ਨਿਆਗਰਾ ਫਾਲ ਦੀ ਯਾਤਰਾ
ਡਾ. ਰਣਜੀਤ ਸਿੰਘ
ਨਿਆਗਰਾ ਫਾਲ ਬਾਰੇ ਬਹੁਤ ਕੁਝ ਸੁਣਿਆ ਅਤੇ ਪੜ੍ਹਿਆ ਸੀ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਉੱਤੇ ਇਸ ਸਾਂਝੇ ਦਰਸ਼ਨੀ ਸਥਾਨ ਨੂੰ ਵੇਖਣ ਹਰ ਸਾਲ ਦੁਨੀਆ ਦੇ ਹਰ ਹਿੱਸੇ ਵਿੱਚੋਂ ਲੱਖਾਂ ਲੋਕ ਆਉਂਦੇ ਹਨ। ਜਿਵੇਂ ਸਤਲੁਜ ਨਦੀ ਉੱਤੇ ਭਾਖੜਾ ਬੰਨ੍ਹ ਬਣਾ ਕੇ ਪਾਣੀ ਨੂੰ ਉੱਚੇ ਥਾਂ ਤੋਂ ਹੇਠਾਂ ਸੁੱਟਿਆ ਗਿਆ ਹੈ, ਉਸੇ ਤਰ੍ਹਾਂ ਨਿਆਗਰਾ ਵਿਖੇ ਦਰਿਆ ਦਾ ਪਾਣੀ ਕੁਦਰਤੀ ਤੌਰ ’ਤੇ ਬਹੁਤ ਉਚਾਈ ਤੋਂ ਡਿੱਗਦਾ ਹੈ ਅਤੇ ਬਹੁਤ ਸੁੰਦਰ ਨਜ਼ਾਰਾ ਪੇਸ਼ ਕਰਦਾ ਹੈ। ਕਾਰਨਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਿਆਂ ਇੱਕ ਛੁੱਟੀ ਵਾਲੇ ਦਿਨ ਨਿਆਗਰਾ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮਨ ਬਹੁਤ ਪ੍ਰਸੰਨ ਹੋਇਆ। ਇਹ ਫੇਰੀ ਸਾਡੀ ਆਪਣੀ ਮਰਜ਼ੀ ’ਤੇ ਹੀ ਸੀ, ਪਰ ਇਸ ਬਾਰੇ ਦੂਜੀ ਵੇਰ ਸੋਚਣ ਦਾ ਸਵਾਲ ਹੀ ਨਹੀਂ ਉੱਠਦਾ। ਸਿਰਫ਼ 50 ਡਾਲਰ ਦਾ ਖਰਚਾ ਸੀ। ਉਂਝ ਵੀ ਜਦੋਂ ਤੁਸੀਂ ਇੱਕ ਗਰੁੱਪ ਵਿੱਚ ਦਰਸ਼ਨੀ ਸਥਾਨ ਨੂੰ ਵੇਖਦੇ ਹੋ ਤਾਂ ਉਸ ਦਾ ਆਨੰਦ ਹੋਰ ਵੀ ਵਧ ਜਾਂਦਾ ਹੈ। ਸ਼ਨਿੱਚਰਵਾਰ ਸਵੇਰੇ 7.30 ਵਜੇ ਨਿਆਗਰਾ ਲਈ ਚਲਣ ਦਾ ਪ੍ਰੋਗਰਾਮ ਬਣਾਇਆ। ਅਮਰੀਕਾ ਵਿੱਚ ਅੱਠ ਵਜੇ ਤੀਕ ਸਾਰੇ ਦਫ਼ਤਰ ਤੇ ਕੰਮਕਾਜੀ ਅਦਾਰੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਕਰਕੇ ਚੱਲਣ ਦਾ ਸਮਾਂ ਕੋਈ ਬਹੁਤਾ ਸੁਵਖਤੇ ਨਹੀਂ ਸੀ। ਦੋ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਇਹ ਦੋਵੇਂ ਗੱਡੀਆਂ ਯੂਨੀਵਰਸਿਟੀ ਦੇ ਪ੍ਰੋਫੈਸਰ ਆਪ ਹੀ ਚਲਾ ਰਹੇ ਸਨ। ਜੇਕਰ ਕੋਈ ਬੱਸ ਕਿਰਾਏ ਉੱਤੇ ਲਈ ਜਾਂਦੀ ਤਾਂ ਉਹ ਮਹਿੰਗੀ ਪੈ ਸਕਦੀ ਸੀ। ਸਵੇਰੇ ਟੁਰਨ ਤੋਂ ਪਹਿਲਾਂ ਸਾਰੇ ਦਿਨ ਦਾ ਪ੍ਰੋਗਰਾਮ ਸਾਨੂੰ ਦੇ ਦਿੱਤਾ ਗਿਆ।
ਇਹ ਗੱਡੀਆਂ ਛੋਟੀ ਵੈਨ ਵਰਗੀਆਂ ਫੋਰਡ ਕੰਪਨੀਆਂ ਦੀਆਂ ਸਨ, ਜਿਨ੍ਹਾਂ ਵਿੱਚ ਨੌਂ ਕੁ ਆਦਮੀ ਬੈਠ ਸਕਦੇ ਹਨ। ਸਾਰਾ ਸਫ਼ਰ ਕੋਈ ਚਾਰ ਕੁ ਘੰਟੇ ਦਾ ਸੀ। ਦੋ ਕੁ ਘੰਟੇ ਦੇ ਸਫ਼ਰ ਪਿੱਛੋਂ ਵਾਟਰਲੂ ਸ਼ਹਿਰ ਤੋਂ ਅਸੀਂ ਸੂਬੇ ਦੀ ਮੁੱਖ ਸੜਕ ਉੱਤੇ ਪੁੱਜ ਗਏ। ਇਹ ਸੜਕ ਪੂਰਬੀ ਅਮਰੀਕਾ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਜਾਂਦੀ ਹੈ।
ਨਿਆਗਰਾ ਇੱਕ ਨਿੱਕਾ ਜਿਹਾ ਸ਼ਹਿਰ ਹੈ। ਅਸਲ ਵਿੱਚ ਇਹ ਸ਼ਹਿਰ ਵਸਿਆ ਹੀ ਸੈਲਾਨੀਆਂ ਕਰਕੇ ਹੈ। ਇੱਥੇ ਬਹੁਤੇ ਹੋਟਲ ਹਨ ਜਾਂ ਕੁਝ ਵੱਡੇ ਸਟੋਰ। ਇਹ ਅਮਰੀਕਾ ਅਤੇ ਕੈਨੇਡਾ ਦੀ ਹੱਦ ਉੱਤੇ ਸਥਿਤ ਹੈ। ਦੋਵਾਂ ਦੇਸ਼ਾਂ ਨੂੰ ਨਿਆਗਰਾ ਦਰਿਆ ਹੀ ਅੱਡ ਕਰਦਾ ਹੈ। ਇਸ ਦਰਿਆ ਉੱਤੇ ਬਣਿਆ ਪੁਲ ਦੋਵਾਂ ਦੇਸ਼ਾਂ ਨੂੰ ਜੋੜਦਾ ਹੈ। ਨਿਆਗਰਾ ਆਬਸ਼ਾਰ (ਜਲਧਾਰਾ) ਦੋਵੇਂ ਦੇਸ਼ਾਂ ਵਾਲੇ ਪਾਸਿਓਂ ਵੇਖੀ ਜਾ ਸਕਦੀ ਹੈ। ਦੋਵਾਂ ਦੇਸ਼ਾਂ ਦਾ ਮੁਕਾਬਲਾ ਵੀ ਹੈ। ਕੈਨੇਡਾ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਦੇ ਪਾਸਿਓਂ ਜਲਧਾਰਾ ਦਾ ਨਜ਼ਾਰਾ ਵਧੇਰੇ ਸੁੰਦਰ ਹੈ ਜਦੋਂਕਿ ਅਮਰੀਕਾ ਵਾਲੇ ਆਪਣੇ ਪਾਸੇ ਨੂੰ ਵਧੇਰੇ
ਸੁੰਦਰ ਗਿਣਦੇ ਹਨ। ਦੋਵਾਂ ਪਾਸਿਓਂ ਇਨ੍ਹਾਂ ਨੂੰ ਵੇਖਣ ਦਾ ਢੰਗ ਤਰੀਕਾ ਇੱਕ ਹੀ ਹੈ। ਦੋਵੀਂ ਪਾਸੀਂ ਵੇਖਣ ਲਈ ਉੱਚੇ ਮੀਨਾਰ ਹਨ ਅਤੇ ਦੋਵਾਂ ਪਾਸਿਓਂ ਤੋਂ ਇੱਕੋ
ਕਿਸਮ ਦੀਆਂ ਕਿਸ਼ਤੀਆਂ ਸੈਲਾਨੀਆਂ ਨੂੰ ਸੈਰ ਕਰਵਾਉਂਦੀਆਂ ਹਨ। ਇਨ੍ਹਾਂ ਦੀ ਪਛਾਣ ਕੇਵਲ ਕਿਸ਼ਤੀ ਉੱਤੇ ਲੱਗੇ ਝੰਡੇ ਤੋਂ ਹੀ ਹੋ ਸਕਦੀ ਹੈ। ਮਿਥੇ ਪ੍ਰੋਗਰਾਮ ਅਨੁਸਾਰ ਗੱਡੀਆਂ ਪਾਰਕ ਕਰਕੇ ਅਸੀਂ ਟਿਕਟਾਂ
ਖਰੀਦ ਲਈਆਂ ਤਾਂ ਜੋ ਵੇਖਣ ਵਾਲੇ ਮੀਨਾਰ ਅੰਦਰ ਜਾਇਆ ਜਾ ਸਕੇ। ਜਲਧਾਰਾ ਬੜੀ ਉੱਚੀ ਥਾਂ ਤੋਂ ਗਿਰਦੀ ਹੈ। ਇਸ ਕਰਕੇ ਹੇਠਾਂ ਦਰਿਆ ਬਹੁਤ ਡੂੰਘਾ ਵਗਦਾ ਹੈ। ਦੋਵਾਂ ਦੇਸ਼ਾਂ ਨੂੰ ਜੋੜਨ ਵਾਲਾ ਪੁਲ ਇੰਝ ਲਗਦਾ ਹੈ ਜਿਵੇਂ ਹਵਾ ਵਿੱਚ ਲਟਕਿਆ ਹੋਵੇ। ਦਰਿਆ ਦੇ ਹੇਠਾਂ ਤੀਕ ਜਾਣ ਲਈ ਮੀਨਾਰ ਵਿੱਚ ਲੱਗੀ ਲਿਫਟ ਰਾਹੀਂ ਜਾਇਆ ਜਾ ਸਕਦਾ ਹੈ। ਇਹ ਲਿਫਟ ਹੇਠਾਂ ਦਰਿਆ ਦੀ ਤਹਿ ਤੀਕ ਲੈ ਜਾਂਦੀ ਹੈ ਅਤੇ ਇਸੇ ਤਰ੍ਹਾਂ ਮੀਨਾਰ ਦੀ ਛੱਤ ਉੱਤੇ ਵੀ ਲੈ ਜਾਂਦੀ ਹੈ, ਜਿੱਥੇ ਖੜ੍ਹੇ ਹੋ ਕੇ ਦੂਰ ਤੀਕ ਵੇਖਿਆ ਜਾ ਸਕਦਾ ਹੈ। ਇੱਥੋਂ ਕੈਨੇਡਾ ਵਾਲਾ ਪਾਸਾ ਵੀ ਸਾਫ਼ ਦਿਖਾਈ ਦਿੰਦਾ ਹੈ। ਦਰਿਆ ਦੇ ਦੂਜੇ ਕੰਢੇ ਇਸੇ ਤਰ੍ਹਾਂ ਦਾ ਮੀਨਾਰ ਕੈਨੇਡਾ ਦਾ ਵੀ ਹੈ। ਅਮਰੀਕੀ ਪਾਸੇ ਦੀ ਜਲਧਾਰਾ 180 ਫੁੱਟ ਉੱਚੀ ਹੈ ਜਦੋਂਕਿ ਕੈਨੇਡਾ ਪਾਸੇ ਇਹ 170 ਫੁੱਟ ਉੱਚੀ ਹੈ। ਅਮਰੀਕੀ ਪਾਸੇ ਇਸ ਦੀ ਚੌੜਾਈ 1100 ਫੁੱਟ ਹੈ ਜਦੋਂਕਿ ਕੈਨੇਡਾ ਵਾਲੇ ਪਾਸੇ ਇਹ ਚੌੜਾਈ 2500 ਫੁੱਟ ਹੈ। ਕੈਨੇਡਾ ਵਾਲੇ ਪਾਸੇ ਪਾਣੀ ਵਧੇਰੇ ਮਿਕਦਾਰ ਵਿੱਚ ਡਿਗਦਾ ਹੈ, ਇਸ ਕਰਕੇ ਇੱਥੇ ਪਾਣੀ ਦਾ ਰੰਗ ਹਰਾ ਨਜ਼ਰ ਆਉਂਦਾ ਹੈ। ਜਦੋਂ ਹੇਠਾਂ ਦਰਿਆ ਵਿੱਚ ਪਾਣੀ ਡਿੱਗਦਾ ਹੈ ਤਾਂ ਉੱਥੇ ਝੱਗ ਹੋ ਜਾਂਦੀ ਹੈ ਅਤੇ ਧੁੰਦ ਪਈ ਜਾਪਦੀ ਹੈ। ਆਬਸ਼ਾਰ ਦੇ ਬਿਲਕੁਲ ਨੇੜੇ ਜਾਣ ’ਤੇ ਪਾਣੀ ਦੇ ਛਿੱਟੇ ਪੈਂਦੇ ਹਨ ਅਤੇ ਮਨੁੱਖ ਭਿੱਜ ਜਾਂਦਾ ਹੈ। ਇਸ ਕਰਕੇ ਜੇਕਰ ਕੋਈ ਨੇੜੇ ਜਾਣਾ ਚਾਹੇ ਤਾਂ ਉੱਥੇ ਕਿਰਾਏ ਉੱਤੇ ਰੇਨਕੋਟ ਵਰਗਾ ਗਾਊਨ ਮਿਲ ਜਾਂਦਾ ਹੈ, ਜਿਸ ਨਾਲ ਤੁਹਾਡੇ ਕੱਪੜੇ ਖ਼ਰਾਬ ਨਹੀਂ ਹੁੰਦੇ। ਦੋਵੇਂ ਪਾਸਿਆਂ ਤੋਂ ਕਿਸ਼ਤੀਆਂ ਚੱਲਦੀਆਂ ਹਨ ਜਿਹੜੀਆਂ ਮੁਸਾਫ਼ਿਰਾਂ ਨੂੰ ਬਿਲਕੁਲ ਜਲਧਾਰਾ ਦੇ ਨੇੜੇ ਲੈ ਜਾਂਦੀਆਂ ਹਨ। ਇਨ੍ਹਾਂ ਕਿਸ਼ਤੀਆਂ ਵਿੱਚ ਸਾਰੀਆਂ ਸਵਾਰੀਆਂ ਨੂੰ ਰੇਨ ਕੋਟ ਵਰਗੇ ਗਾਊਨ ਪੁਆ ਦਿੱਤੇ ਜਾਂਦੇ ਹਨ। ਇਨ੍ਹਾਂ ਨੂੰ ‘ਮੇਡ ਆਫ ਦਾ ਮਿਸਟ’ ਆਖਿਆ ਜਾਂਦਾ ਹੈ। ਇਹ ਕਿਸ਼ਤੀਆਂ ਅਮਰੀਕੀ ਜਲਧਾਰਾ ਅਤੇ ਕੈਨੇਡੀਅਨ ਜਲਧਾਰਾ ਜਿਸ ਨੂੰ ਹਾਰਸ ਸ਼ੂ (ਘੋੜੇ ਦਾ ਖੁਰ) ਆਖਿਆ ਜਾਂਦਾ ਹੈ, ਦੇ ਬਿਲਕੁਲ ਕੋਲ ਲੈ ਜਾਂਦੀਆਂ ਹਨ। ਇਹ ਸਾਰਾ ਚੱਕਰ ਅੱਧੇ ਘੰਟੇ ਵਿੱਚ ਲਾ ਕੇ ਮੁੜ ਆਪਣੀ ਥਾਂ ਆ ਜਾਂਦੀਆਂ ਹਨ। ਇਸ ਜਲਧਾਰਾ ਦਾ ਪਾਣੀ ਪਿੱਛੋਂ ਚਾਰ ਵੱਡੀਆਂ ਝੀਲਾਂ ਵਿੱਚੋਂ ਆਉਂਦਾ ਹੈ ਤੇ ਇੱਥੇ ਆ ਕੇ ਨਿਆਗਰਾ ਦਰਿਆ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਦਰਿਆ ਓਂਟਾਰੀਓ ਝੀਲ ਵਿੱਚ ਜਾ ਪੈਂਦਾ ਹੈ। ਝੀਲ ਵਿੱਚੋਂ ਸੇਂਟ ਲਾਰੈਂਸ ਦਰਿਆ ਰਾਹੀਂ ਪਾਣੀ ਐਟਲਾਂਟਿਕ ਮਹਾਂਸਾਗਰ ਵਿੱਚ ਜਾ ਡਿੱਗਦਾ ਹੈ। ਇਸ ਜਲਧਾਰਾ ਤੋਂ ਇੱਕ ਘੰਟੇ ਵਿੱਚ ਲਗਭਗ ਸਾਢੇ ਪੰਜ ਕਰੋੜ ਗੈਲਨ ਪਾਣੀ ਡਿੱਗਦਾ ਹੈ। ਇਸ ਵਿੱਚੋਂ ਅੱਧੇ ਪਾਣੀ ਨੂੰ ਅਮਰੀਕਾ ਅਤੇ ਕੈਨੇਡਾ ਬਿਜਲੀ ਬਣਾਉਣ ਲਈ ਵਰਤਦੇ ਹਨ। ਆਖਿਆ ਜਾਂਦਾ ਹੈ ਕਿ ਇਹ ਸੰਸਾਰ ਦੀ ਸਭ ਤੋਂ ਵੱਡੀ ਪਣਬਿਜਲੀ ਯੋਜਨਾ ਹੈ। ਇੱਥੇ ਅਸੀਂ ਕਾਫ਼ੀ ਦੇਰ ਘੁੰਮਦੇ ਰਹੇ। ਹੇਠਾਂ ਹੀ ਇੱਕ ਨਿੱਕੀ ਜਿਹੀ ਦੁਕਾਨ ਵਿੱਚ ਯਾਦ ਨਿਸ਼ਾਨੀਆਂ ਵੇਚੀਆਂ ਜਾਂਦੀਆਂ ਹਨ। ਉੱਥੋਂ ਕੁਝ ਚੀਜ਼ਾਂ ਖਰੀਦੀਆਂ। ਇੱਥੋਂ ਮੁੜ ਟਾਵਰ ਵਾਲੀ ਲਿਫਟ ਰਾਹੀਂ ਟਾਵਰ ਦੀ ਚੋਟੀ ਉੱਤੇ ਪੁੱਜ ਗਏ। ਇੱਥੋਂ ਬਹੁਤ ਸੁੰਦਰ ਨਜ਼ਾਰਾ ਨਜ਼ਰ ਆਉਂਦਾ ਹੈ। ਹਰ ਪਾਸੇ ਪਾਣੀ ਹੀ ਪਾਣੀ ਵਿਖਾਈ ਦਿੰਦਾ ਹੈ। ਇਹ ਜਲਧਾਰਾ ਬਹੁਤ ਪੁਰਾਣੀ ਸਮਝੀ ਜਾਂਦੀ ਹੈ। ਥੋੜ੍ਹੀ ਦੇਰ ਉੱਤੋਂ ਨਜ਼ਾਰਾ ਵੇਖਣ ਪਿੱਛੋਂ ਅਸੀਂ ਮੁੜ ਧਰਤੀ ਉੱਤੇ ਆ ਗਏ।
ਅਗਲਾ ਪ੍ਰੋਗਰਾਮ ਬਣਾਇਆ ਗਿਆ। ਸਾਰੇ ਬਾਹਰ ਖੜ੍ਹੀਆਂ ਗੱਡੀਆਂ ਵਿੱਚ ਬੈਠ ਕੇ ‘ਗੋਟ ਆਈਲੈਂਡ’ (ਬਕਰੀ ਜਜ਼ੀਰੇ) ਵੇਖਣ ਚੱਲ ਪਏ। ਇਹ ਨਿੱਕੇ-ਨਿੱਕੇ ਟਾਪੂ ਹਨ ਜਿਨ੍ਹਾਂ ਨੂੰ ਇੱਕ ਦੂਜੇ ਨਾਲ ਛੋਟੇ ਪੁਲਾਂ ਰਾਹੀਂ ਜੋੜਿਆ ਗਿਆ ਹੈ। ਇਨ੍ਹਾਂ ਟਾਪੂਆਂ ਵਿੱਚ ਘੁੰਮਦੇ ਫਿਰਦੇ ਮੁੱਖ ਦਰਿਆ ਤੀਕ ਪੁੱਜਿਆ ਜਾ ਸਕਦਾ ਹੈ। ਇੱਥੇ ਦਰਿਆ ਵਿਸ਼ਾਲ ਰੂਪ ਵਿੱਚ ਫੈਲਿਆ ਹੋਇਆ ਹੈ ਜਦੋਂਕਿ ਜਲਧਾਰਾ ਦੇ ਨੇੜੇ ਇਹ ਡੂੰਘੀ ਖੱਡ ਵਾਂਗ ਹੈ। ਹੁਣ ਸਾਡੀ ਵਾਪਸੀ ਦਾ ਸਮਾਂ ਹੋ ਗਿਆ ਸੀ। ਇੱਥੋਂ ਦਾ ਨਜ਼ਾਰਾ ਏਨਾ ਸੁੰਦਰ ਹੈ ਕਿ ਵਾਪਸ ਆਉਣ ਨੂੰ ਮਨ ਹੀ ਨਹੀਂ ਸੀ ਕਰਦਾ।