ਥਾਂ ਦੇ ਬਾਹਰਵਾਰ ਇੱਕ ਬੋਹੜ ਥੱਲੇ ਝੁਗੀਆਂ ਪਾ ਕੇ ਰਾਤ-ਦਿਨ ਕੱਟਦੇ ਰਹੇ। ਇਸ ਸਮੇਂ ਤੱਕ ਉਨ੍ਹਾਂ ਦੀ ਨਿਗਰਾਨੀ ਹੇਠ 25 -30 ਮਰੀਜ਼ ਇਕੱਠੇ ਹੋ ਚੁੱਕੇ ਸਨ, ਜਿਨ੍ਹਾਂ ਦੀ ਉਹ ਸੇਵਾ-ਸੰਭਾਲ ਕਰਦੇ।
ਭਗਤ ਪੂਰਨ ਸਿੰਘ ਜੀ ਨੇ 6 ਮਾਰਚ, 1957 ਨੂੰ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਰਜਿਸਟਰਡ ਕਰਵਾਈ। ਭਗਤ ਪੂਰਨ ਸਿੰਘ ਨੇ 1958 ਵਿੱਚ ਤਹਿਸੀਲਪੁਰਾ ਜੀਟੀ ਰੋਡ ਅੰਮ੍ਰਿਤਸਰ (ਨੇੜੇ ਬੱਸ ਸਟੈਂਡ) ’ਤੇ ਪਿੰਗਲਵਾੜਾ ਸ਼ੁਰੂ ਕੀਤਾ, ਜੋ ਕਿ ਹੁਣ ਇੱਕ ਵਿਸ਼ਾਲ ਸੰਸਥਾ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਦੀਆਂ ਪੰਜਾਬ ਵਿੱਚ ਕਈ ਬਰਾਂਚਾਂ ਬਣੀਆਂ ਹੋਈਆਂ ਹਨ। ਭਗਤ ਜੀ ਨੇ ਇਸ ਸੰਸਥਾ ਵਿੱਚ ਨਿਤਾਣੇ ਅਤੇ ਨਿਆਸਰੇ ਰੋਗੀਆਂ ਨੂੰ ਦਾਖਲ ਕੀਤਾ। ਭਗਤ ਜੀ ਨੂੰ ਸਿੱਖ ਪੰਥ ਦੇ ਗੁਰਦੁਆਰਿਆਂ ਦੀਆਂ ਰੱਬੀ ਬਰਕਤਾਂ ’ਤੇ ਅਥਾਹ ਵਿਸ਼ਵਾਸ ਸੀ। ਭਗਤ ਜੀ ਹਰ ਵੇਲੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਰਹਿੰਦੇ ਸਨ ਅਤੇ ਸਮਝਦੇ ਸਨ ਕਿ ਗੁਰੂ ਮਹਾਰਾਜ ਦੀ ਅਥਾਹ ਕਿਰਪਾ ਬਗੈਰ ਉਹ ਪਿੰਗਲਵਾੜੇ ਜਿਹੀ ਮਹਾਨ ਸੰਸਥਾ ਦੀ ਸ਼ੁਰੂਆਤ ਕਰਕੇ ਇਸ ਨੂੰ ਚਲਾਉਣ ਤੋਂ ਅਸਮਰਥ ਰਹਿੰਦੇ। ਉਨ੍ਹਾਂ ਦਾ ਜੀਵਨ ਆਦਰਸ਼ ਭਗਤ ਕਬੀਰ ਜੀ ਦਾ ਇਹ ਸਲੋਕ ਸੀ:
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ।।
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ।।
(ਅੰਗ 1367, ਗੁਰੂ ਗ੍ਰੰਥ ਸਾਹਿਬ ਜੀ)
ਭਗਤ ਜੀ ਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ‘ਪਦਮਸ੍ਰੀ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ 1991 ਵਿੱਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਲੁਧਿਆਣਾ ਵੱਲੋਂ ਭਾਈ ਘਨ੍ਹੱਈਆ ਐਵਾਰਡ, ਬੀਡੀ ਮੁਕੰਦ ਫਾਊਂਡੇਸ਼ਨ ਵੱਲੋਂ 1991 ਵਿੱਚ ਲੋਕ ਰਤਨ ਐਵਾਰਡ ਅਤੇ 1991-92 ਵਿੱਚ ਭਾਰਤ ਸਰਕਾਰ ਵੱਲੋਂ ਕੌਮੀ ਸਦਭਾਵਨਾ ਐਵਾਰਡ ਦਿੱਤਾ ਗਿਆ। ਭਗਤ ਪੂਰਨ ਸਿੰਘ ਨੂੰ ਉਨ੍ਹਾਂ ਦੇ ਪਰਉਪਕਾਰੀ ਕਾਰਜਾਂ ਸਦਕਾ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਸਨਮਾਨਿਤ ਕੀਤਾ। 1984 ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਪਦਮਸ੍ਰੀ ਐਵਾਰਡ ਵਾਪਸ ਕਰ ਦਿੱਤਾ ਸੀ। ਭਗਤ ਪੂਰਨ ਸਿੰਘ 5 ਅਗਸਤ 1992 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਭਗਤ ਜੀ ਦੀ ਅੰਤਿਮ ਅਰਦਾਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਮੇਟੀ ਵੱਲੋਂ ਪਿੰਗਲਵਾੜੇ ਨੂੰ 25000 ਰੁਪਏ ਮਾਸਿਕ ਸਹਾਇਤਾ ਦਿੱਤੀ ਜਾਇਆ ਕਰੇਗੀ। ਸ਼੍ਰੋਮਣੀ ਕਮੇਟੀ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ‘ਸ਼੍ਰੋਮਣੀ ਸੇਵਾ ਸਨਮਾਨ’ ਵੀ ਸ਼ੁਰੂ ਕੀਤਾ ਗਿਆ। ‘ਪੰਜਾਬ ਹੈਰੀਟੇਜ ਆਰਗੇਨਾਈਜੇਸ਼ਨ ਆਫ ਸ਼ਿਕਾਗੋ’ ਨੇ ਵੀ 'ਭਗਤ ਪੂਰਨ ਸਿੰਘ ਸੇਵਾ ਪੁਰਸਕਾਰ' ਸ਼ੁਰੂ ਕੀਤਾ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ, 2004 ਨੂੰ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਸੀ।
ਮਨੁੱਖਤਾ ਦੇ ਮਸੀਹਾ ਭਗਤ ਪੂਰਨ ਸਿੰਘ ਜੀ ਭਾਵੇਂ ਸਰੀਰਕ ਤੌਰ ’ਤੇ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਸਦਕਾ ਉਹ ਹਮੇਸ਼ਾ ਹੀ ਜੀਵਤ ਰਹਿਣਗੇ। ਭਗਤ ਪੂਰਨ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਪਿੰਗਲਵਾੜਾ ਸਮਾਜ ਵਿੱਚ ਆਪਣਿਆਂ ਵੱਲੋਂ ਹੀ ਦੁਰਕਾਰੇ ਗਏ ਸੈਂਕੜੇ ਲੋਕਾਂ ਲਈ ਪਨਾਹ ਦੀ ਜਗ੍ਹਾ ਹੈ ਅਤੇ ਦੀਨ-ਦੁਖੀ ਤੇ ਨਿਆਸਰਿਆਂ ਲਈ ਆਸ ਦੀ ਕਿਰਨ। ਪਿੰਗਲਵਾੜੇ ਦਾ ਮਹੀਨਾਵਾਰੀ ਖਰਚਾ ਲੱਖਾਂ ਰੁਪਏ ਹੈ, ਜਿਸ ਨੂੰ ਪਿੰਗਲਵਾੜਾ ਦੇ ਸੇਵਾਦਾਰ ਦਾਨ ਰਾਹੀਂ ਇਕੱਠਾ ਕਰਦੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਲੋਕ ਭਲਾਈ ਦੇ ਕਾਰਜ ਵਿੱਚ ਕੁਝ ਨਾ ਕੁਝ ਆਪਣਾ ਯੋਗਦਾਨ ਪਾਈਏ। ਇਹੀ ਭਗਤ ਪੂਰਨ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੰਪਰਕ: 97812-00168

Advertisement
Author Image

Gurpreet Singh

View all posts

Advertisement