ਨਾ ਮਾਸਕ ਨਾ ਫਾਸਲਾ, ਜੁੜਿਆ ਲੋਕਾਂ ਦਾ ਵੱਡਾ ਕਾਫ਼ਲਾ

ਸੰਗਰੂਰ ’ਚ ਪਟਿਆਲਾ ਗੇਟ ਸਥਿਤ ਮੈਡੀਕਲ ਸਟੋਰ ’ਤੇ ਦਵਾਈਆਂ ਲੈਣ ਲਈ ਜੁੜਿਆ ਲੋਕਾਂ ਦਾ ਇਕੱਠ।

ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਮਾਰਚ
ਕਰੋਨਾਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਭਾਵੇਂ ਲੋਕਾਂ ਨੂੰ ਭੀੜ ਇਕੱਠੀ ਨਾ ਕਰਨ ਤੇ ਆਪਸ ਵਿਚ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਲੋਕਾਂ ਉਪਰ ਇਨ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਸ਼ਰ੍ਹੇਆਮ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਵਾਈਆਂ ਦੀ ਸਹੂਲਤ ਪ੍ਰਦਾਨ ਕਰਨ ਲਈ ਅੱਜ ਦੋ ਮੈਡੀਕਲ ਦੁਕਾਨਾਂ ਖੋਲ੍ਹੀਆਂ ਗਈਆਂ ਸਨ ਪਰ ਦੋਵਾਂ ਦੁਕਾਨਾਂ ’ਤੇ ਹੀ ਲੋਕਾਂ ਦੀ ਵੱਡੀ ਭੀੜ ਜੁਟ ਗਈ। ਦਵਾਈਆਂ ਲੈਣ ਲਈ ਸੜਕਾਂ ’ਤੇ ਵੱਡੀਆਂ ਕਤਾਰਾਂ ਲੱਗ ਗਈਆਂ। ਭਾਵੇਂ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲੱਗੀ ਹੋਈ ਹੈ ਪਰ ਇਹ ਪਾਬੰਦੀ ਦੇ ਹੁਕਮ ਬੇਅਸਰ ਨਜ਼ਰ ਆਏ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇੱਕ ਮੈਡੀਕਲ ਦੁਕਾਨ ਨੂੰ ਤਾਂ ਸਮੇਂ ਤੋਂ ਪਹਿਲਾਂ ਹੀ ਬੰਦ ਕਰਨਾ ਪਿਆ। ਉਧਰ, ਸਵੇਰੇ ਹੀ ਲੋਕਾਂ ਦੀ ਸਹੂਲਤ ਲਈ ਖੋਲ੍ਹੀ ਗਈ ਸਬਜ਼ੀ ਮੰਡੀ ’ਚ ਵੀ ਲੋਕਾਂ ਦੀ ਵੱਡੀ ਭੀੜ ਜੁਟ ਗਈ।
ਸ਼ਹਿਰ ’ਚ ਅੱਜ ਸਵੇਰੇ ਸਿਵਲ ਹਸਪਤਾਲ ਦੇ ਸਾਹਮਣੇ ਤੇ ਪਟਿਆਲਾ ਗੇਟ ਬਾਜ਼ਾਰ ’ ਦਵਾਈਆਂ ਦੀਆਂ ਦੋ ਦੁਕਾਨਾਂ ਖੋਲ੍ਹਣ ਦੀ ਛੋਟ ਦਿੱਤੀ ਗਈ ਸੀ ਤਾਂ ਜੋ ਲੋਕਾਂ ਦਵਾਈਆਂ ਆਦਿ ਦੀ ਖਰੀਦ ਕਰ ਸਕਣ ਪਰ ਦੋਵਾਂ ਦੁਕਾਨਾਂ ’ਤੇ ਲੋਕ ਵਹੀਰਾਂ ਘੱਤ ਕੇ ਪੁੱਜ ਗਏ। ਲੋਕ ਕਤਾਰਾਂ ’ਚ ਨਾਲੋਂ ਨਾਲ ਖੜ੍ਹੇ ਸਨ ਤੇ ਆਪਸ ’ਚ ਕੋਈ ਫਾਸਲਾ ਨਹੀਂ ਸੀ। ਅਨੇਕਾਂ ਵਿਅਕਤੀਆਂ ਨੇ ਤਾਂ ਮਾਸਕ ਵੀ ਨਹੀਂ ਲਾਇਆ ਸੀ। ਅਜਿਹੇ ਹਾਲਾਤ ’ਚ ਪ੍ਰਸ਼ਾਸਨ ਨੂੰ ਸਖਤੀ ਵਰਤਣੀ ਪਈ ਤੇ ਇੱਕ ਦੁਕਾਨ ਨੂੰ ਤਾਂ ਸਮੇਂ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਗਿਆ। ਉਧਰ ਸਵੇਰੇ ਸਬਜ਼ੀ ਮੰਡੀ ਵਿੱਚ ਵੀ ਸਬਜ਼ੀ ਖਰੀਦਣ ਲਈ ਲੋਕਾਂ ਦੀ ਹੋੜ ਲੱਗੀ ਹੋਈ ਸੀ। ਸਬਜ਼ੀ ਮੰਡੀ ’ਚ ਲੋਕਾਂ ਦੀ ਜੁੜੀ ਭੀੜ ਸ਼ਰ੍ਹੇਆਮ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉਡਾ ਰਹੀ ਸੀ। ਲੋਕ ਪੂਰੀ ਤਰਾਂ ਅਵੇਸਲੇ ਨਜ਼ਰ ਆ ਰਹੇ ਸਨ। ਜਾਪ ਰਿਹਾ ਸੀ ਕਿ ਜਿਵੇਂ ਲੋਕਾਂ ਨੂੰ ਕਰੋਨਾਵਾਇਰਸ ਦਾ ਕੋਈ ਡਰ ਹੀ ਨਾ ਹੋਵੇ। ਕਰੋਨਾਵਾਇਰਸ ਤੋਂ ਸਾਵਧਾਨੀ ਵਰਤਣ ਦੀ ਬਜਾਏ ਸਬਜ਼ੀਆਂ ਨੂੰ ਵੱਧ ਤਰਜੀਹ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਬਜ਼ੀ ਮੰਡੀਆਂ ਤੇ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਲੋਕਾਂ ਦੀ ਭੀੜ ਵਧ ਰਹੀ ਹੈ ਜਿਸ ਕਰਕੇ ਪ੍ਰਸ਼ਾਸਨ ਨੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਰਾਸ਼ਨ ਸਮੱਗਰੀ ਤੇ ਦਵਾਈਆਂ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ। ਸ੍ਰੀ ਥੋਰੀ ਨੇ ਕਿਹਾ ਕਿ ਕਰੋਨਾਵਾਇਰਸ ਦੇ ਮਾਰੂ ਪ੍ਰਭਾਵਾਂ ਕਾਰਨ ਇੱਕ ਦੂਜੇ ਦੇ ਸੰਪਰਕ ਤੋਂ ਬਚਣਾ ਜ਼ਰੂਰੀ ਹੈ ਤੇ ਲੋਕ ਐਮਰਜੈਂਸੀ ਹਾਲਤਾਂ ਤੋਂ ਇਲਾਵਾ ਹੋਰ ਕਿਸੇ ਵੀ ਹਾਲਤ ਵਿੱਚ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।
ਧੂਰੀ (ਪਵਨ ਕੁਮਾਰ ਵਰਮਾ) ਕਰੋਨਾਵਾਇਰਸ ਤੋਂ ਬਚਾਅ ਲਈ ਜਿਥੇ ਸਰਕਾਰ ਪੱਬਾਂ-ਵਾਰ ਹੈ, ਉਥੇ ਧੂਰੀ ਪੁਲੀਸ ਪ੍ਰਸ਼ਾਸਨ ਨੇ ਵੀ ਕਰਫਿਊ ਦੀ ਪਾਲਣਾ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ। ਕਰਫਿਊ ਦੌਰਾਨ ਧੂਰੀ ਪੁਲੀਸ ਵੱਲੋਂ ਦਿੱਤੀ ਪੰਜ ਤੋਂ ਅੱਠ ਦੀ ਢਿੱਲ ਦੌਰਾਨ ਧੂਰੀ ਸ਼ਹਿਰ ਦੀਆ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਜਿਨ੍ਹਾਂ ਵਿੱਚ ਕਰਿਆਨਾ, ਮੈਡੀਕਲ ਸਟੋਰ, ਸਬਜ਼ੀ ਅਤੇ ਦੁੱਧ ਦੀਆ ਦੁਕਾਨਾਂ ਸ਼ਾਮਲ ਹਨ, ਕਰਫਿਊ ਖੁੱਲ੍ਹਣ ਸਮੇਂ ਲੋਕਾਂ ਦੀ ਭੀੜ ਲੱਗ ਗਈ।

ਕਰਫ਼ਿਊ ਵਿੱਚ ਢਿੱਲ: ਲੋਕਾਂ ਨੇ ਉਡਾਈਆਂ ਦਫ਼ਾ 144 ਦੀਆਂ ਧੱਜੀਆਂ

ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ) ਸੂਬੇ ਵਿੱਚ ਚੱਲ ਰਹੇ ਕਰਫ਼ਿਊ ਦੌਰਾਨ ਅੱਜ ਸਵੇਰੇ 5 ਤੋਂ 8 ਵਜੇ ਤੱਕ ਮਿਲੀ ਢਿੱਲ ਦਾ ਲੋਕਾਂ ਵੱਲੋਂ ਜੰਮ ਕੇ ਫ਼ਾਇਦਾ ਉਠਾਇਆ ਗਿਆ। ਕਰੋਨਾ ਦੇ ਖੌਫ਼ ਤੋਂ ਬੇਖ਼ੌਫ਼ ਹੋਏ ਲੋਕ ਸੜਕਾਂ ’ਤੇ ਆਮ ਦਿਨਾਂ ਵਾਂਗ ਹੀ ਘੁੰਮਦੇ ਰਹੇ। ਕਈ ਥਾਈਂ ਪੁਲੀਸ ਦੀ ਹਾਜ਼ਰੀ ਵਿੱਚ ਹੀ ਲੋਕਾਂ ਵੱਲੋਂ ਦਫ਼ਾ 144 ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਕਰੋਨਾਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਇੱਕ ਦੂਜੇ ਤੋਂ ਦੂਰ ਰੱਖਣ ਦੇ ਮਕਸਦ ਲਈ ਸਰਕਾਰ ਵੱਲੋਂ ਦਫ਼ਾ 144 ਲਾਈ ਗਈ ਹੈ ਤਾਂ ਜੋ ਇੱਕੋ ਸਮੇਂ ਵੱਧ ਵਿਅਕਤੀ ਇੱਕਠੇ ਨਾ ਹੋ ਸਕਣ ਅਤੇ ਕਰੋਨਾ ਦਾ ਖਤਰਾ ਟਲ਼ਿਆ ਰਹੇ। ਜ਼ਿਕਰਯੋਗ ਹੈ ਕਿ ਕੱਲ੍ਹ ਸਥਾਨਕ ਥਾਣਾ ਸ਼ਹਿਰੀ ਦੇ ਮੁਖੀ ਵੱਲੋਂ ਲੋਕਾਂ ਦੇ ਨਾਂ ਜਾਰੀ ਕੀਤੀ ਗਈ ਇੱਕ ਆਡੀਓ ਕਲਿਪ ਵਿੱਚ ਹੋਰਨਾਂ ਹਦਾਇਤਾਂ ਦੇ ਨਾਲ ਨਾਲ ਸਵੇਰੇ 5 ਤੋਂ 8 ਵਜੇ ਤੱਕ ਕਰਫਿਊ ਵਿੱਚ ਢਿੱਲ ਦੀ ਵੀ ਗੱਲ ਕੀਤੀ ਗਈ ਸੀ। ਜਿਸ ਤੇ ਚੱਲਦਿਆਂ ਆਮ ਲੋਕਾਂ ਨੇ ਅੱਜ ਸਵੇਰੇ 5 ਵਜੇ ਤੋਂ 8 ਵਜੇ ਤੱਕ ਕਰਫਿਊ ਵਿੱਚ ਮਿਲੀ ਢਿੱਲ ਵਿੱਚ ਦਫਾ 144 ਨੂੰ ਦੁਰ ਫਿੱਟੇ ਮੂੰਹ ਕਹਿ ਦਿੱਤਾ ਗਿਆ। ਇਸ ਸਮੇਂ ਦੌਰਾਨ ਚੁੱਕੇ ਗਏ ਸਾਰੇ ਸਖ਼ਤ ਕਦਮ ਪੁਲ਼ੀਸ ਦੀ ਨਾ ਅਹਿਲੀਅਤ ਕਾਰਨ ਮੂਧੇ ਮੂੰਹ ਡਿੱਗਦੇ ਦੇਖੇ ਗਏ। ਇਸ 3 ਘੰਟੇ ਦੀ ਢਿੱਲ ਦੌਰਾਨ ਸ਼ਹਿਰ ਦੀ ਸਬਜ਼ੀ ਮੰਡੀ, ਪੈਟਰੋਲ ਪੰਪਾਂ, ਦਵਾਈ ਵਾਲੀਆਂ ਦੁਕਾਨਾਂ ਤੇ ਕਰਿਆਣਾ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਆਪਸ ਵਿੱਚ ਘੱਟੋ ਘੱਟ 3 ਮੀਟਰ ਦੀ ਦੂਰੀ ਬਣਾ ਕੇ ਰੱਖਣ ਦੀ ਅਪੀਲ ਦਮ ਤੋੜਦੀ ਜਾਪੀ। ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਭੀੜ ਕਾਰਨ ਜਾਮ ਵੀ ਲੱਗਾ ਰਿਹਾ।