ਨਾ-ਮਿਲਵਰਤਣ ਤੇ ਸਵਦੇਸ਼ੀ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ
ਡਾ. ਲਖਵੀਰ ਸਿੰਘ ਨਾਮਧਾਰੀ
ਐਨਸਾਈਕਲੋਪੀਡੀਆ ਬ੍ਰਿਟੇਨਿਕਾ ਦੇ ਅੱਠਵੇਂ ਭਾਗ ਦੇ ਪੰਨਾ 142 ‘ਤੇ ਲਿਖਿਆ ਹੈ ਕਿ “ਗੁਰੂ ਰਾਮ ਸਿੰਘ ਸਿੱਖ ਦਾਰਸ਼ਨਿਕ, ਸੁਧਾਰਕ, ਅੰਗਰੇਜ਼ੀ ਵਪਾਰ ਅਤੇ ਨੌਕਰੀਆਂ ਪ੍ਰਤੀ ਨਾ-ਮਿਲਵਰਤਣ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲਾ ਪਹਿਲਾ ਭਾਰਤੀ ਹੈ।”
ਭਾਰਤ ਦੇ ਇਤਿਹਾਸ ਦਾ ਘੋਖਵੀਂ ਨਜ਼ਰ ਨਾਲ ਅਧਿਐਨ ਕਰੀਏ ਤਾਂ ਦੇਸ਼ ਦੀ ਆਜ਼ਾਦੀ ਲਈ ਕੂਕਾ ਅੰਦੋਲਨ ਦੀਆਂ ਜਿੰਨ੍ਹੀਆਂ ਵੱਡੀਆਂ ਕੁਰਬਾਨੀਆਂ ਹਨ ਅਤੇ ਜਿੰਨੇ ਵੱਡੇ ਪੱਧਰ ’ਤੇ ਵਿਆਪਕ ਰੂਪ ਵਿੱਚ ਸਤਿਗੁਰੂ ਰਾਮ ਸਿੰਘ ਨੇ ਹੈਰਾਨ ਕਰਨ ਵਾਲੇ ਅਧਿਆਇ ਦੀ ਸਿਰਜਣਾ ਕੀਤੀ ਹੈ, ਉਸ ਮੁਤਾਬਿਕ ਇਸ ਯੁੱਗ ਪਲਟਾਊ ਲਹਿਰ ਦੀ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚ ਸਕੀ। ਇੱਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਬਸੰਤ ਪੰਚਮੀ ਵਾਲੇ ਦਿਨ 1816 ਈਸਵੀ ਨੂੰ ਪਿਤਾ ਜੱਸਾ ਸਿੰਘ ਅਤੇ ਮਾਤਾ ਸਦਾ ਕੌਰ ਦੇ ਘਰ ਪਿੰਡ ਰਾਈਆਂ ਭੈਣੀ, ਜ਼ਿਲ੍ਹਾ ਲੁਧਿਆਣਾ ਵਿੱਚ ਜਨਮੇ ਸਤਿਗੁਰੂ ਰਾਮ ਸਿੰਘ ਜੀ ਨੇ ਬਸਤੀਵਾਦੀ ਅੰਗਰੇਜ਼ ਸਾਮਰਾਜ ਦੀਆਂ ਭਾਰਤ ਵਿੱਚੋਂ ਜੜ੍ਹਾਂ ਪੁੱਟਣ ਲਈ ਸੁਤੰਤਰਤਾ ਸੰਗਰਾਮ ਨੂੰ ਪੰਜਾਬ ਦੀ ਧਰਤੀ ਤੋਂ ਰੂਸ ਦਰਬਾਰ ਤੱਕ ਫੈਲਾਅ ਦਿੱਤਾ। ਉਹ ਬਰਤਾਨੀਆ ਬਸਤੀਵਾਦੀਆਂ ਦੇ ਰਾਜ ਪ੍ਰਬੰਧ ਵਿਰੁੱਧ ਦੇਸ਼ ਨੂੰ ਗੁਲਾਮੀ ਦੀ ਜਿਲ੍ਹਣ ਵਿੱਚੋਂ ਕੱਢਣ ਲਈ ਲੜੀ ਜਾਣ ਵਾਲੀ ਜੰਗ ਦੇ ਪਲੇਠੇ ਝੰਡਾਬਰਦਾਰ ਹਨ। ਸਤਿਗੁਰੂ ਰਾਮ ਸਿੰਘ ਜਿੱਥੇ ਨਾ-ਮਿਲਵਰਤਣ ਅਤੇ ਸਵਦੇਸ਼ੀ ਦੇ ਬਾਨੀ ਹਨ ਉਥੇ ਉਨ੍ਹਾਂ ਸਮਾਜ ਵਿੱਚ ਧਾਰਮਿਕ, ਸਦਾਚਾਰਕ ਅਤੇ ਰਾਜਨੀਤਿਕ ਚੇਤਨਤਾ ਦੇ ਨਾਲ-ਨਾਲ ਗੁਰਮਤਿ ਅਤੇ ਰੂਹਾਨੀ ਸ਼ਕਤੀਆਂ ਦਾ ਸੰਚਾਰ ਵੀ ਕੀਤਾ । ਸਤਿਗੁਰੂ ਰਾਮ ਸਿੰਘ ਨੇ ਦੇਸ਼ ਵਿੱਚ ਅਜਿਹੇ ਇਨਕਲਾਬ ਦੀ ਸਿਰਜਣਾ ਕੀਤੀ ਜਿਸ ਦਾ ਵਿਸਲੇਸ਼ਣ ਕਰਕੇ ਅੱਜ ਵੀ ਦੇਸ਼ ਫਿਰਕੂ, ਰਾਜਨੀਤਿਕ ਅਤੇ ਧਾਰਮਿਕ ਕੱਟੜਤਾ ਦੀਆਂ ਉਲਝਣਾਂ ਵਿੱਚੋਂ ਨਿਕਲ ਕੇ ਮੁਕਤੀ ਪ੍ਰਾਪਤ ਕਰ ਸਕਦਾ ਹੈ ।
ਉਸ ਵਕਤ ਦੀ ਪੰਜਾਬ ਦੀ ਰਾਜਨੀਤਿਕ ਸਥਿਤੀ ਦਾ ਮੁਲਾਂਕਣ ਕਰੀਏ ਤਾਂ 29 ਮਾਰਚ 1849 ਈਸਵੀ ਨੂੰ ਪੰਜਾਬ ਦੀ ਖਾਲਸਾ ਹਕੂਮਤ ਦਾ ਆਖਰੀ ਦਰਬਾਰ ਸਜਿਆ। ਅੰਗਰੇਜ਼ ਅਧਿਕਾਰੀ ਇਲੀਅਟ ਅਤੇ ਸਰ ਲਾਰੈਂਸ ਵੱਲੋਂ ਘੋਸ਼ਣਾ ਪੱਤਰ ਤੇ ਦਸਤਖ਼ਤ ਕਰਵਾਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦੀ ਗੱਦੀ ਤੋਂ ਉਤਾਰ ਦਿੱਤਾ ਗਿਆ। ਅੰਗਰੇਜ਼ ਗਵਰਨਰ ਡਲਹੌਜ਼ੀ ਨੇ ਐਲਾਨ ਕਰ ਦਿੱਤਾ ਕਿ ਰਾਜਨੀਤਿਕ ਪੱਖ ਤੋਂ ਸਿੱਖਾਂ ਦੀ ਹੋਂਦ ਖ਼ਤਮ ਕਰ ਦਿੱਤੀ ਗਈ ਹੈ |
ਬਚਪਨ ਵਿੱਚ ਹੀ ਜਿੱਥੇ ਸਤਿਗੁਰੂ ਰਾਮ ਸਿੰਘ ਆਪਣੇ ਪਿਤਾ ਜੀ ਨਾਲ ਖੇਤੀ ਅਤੇ ਸੇਪੀ ਦਾ ਕੰਮ ਕਰਾਉਂਦੇ, ਉਥੇ ਗੁਰਬਾਣੀ, ਸਿਮਰਨ ਅਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ। ਦੇਸ਼ ਵਿੱਚ ਘੋਰ ਗੁਲਾਮੀ ਦੇ ਸਮੇਂ 1837 ਈਸਵੀ ਵਿੱਚ ਸਤਿਗੁਰੂ ਰਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਏ। ਫੌਜੀ ਜੀਵਨ ਦੌਰਾਨ ਹੀ ਉਹਨਾਂ ਦਾ ਮੇਲ ਹਜਰੋਂ ਨਿਵਾਸੀ ਸਤਿਗੁਰੂ ਬਾਲਕ ਸਿੰਘ ਨਾਲ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ 1839 ਈਸਵੀ ਵਿੱਚ ਮੌਤ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਨੇ ਰਾਜਗੱਦੀ ਲਈ ਸ਼ਾਹੀ ਪਰਿਵਾਰ ਵਿੱਚ ਹੋਏ ਕਤਲੇਆਮ ਅਤੇ ਸਿੱਖ ਰਾਜ ਦੀ ਢਹਿੰਦੀ ਕਲਾ ਨੂੰ ਅੱਖੀਂ ਵੇਖਿਆ। ਉਸ ਦੁੱਖਦਾਈ ਸਮੇਂ ਵਿੱਚ ਦੇਸ਼ ਦੇ ਰਾਜੇ ਵੀ ਗਦਾਰ ਅਤੇ ਦੇਸ਼ਧ੍ਰੋਹੀ ਹੋ ਗਏ ਸਨ, ਜਿੰਨ੍ਹਾਂ ਅੰਗਰੇਜ਼ਾਂ ਨਾਲ ਗੰਢ-ਤੁਪ ਕਰ ਲਈ ਸੀ । 1845 ਈਸਵੀ ਵਿੱਚ ਮੁੱਦਕੀ ਦੀ ਲੜਾਈ ਸਮੇਂ ਫੌਜ ਦੀ ਨੌਕਰੀ ਛੱਡਕੇ ਆਪ ਰਾਈਆ ਭੈਣੀ ਆਪਣੇ ਪਿੰਡ ਆ ਗਏ ਅਤੇ ਦੇਸ਼ ਦੀ ਨਿੱਘਰਦੀ ਹਾਲਤ ਲਈ ਆਤਮ ਚੀਨਣ ਕੀਤਾ ਕਿ ਅਜਿੱਤ ਖਾਲਸੇ ਨਾਲ ਇਹ ਕੀ ਭਾਣਾ ਵਪਾਰ ਗਿਆ ਹੈ? ਆਪ ਇਸ ਸਿੱਟੇ ਤੇ ਪਹੁੰਚੇ ਕਿ ਖਾਲਸਾ ਗੁਰਮਤਿ ਮਾਰਗ ਤੋਂ ਭਟਕ ਗਿਆ ਹੈ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਧਰਮ ਵਿੱਚ ਵੱਡੇ ਸੁਧਾਰਾਂ ਲਈ ਨਿਯਮ ਉਲੀਕੇ। ਸਤਿਗੁਰੂ ਰਾਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਖਾਏ ਮਾਰਗ ’ਤੇ ਚੱਲਦਿਆਂ 12 ਅਪਰੈਲ 1857 ਈਸਵੀ ਨੂੰ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਪਾਹੁਲ ਅੰਮ੍ਰਿਤ ਛਕਾਇਆ ਅਤੇ ਕੂਕਾ ਅੰਦੋਲਨ ਦੀ ਨੀਂਹ ਰੱਖੀ। ਪੁਰਾਤਨ ਪੰਜਾਬ ਦੇ ਕੋਨੇ-ਕੋਨੇ ਵਿੱਚ ਵੱਡੇ ਪੱਧਰ ’ਤੇ ਗੁਰਮਤਿ ਦਾ ਪ੍ਰਚਾਰ ਕੀਤਾ। ਲੋਕਾਂ ਵਿੱਚ ਸਵੈਮਾਣ ਤੇ ਆਤਮ-ਵਿਸ਼ਵਾਸ ਦਾ ਮਾਦਾ ਭਰਿਆ। ਅੰਧਵਿਸ਼ਵਾਸ, ਸਮਾਜ ਲਈ ਮਾਰੂ ਅਤੇ ਰੂੜੀਵਾਦੀ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਉਠਾਈ। ਲਹੌਰ ਦੇ ਦੀਵਾਨ ਸ. ਬੂਟਾ ਸਿੰਘ ਦੀ “ਆਫਤਾਬ ਪ੍ਰੈਸ” ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਪੋਥੀਆਂ ਛਪਵਾਕੇ ਗੁਰਦੁਆਰਿਆਂ, ਧਰਮਸ਼ਾਲਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਅਤੇ ਸਮਾਜ ਨੂੰ ਗੁਰਬਾਣੀ ਨਾਲ ਜੋੜਿਆ। ਕੁੜੀਆਂ ਮਾਰਨ, ਵੇਚਣ, ਵੱਟਾ ਕਰਨ ਅਤੇ ਬਾਲ ਵਿਆਹ ’ਤੇ ਪਾਬੰਦੀ ਲਗਾਈ। ਵਿਧਵਾ ਵਿਆਹ ਯੋਗ ਠਹਿਰਾਇਆ। ਦਾਸੀ ਬਣ ਚੁੱਕੀ ਔਰਤ ਨੂੰ ਪੁਰਸ਼ ਦੇ ਬਰਾਬਰ ਦਾ ਰੁਤਬਾ ਦੇ ਕੇ ਇਕ ਜੂਨ 1863 ਈਸਵੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। 3 ਜੂਨ 1863 ਈਸਵੀ ਨੂੰ ਖਰਚੀਲੀਆਂ ਵਿਆਹ ਰਸਮਾਂ ਨੂੰ ਤਿਲਾਂਜਲੀ ਦੇਣ ਲਈ ਗੁਰਮਤਿ ਅਨੰਦ ਕਾਰਜ ਦਾ ਆਰੰਭ ਕੀਤਾ। ਸਿਰਦਾਰ ਕਪੂਰ ਸਿੰਘ ਆਈ.ਸੀ.ਐੱਸ ਆਪਣੀ ਪੁਸਤਕ ਸਪਤਸਿੰਗ ਵਿੱਚ ਸਤਿਗੁਰੂ ਰਾਮ ਸਿੰਘ ਸਬੰਧੀ ਲਿਖਦੇ ਹਨ,
“ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਭਾਰਤ ਦੀ ਹਜ਼ਾਰਾਂ ਵਰ੍ਹਿਆਂ ਦੀ ਤਵਾਰੀਖ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਇਆ ਜਿਸਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਇਤਨਾ ਹਮਾਗੀਰ ਤੇ ਉੱਚਾ ਰੱਖਿਆ ਹੋਵੇ ।”
ਬਸਤੀਵਾਦੀ ਅੰਗਰੇਜ਼ ਸਤਿਗੁਰੂ ਰਾਮ ਸਿੰਘ ਦੀ ਵਧਦੀ ਲੋਕਪ੍ਰਿਅਤਾ ਵੇਖਕੇ ਚਿੰਤਤ ਸੀ ਤੇ ਉਨ੍ਹਾਂ ਦਿਨਾਂ ਵਿੱਚ ਹੀ ਪੰਡਿਤਾਂ ਵੱਲੋਂ ਅਨੰਦ ਕਾਰਜ ਦੀ ਰੀਤੀ ਦਾ ਵਿਰੋਧ ਕਰਨ ਕਰਕੇ ਗੱਲ ਸਰਕਾਰੇ-ਦਰਬਾਰੇ ਪਹੁੰਚ ਗਈ ਤੇ ਅੰਗਰੇਜ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਨੂੰ ਭੈਣੀ ਸਾਹਿਬ ਤੋਂ ਬਾਹਰ ਜਾਣ ਅਤੇ ਪ੍ਰਚਾਰ ਕਰਨ ਤੇ ਪਾਬੰਦੀ ਲਗਾ ਦਿੱਤੀ। ਸਤਿਗੁਰੂ ਰਾਮ ਸਿੰਘ ਨੇ ਅਜਿਹੀਆਂ ਪ੍ਰਸਥਿਤੀਆਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਾਲੇ ਮਹਾਂ ਪੰਜਾਬ ਨੂੰ 22 ਹਿੱਸਿਆਂ ਵਿੱਚ ਵੰਡਕੇ 22 ਸੂਬੇ ਮਹਾਨ ਵਿਦਵਾਨ ਅਤੇ ਫੌਜੀ ਜੀਵਨ ਵੇਲੇ ਦੇ ਪੁਰਾਣੇ ਸਾਥੀ ਵੱਖ-ਵੱਖ ਇਲਾਕਿਆਂ ਵਿੱਚ ਨਿਯੁਕਤ ਕਰ ਦਿੱਤੇ ਜੋ ਗੁਰਮਤਿ ਅਤੇ ਕੂਕਾ ਅੰਦੋਲਨ ਦਾ ਪ੍ਰਚਾਰ ਕਰਦੇ। ਅੰਗਰੇਜ਼ ਬਸਤੀਵਾਦੀਆਂ ਦਾ ਪਤਨ ਕਰਕੇ ਸਿੱਖ ਸਵੈਰਾਜ ਮੁੜ ਸਥਾਪਤ ਕਰਨ ਲਈ ਸਤਿਗੁਰੂ ਰਾਮ ਸਿੰਘ ਦੇ ਇਸ ਅੰਗਰੇਜ਼ ਮੁਕਤੀ ਅੰਦੋਲਨ ਵਿੱਚ ਇਹ ਲਹਿਰ ਜਵਾਹਰਭਾਟੇ ਦਾ ਰੂਪ ਧਾਰਨ ਕਰ ਗਈ ਅਤੇ ਕਿਰਤੀ ਲੋਕਾਂ, ਸ਼ਾਹੀ ਘਰਾਣਿਆਂ, ਸਰਦਾਰਾਂ ਤੇ ਜਗੀਰਦਾਰਾਂ ਦੀਆਂ ਸਫ਼ਾ ਵਿੱਚ ਫੈਲ ਗਈ। ਪਿੰਡਾਂ ਦੇ ਪਿੰਡ ਲੱਖਾਂ ਲੋਕ ਨਾਮਧਾਰੀ ਸਜ ਗਏ। ਲੋਕਾਂ ਦੇ ਮੂੰਹਾਂ ’ਤੇ ਇਹ ਲੋਕ ਬੋਲੀਆਂ ਚੜ੍ਹ ਗਈਆਂ ਜੋ ਅੱਜ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਹਨ-
ਕੂਕਿਆਂ ਦਾ ਪੰਥ ਨਿਰਾਲਾ,
ਹੱਥਾਂ ਵਿੱਚ ਗੜ੍ਹਵੇ ਰੱਖਦੇ, ਗਲ ਵਿੱਚ ਉੱਨ ਦੀ ਮਾਲਾ,
ਅੰਗਰੇਜ਼ਾਂ ਦੀ ਈਨ ਨਾ ਮੰਨਦੇ,
ਮੰਗਿਆ ਦੇਣ ਨਾ ਹਾਲਾ,
ਰਾਜ ਅੰਗਰੇਜ਼ਾਂ ਦਾ ਚੰਦ ਰੋਜ ਦਾ ਚਾਲਾ......।
ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ ਸਾਮਰਾਜ ਵਿਰੁੱਧ ਹਥਿਆਰਬੰਦ ਲੜਾਈ ਦੀ ਥਾਂ ਨਾ-ਮਿਲਵਰਤਣ ਅਤੇ ਸਵਦੇਸ਼ੀ ਦਾ ਹਥਿਆਰ ਵਰਤਿਆ। ਉਨ੍ਹਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਇਹ ਆਵਾਜ਼ ਪਹੁੰਚਾ ਦਿੱਤੀ ਕਿ ਹਿੰਦੋਸਤਾਨੀਓ ਅੰਗਰੇਜ਼ ਦਾ ਪੂਰਨ ਬਾਈਕਾਟ ਕਰ ਦਿਉ। ਲੋਕਾਂ ਨੇ ਅੰਗਰੇਜ਼ੀ ਸਕੂਲਾਂ, ਅਦਾਲਤਾਂ, ਅੰਗਰੇਜ਼ ਦੀਆਂ ਮਿੱਲਾਂ ’ਚੋਂ ਬਣੇ ਮਾਲ ਦਾ ਬਾਈਕਾਟ ਕਰ ਦਿੱਤਾ ਅਤੇ ਰੇਲ ਗੱਡੀਆਂ ਦਾ ਸਫ਼ਰ ਬੰਦ ਕਰ ਦਿੱਤਾ। ਅਦਾਲਤੀ ਫੈਸਲਿਆਂ ਲਈ ਸੂਬਾ ਰਤਨ ਸਿੰਘ ਮੰਡੀ ਕਲਾਂ ਨੂੰ ਜੱਜ ਨਿਯੁਕਤ ਕਰ ਦਿੱਤਾ, ਸੂਬਾ ਸਾਹਿਬ ਸਿੰਘ ਦੀ ਕਮਾਨ ਹੇਠ ਆਪਣਾ ਕੂਕਾ ਡਾਕ ਪ੍ਰਬੰਧ ਚਾਲੂ ਕੀਤਾ। ਪੜ੍ਹਾਈ ਡੇਰਿਆਂ ਅਤੇ ਧਰਮਸ਼ਾਲਾਵਾਂ ਵਿੱਚ ਹੋਣ ਲੱਗੀ । ਰੇਲ ਗੱਡੀਆਂ ਦੀ ਥਾਂ ਊਠਾਂ, ਘੋੜਿਆਂ ਅਤੇ ਗੱਡਿਆਂ ਦੀ ਸਵਾਰੀ ਨੂੰ ਪਹਿਲ ਦਿੱਤੀ। ਸਤਿਗੁਰੂ ਰਾਮ ਸਿੰਘ ਨੇ ਕਸ਼ਮੀਰ ਵਿੱਚ ਹੀਰਾ ਸਿੰਘ ਸਢੌਰਾ ਦੀ ਕਮਾਨ ਹੇਠ “ਕੂਕਾ ਪਲਟਣ” ਦੀ ਫੌਜੀ ਟੁਕੜੀ ਦੀ ਸਥਾਪਨਾ ਕੀਤੀ । ਭਾਈ ਕਾਹਨ ਸਿੰਘ ਨਿਹੰਗ ਅਤੇ ਸੂਬਾ ਬਿਸ਼ਨ ਸਿੰਘ ਨੂੰ ਦੇਸੀ ਰਿਆਸਤਾਂ ਦੇ ਰਾਜਿਆਂ ਅਤੇ ਸਰਹੱਦੀ ਰਾਜਾਂ ਨਾਲ ਰਾਬਤਾ ਕਾਇਮ ਕਰਨ ਲਈ ਰਾਜਦੂਤ ਨਿਯੁਕਤ ਕਰ ਦਿੱਤਾ। ਉਨ੍ਹਾਂ ਰੂਸ, ਕਸ਼ਮੀਰ, ਹੈਦਰਾਬਾਦ, ਲਖਨਊ, ਨੇਪਾਲ ਦੇ ਰਾਜਿਆਂ ਨਾਲ ਆਜ਼ਾਦੀ ਸਬੰਧੀ ਵਿਚਾਰ ਚਰਚਾ ਆਰੰਭ ਕਰ ਦਿੱਤੀ ਤੇ ਸਿੰਘਾਂ ਨੇ ਦੀਵਾਨਾਂ ਵਿੱਚ ਤਕਰੀਰਾਂ ਕਰਦਿਆਂ ਇਹ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ- “ਇੱਥੋਂ ਚੁੱਕ ਲੈ ਫਰੰਗੀਆ ਡੇਰਾ, ਖਾਲਸੇ ਨੇ ਰਾਜ ਕਰਨਾ।”
ਅੰਗਰੇਜ਼ ਇਸ ਧਾਰਮਿਕ ਲਹਿਰ ਦੇ ਰਾਜਨੀਤਿਕ ਮਨਸੂਬੇ ਦੇਖਕੇ ਅੰਦਰ ਤੱਕ ਡਰ ਗਿਆ। ਅੰਗਰੇਜ਼ ਅਫ਼ਸਰ ਕੈਪਟਨ ਜੇ.ਪੀ.ਸੀ. ਬੇਲੀ ਆਪਣੀ 1868 ਈਸਵੀ ਦੀ ਰਿਪੋਰਟ ਵਿੱਚ ਸਤਿਗੁਰੂ ਰਾਮ ਸਿੰਘ ਪ੍ਰਤੀ ਲਿਖਦਾ ਹੈ, “ਕਾਬੁਲ ਦੇ ਅਮੀਰ ਅਬਦੁਲ ਰਜ਼ਾਕ ਨੇ ਆਪਣੇ ਦੋ ਪੁੱਤਰ ਭੈਣੀ ਵਿਖੇ ਰਾਮ ਸਿੰਘ ਦੇ ਸਿਧਾਤਾਂ ਦੀ ਜਾਣਕਾਰੀ ਲੈਣ ਵਾਸਤੇ ਭੇਜੇ। ਇਹ ਜਾਣਨਾ ਦਿਲਚਸਪ ਗੱਲ ਹੋਵੇਗੀ ਕਿ ਇੱਕ ਪੇਂਡੂ ਤਰਖਾਣ ਦੀ ਪ੍ਰਸਿੱਧੀ ਏਨੀ ਦੂਰ ਤੱਕ ਪਹੁੰਚ ਚੁੱਕੀ ਹੈ।”
ਅੰਗਰੇਜ਼ ਅਫ਼ਸਰ ਐਡਵਾਰਡ ਬੇਲੀ ਆਪਣੀ ਰਿਪੋਰਟ ਵਿੱਚ ਲਿਖਦਾ ਹੈ, “ਰਾਮ ਸਿੰਘ ਬਹੁਤ ਖ਼ਤਰਨਾਕ ਵਿਅਕਤੀ ਹੈ, ਸ਼ਾਇਦ ਹੁਣ ਭਾਰਤ ਵਿੱਚ ਸਭ ਤੋਂ ਵੱਧ ਖ਼ਤਰਨਾਕ ।”
ਸਤਿਗੁਰੂ ਰਾਮ ਸਿੰਘ ਅੰਮ੍ਰਿਤਸਰ ਵਿਖੇ ਵੱਡੇ ਇਕੱਠ ਨਾਲ ਦੀਪਮਾਲਾ ’ਤੇ ਗਏ। ਜਿੱਥੇ 80,000 ਮਾਲਾ ਵੰਡੀਆਂ। ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾਇਆ ਪਿੰਡ ਖੋਟੇ ਅਤੇ ਲਹਿੰਦੇ ਪੰਜਾਬ ਵਿੱਚ ਵੱਡੇ ਇਕੱਠਾਂ ਅਤੇ ਕੂਕਾ ਅੰਦੋਲਨ ਦੀਆਂ ਸਰਗਰਮੀਆਂ ਨੇ ਅੰਗਰੇਜ਼ ਨੂੰ ਕੰਬਣੀ ਛੇੜ ਦਿੱਤੀ । ਕੂਕਿਆਂ ਨੇ ਅੰਗਰੇਜ਼ੀ ਫੌਜਾਂ ਨੂੰ ਗਊ ਮਾਸ ਮੁਹੱਈਆ ਕਰਾਉਣ ਅਤੇ ਪੰਜਾਬ ਵਿੱਚ ਥਾਂ-ਥਾਂ ਬੁੱਚੜਖਾਨੇ ਖੋਲ੍ਹਣ ਦਾ ਵਿਰੋਧ ਕੀਤਾ। ਅਜਿਹੇ ਟਕਰਾਅ ਵਿੱਚੋਂ ਖੂਨੀ ਸਾਕਿਆਂ ਨੇ ਜਨਮ ਲਿਆ। 15 ਜੁਲਾਈ 1871 ਈਸਵੀ ਨੂੰ ਰਾਏਕੋਟ, 15 ਸਤੰਬਰ 1871 ਈਸਵੀ ਨੂੰ ਅੰਮ੍ਰਿਤਸਰ, 26 ਨਵੰਬਰ 1871 ਈਸਵੀ ਨੂੰ ਲੁਧਿਆਣਾ ਵਿਖੇ ਨਾਮਧਾਰੀ ਸਿੰਘਾਂ ਨੂੰ ਖੁੱਲ੍ਹੇਆਮ ਲੋਕਾਂ ਦੇ ਇਕੱਠਾਂ ਵਿੱਚ ਫਾਂਸੀਆਂ ’ਤੇ ਲਟਕਾ ਦਿੱਤਾ। ਇਸ ਟਕਰਾਉ ਦਾ ਸਿਖਰ ਉਦੋਂ ਹੋਇਆ ਜਦੋਂ 17-18 ਜਨਵਰੀ 1872 ਈਸਵੀ ਨੂੰ 65 ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਅਤੇ ਬਾਲਕ ਬਿਸ਼ਨ ਸਿੰਘ ਦੇ ਤਲਵਾਰਾਂ ਨਾਲ ਟੋਟੇ-ਟੋਟੇ ਕਰ ਦਿੱਤੇ। 18 ਜਨਵਰੀ 1872 ਈਸਵੀ ਨੂੰ ਬਾਬਾ ਰਾਮ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਲੇ ਪਾਣੀ ਭੇਜ ਦਿੱਤਾ। ਅੰਗਰੇਜ਼ ਨੇ ਬਾਹਰੀ ਰੂਪ ਵਿੱਚ ਭਾਵੇਂ ਕੂਕਾ ਅੰਦੋਲਨ ਦੀਆਂ ਕਾਰਵਾਈਆਂ ਸਖ਼ਤੀ ਨਾਲ ਕੁਚਲ ਦਿੱਤੀਆਂ ਪਰ ਅੰਗਰੇਜ਼ ਪ੍ਰਤੀ ਅੰਦਰੂਨੀ ਜੰਗ ਉਵੇਂ ਹੀ ਚੱਲਦੀ ਰਹੀ । 1885 ਈਸਵੀ ਤੱਕ 96 ਨਾਮਧਾਰੀ ਅੰਗਰੇਜ਼ ਸਰਕਾਰ ਦੇ ਤਸ਼ੱਦਦ ਝੱਲਦੇ ਹੋਏ ਵੱਖ-ਵੱਖ ਸਮਿਆਂ ਵਿੱਚ ਸਤਿਗੁਰੂ ਰਾਮ ਸਿੰਘ ਕੋਲ ਰੰਗੂਨ ਪਹੁੰਚਦੇ ਰਹੇ। ਸਤਿਗੁਰੂ ਰਾਮ ਸਿੰਘ ਦੀਆਂ ਹਥ ਲਿਖਤਾਂ ਭੈਣੀ ਸਾਹਿਬ ਸਤਿਗੁਰੂ ਹਰੀ ਸਿੰਘ ਜੀ ਨੂੰ ਸੌਂਪਦੇ ਤੇ ਇਨ੍ਹਾਂ ਚਿੱਠੀ ਪੱਤਰਾਂ ਦਾ ਸਿਲਸਿਲਾ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਗੁਪਤ ਰੂਪ ਵਿੱਚ ਲੰਮਾ ਸਮਾਂ ਚੱਲਦਾ ਰਿਹਾ। ਇਨ੍ਹਾਂ ਲਿਖਤਾਂ ਰਾਹੀਂ ਵੀ ਕੂਕਾ ਅੰਦੋਲਨ ਪੰਜਾਬ ਅਤੇ ਭਾਰਤ ਤੋਂ ਬਾਹਰ ਅੰਤਰਰਾਸ਼ਟਰੀ ਪੱਧਰ ਤੱਕ ਫੈਲਿਆ। ਸਤਿਗੁਰੂ ਰਾਮ ਸਿੰਘ ਦੀਆਂ ਇਨ੍ਹਾਂ ਲਿਖਤਾਂ ਦੀ ਵੱਡੀ ਇਤਿਹਾਸਕ ਮਹੱਹਤਾ ਹੈ। ਇਨ੍ਹਾਂ ਲਿਖਤਾਂ ਦੀ ਗਿਣਤੀ 64 ਹੈ ਤੇ ਇਨ੍ਹਾਂ ਲਿਖਤਾਂ ਨੂੰ ਇਤਿਹਾਸਕਾਰਾਂ ਨੇ ਹੁਕਮਨਾਮਿਆਂ ਦਾ ਨਾਂਅ ਦਿੱਤਾ ਹੈ। ਜਿਸਨੂੰ ਬੰਗਲ ਦੇ ਇਤਿਹਾਸਕਾਰ ਡਾ. ਪੀ.ਸੀ. ਰਾਏ ਆਪਣੀ ਕਲਮ ਨਾਲ ਇੰਝ ਲਿਖਦੇ ਹਨ,
“ਆਜ਼ਾਦੀ ਦੇ ਇਤਿਹਾਸ ਵਿੱਚ ਸਤਿਗੁਰੂ ਰਾਮ ਸਿੰਘ, ਮੌਲਮੀਨ ਜੇਲ੍ਹ ਦੇ ਕਾਂਸਟੇਬਲ ਹਰਨਾਮ ਸਿੰਘ, ਭੈਣੀ ਸਾਹਿਬ ਦੇ ਸਤਿਗੁਰੂ ਬੁੱਧ ਸਿੰਘ, ਸਿਰਹਾਲੀ ਦੇ ਮੀਹਾਂ ਸਿੰਘ, ਸੰਤ ਸਿੰਘ, ਮਛੂਆ ਬਾਜ਼ਾਰ ਸਟਰੀਟ ਦੇ ਬਨਬਿਹਾਰੀ ਸਿੰਘ, ਰੂਸੀ ਹਾਕਮ ਕਾਰਡਕ ਮਿਆਨ, ਕਰੋਲ ਕੋਵ ਤੇ ਈਵਾਨੋਵ ਸਭਨਾਂ ਨੇ ਰਲਕੇ ਇੱਕ ਹੈਰਾਨ ਕਰਨ ਵਾਲੇ ਅਧਿਆਏ ਦੀ ਰਚਨਾ ਕੀਤੀ ਹੈ ।”
ਆਜ਼ਾਦੀ ਪ੍ਰਾਪਤੀ, ਬਰਾਬਰਤਾ, ‘ਸਭੈ ਸਾਂਝੀਵਾਲ ਸਦਾਇਨ’ ਲਈ ਅੱਜ ਜਿੱਥੇ ਸਤਿਗੁਰੂ ਰਾਮ ਸਿੰਘ ਜੀ ਦਾ ਨਾਂ ਇਤਿਹਾਸ ਦੇ ਸੁਨਿਹਰੀ ਪੰਨਿਆਂ ’ਤੇ ਦਰਜ ਹੈ ਉੱਥੇ ਸੰਸਾਰ ਪੱਧਰ ਦੇ ਵਿਦੇਸ਼ੀ ਖੋਜੀ ਐਗਨੇਸ਼ ਹੂਪਰ, ਹੈਨਰੀ ਗੌਟਲਿਈਬ, ਬਰਵਾਰਾਬੋਵਰਜ਼ ਅਤੇ ਬ੍ਰਿੰਟ ਬੌਵਰਜ਼ ਨੇ 331 ਸਫਿਆਂ ਦੀ ਇੱਕ ਕਿਤਾਬ “MEN OF THE MILLENNIUM” ਲਿਖੀ ਹੈ। ਉਨ੍ਹਾਂ ਖੋਜ ਕਰਕੇ 1000 ਵਰ੍ਹੇ ਦੇ 1000 ਵਿਸ਼ੇਸ਼ ਵਿਅਕਤੀ ਚੁਣੇ ਹਨ ਜਿਨ੍ਹਾਂ ਵਿੱਚ 13 ਭਾਰਤੀ ਹਨ ਜਿੰਨ੍ਹਾਂ ਨੇ ਸੱਭਿਅਤਾ ਨੂੰ ਮੋੜਾ ਦਿੱਤਾ ਅਤੇ ਉਨ੍ਹਾਂ 13 ਵਿਅਕਤੀਆਂ ਵਿੱਚੋਂ ਪੰਜਾਬੀ ਵਿਅਕਤੀ “ਸਤਿਗੁਰੂ ਰਾਮ ਸਿੰਘ” ਹੈ। ਇਕਬਾਲ ਨੇ ਲਿਖਿਆ ਹੈ:
“ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾ ਵਰ ਪੈਦਾ ।”
ਕੂਕਾ ਅੰਦੋਲਨ ਵਿੱਚੋਂ ਅਨੇਕਾਂ ਲਹਿਰਾਂ ਨੇ ਜਨਮ ਲਿਆ ਅਤੇ ਦੇਸ਼ ਆਜ਼ਾਦ ਹੋਇਆ ਗਦਰ ਲਹਿਰ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ ਕੂਕਾ ਅੰਦੋਲਨ ਤੋਂ ਹੀ ਪ੍ਰਭਾਵਿਤ ਸਨ। ਦੇਸ਼ ਭਗਤ ਆਪਣੇ ਲਈ ਨਹੀਂ ਸਗੋਂ ਆਪਣੇ ਵਤਨ ਲਈ ਕੁਰਬਾਨੀਆਂ ਕਰਦੇ ਹਨ। ਅੱਜ ਇਨ੍ਹਾਂ ਮਹਾਨ ਯੋਧਿਆਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਆਪਸੀ ਭਾਈਚਾਰਕ ਤੇ ਸਦਭਾਵਨਾ ਦੀਆਂ ਸਾਝਾਂ ਹੋਰ ਪੀਡੀਆਂ ਕਰੀਏ।
ਸੰਪਰਕ: 98768-50680