For the best experience, open
https://m.punjabitribuneonline.com
on your mobile browser.
Advertisement

ਨਾ ਭੁੱਲੀਏ ਸ਼ੁਕਰਗੁਜ਼ਾਰ ਹੋਣਾ

04:45 AM May 17, 2025 IST
ਨਾ ਭੁੱਲੀਏ ਸ਼ੁਕਰਗੁਜ਼ਾਰ ਹੋਣਾ
Advertisement

Advertisement

ਬਿੰਦਰ ਸਿੰਘ ਖੁੱਡੀ ਕਲਾਂ

Advertisement
Advertisement

ਇਨਸਾਨ ਸਮਾਜਿਕ ਜੀਵ ਹੈ। ਆਪਣੀਆਂ ਭੌਤਿਕ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਭਾਵਨਾਤਮਕ ਲੋੜਾਂ ਦੀ ਪੂਰਤੀ ਲਈ ਵੀ ਇਨਸਾਨ ਨੂੰ ਸਮਾਜ ਦੀ ਜ਼ਰੂਰਤ ਪੈਂਦੀ ਹੈ। ਸ਼ਾਇਦ ਇਸੇ ਲਈ ਇਨਸਾਨ ਨੇ ਬਾਕੀ ਜੀਵਾਂ ਦੇ ਮੁਕਾਬਲੇ ਬਹੁਤ ਜਲਦੀ ਜੰਗਲੀ ਜੀਵਨ ਦਾ ਤਿਆਗ ਕੀਤਾ ਹੋਵੇਗਾ। ਇਨਸਾਨ ਜਿੱਥੇ ਸਮਾਜ ’ਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ, ਉੱਥੇ ਹੀ ਬਹੁਤ ਕੁੱਝ ਧਾਰਨ ਵੀ ਕਰਦਾ ਹੈ। ਸਮਾਜ ਹੀ ਇਨਸਾਨ ਨੂੰ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਅਤੇ ਆਚਾਰ-ਵਿਹਾਰ ਦੇ ਤੌਰ ਤਰੀਕੇ ਸਿਖਾਉਂਦਾ ਹੈ। ਇਹ ਤੌਰ ਤਰੀਕੇ ਹੀ ਸਮਾਜ ਦਾ ਸੱਭਿਆਚਾਰ ਕਹਾਉਂਦਾ ਹੈ।
ਸੁਚਾਰੂ ਤੌਰ ਤਰੀਕਿਆਂ ਵਾਲੇ ਸਮਾਜ ਨੂੰ ਸੱਭਿਅਕ ਸਮਾਜ ਕਿਹਾ ਜਾਂਦਾ ਹੈ, ਜਦੋਂਕਿ ਸਲੀਕੇ ਤੋਂ ਸੱਖਣੇ ਸਮਾਜ ਨੂੰ ਅਸੱਭਿਅਕ ਸਮਾਜ ਦਾ ਦਰਜਾ ਦਿੱਤਾ ਜਾਂਦਾ ਹੈ। ਸਰਕਾਰ ਅਤੇ ਧਾਰਮਿਕ, ਸਮਾਜਿਕ ਆਗੂਆਂ ਦੇ ਰੂਪ ’ਚ ਹਰ ਸਮਾਜ ਦੇ ਨਿਰਮਾਤਾਵਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਨਵੀਂ ਪੀੜ੍ਹੀ ’ਚ ਸੱਭਿਅਕ ਸਮਾਜ ਵਾਲੇ ਸਾਰੇ ਗੁਣ ਬਚਪਨ ਵਿੱਚ ਹੀ ਭਰ ਦੇਣ। ਇਸੇ ਲਈ ਆਦਰਸ਼ ਵਿਹਾਰ ਦੀ ਸਿੱਖਿਆ ਨੂੰ ਸਕੂਲ ਸਿੱਖਿਆ ਦੇ ਪਾਠਕ੍ਰਮ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ। ਸੱਭਿਅਕ ਸਮਾਜ ਵਾਲੇ ਗੁਣ ਪੀੜ੍ਹੀ ਦਰ ਪੀੜ੍ਹੀ ਵੀ ਅੱਗੇ ਤੁਰਦੇ ਹਨ।
ਸਾਡੇ ਸਮਾਜ ’ਚ ਦੂਜਿਆਂ ਦੇ ਅਹਿਸਾਨ ਨੂੰ ਯਾਦ ਰੱਖਣ ਦੀ ਪੁਰਾਤਨ ਪਰੰਪਰਾ ਹੈ। ਕਿਹਾ ਜਾਂਦਾ ਹੈ, ‘ਘਰਾਣੇ ਵਾਲੇ ਲੋਕ ਤਾਂ ਲੋੜ ਵੇਲੇ ਪਿਲਾਈ ਪਾਣੀ ਦੀ ਘੁੱਟ ਵੀ ਯਾਦ ਰੱਖਦੇ ਹਨ, ਜਦੋਂਕਿ ਮਾੜੇ ਪਾਲਣ ਪੋਸ਼ਣ ਵਾਲੇ ਇਨਸਾਨ ਕਿਸੇ ਵੱਲੋਂ ਡੋਲ੍ਹਿਆਂ ਖੂਨ ਵੀ ਭੁਲਾ ਦਿੰਦੇ ਹਨ।’ ਕਈ ਲੋਕਾਂ ਨੂੰ ਤਾਂ ਰਿਸ਼ਤੇਦਾਰਾਂ ਜਾਂ ਦੋਸਤਾਂ ਦੀ ਯਾਦ ਹੀ ਮਤਲਬ ਸਮੇਂ ਆਉਂਦੀ ਹੈ। ਸਨਮਾਨ ਦੇਣ ਸਮੇਂ ਮਤਲਬਖੋਰ ਲੋਕ ਮਦਦ ਕਰਨ ਵਾਲਿਆਂ ਨੂੰ ਅਕਸਰ ਵਿਸਾਰ ਦਿੰਦੇ ਹਨ।
ਸੱਭਿਅਕ ਸਮਾਜ ਦਾ ਆਦਰਸ਼ ਵਿਵਹਾਰ ਹੋਰਨਾਂ ਸਮਾਜਾਂ ਲਈ ਉਦਾਹਰਨ ਬਣਦਾ ਹੈ। ਕਿਸੇ ਸਮਾਜ ’ਚ ਵਧੇਰੇ ਸੱਭਿਅਕ ਨਾਗਰਿਕਾਂ ਦੀ ਗਿਣਤੀ ਮਜ਼ਬੂਤ ਇਨਸਾਨੀ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ, ਜਦੋਂਕਿ ਸੱਭਿਅਕ ਨਾਗਰਿਕਾਂ ਦੀ ਘਟਦੀ ਗਿਣਤੀ ਸਮਾਜ ’ਚ ਬਹੁਤ ਸਾਰੀਆਂ ਬੁਰਾਈਆਂ ਨੂੰ ਜਨਮ ਦਿੰਦੀ ਹੈ। ਸਾਡੇ ਸਮਾਜ ’ਚ ਆ ਰਹੀ ਬਹੁ-ਪੱਖੀ ਗਿਰਾਵਟ ਦਾ ਕਾਰਨ ਵੀ ਨਾਗਰਿਕਾਂ ਦੇ ਵਿਹਾਰ ’ਚ ਆ ਰਹੀ ਗਿਰਾਵਟ ਹੀ ਹੈ। ਮਤਲਬਪ੍ਰਸਤੀ ਅਤੇ ਪਦਾਰਥਵਾਦ ਦਾ ਹੋ ਰਿਹਾ ਪਸਾਰਾ ਸਾਡੇ ਸਮਾਜ ਦੀ ਨੈਤਿਕ ਗਿਰਾਵਟ ਦਾ ਕਾਰਨ ਬਣ ਰਿਹਾ ਹੈ। ਸੱਭਿਅਕ ਸਮਾਜ ਦੇ ਨਾਗਰਿਕ ਦੂਜਿਆਂ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਹਮੇਸ਼ਾਂ ਪਹਿਲ ਦਿੰਦੇ ਹਨ, ਜਦੋਂਕਿ ਅਸੱਭਿਅਕ ਸਮਾਜ ਦੇ ਲੋਕ ਹਮੇਸ਼ਾਂ ਨਿੱਜ ਨੂੰ ਤਰਜੀਹ ਦਿੰਦੇ ਹਨ। ਦੂਜਿਆਂ ਦੀ ਮਦਦ ਕਰਨਾ ਹਮੇਸ਼ਾਂ ਰੂਹ ਨੂੰ ਸਕੂਨ ਦਿੰਦਾ ਹੈ, ਪਰ ਨਾ-ਸ਼ੁਕਰੇ ਲੋਕਾਂ ਨੇ ਦੂਜਿਆਂ ਦੀ ਮਦਦ ਕਰਨਾ ਹੀ ਸਰਾਪ ਬਣਾ ਕੇ ਰੱਖ ਦਿੱਤਾ ਹੈ। ਸੱਭਿਅਕ ਸਮਾਜ ਦੇ ਲੋਕ ਕਿਸੇ ਨਾਲ ਲੱਖ ਦੂਰੀਆਂ ਪੈਦਾ ਹੋਣ ’ਤੇ ਵੀ ਕੀਤਾ ਅਹਿਸਾਨ ਨਹੀਂ ਭੁਲਾਉਣਗੇ, ਜਦੋਂਕਿ ਅਸੱਭਿਅਕ ਗੁਣਾ ਦੇ ਧਾਰਨੀ ਕਹਿ ਦਿੰਦੇ ਹਨ ਕਿ ‘ਮੇਰੇ ’ਤੇ ਅਹਿਸਾਨ ਨਾ ਕਰਦਾ।’
ਸੱਭਿਅਕ ਸਮਾਜ ’ਚ ਜਿੱਥੇ ਇੱਕ ਦੂਜੇ ਦੇ ਕੰਮ ਆਉਣ ਦੀ ਪ੍ਰਵਿਰਤੀ ਆਮ ਹੁੰਦੀ ਹੈ, ਉੱਥੇ ਹੀ ਕੰਮ ਆਉਣ ਵਾਲਿਆਂ ਦੇ ਸ਼ੁਕਰਗੁਜ਼ਾਰ ਹੋਣਾ ਵੀ ਉਨ੍ਹਾਂ ਦੇ ਸੁਭਾਅ ਦਾ ਅਟੁੱਟ ਹਿੱਸਾ ਹੁੰਦਾ ਹੈ। ਵਿਕਸਤ ਸਮਾਜਾਂ ਦੇ ਲੋਕ ਤਿਣਕੇ ਜਿੰਨੇ ਅਹਿਸਾਨ ਦਾ ਬਹੁਤ ਵੱਡਾ ਸ਼ੁਕਰੀਆ ਅਦਾ ਕਰਦੇ ਹਨ। ਪੱਛਮੀ ਮੁਲਕਾਂ ਸਮੇਤ ਵਿਸ਼ਵ ਦੇ ਹੋਰ ਸੱਭਿਅਕ ਮੁਲਕਾਂ ’ਚ ਮਾਮੂਲੀ ਜਿਹੀ ਮਦਦ ਬਦਲੇ ਸ਼ੁਕਰੀਆ ਅਦਾ ਕਰਨਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਜਦੋਂਕਿ ਸਾਡੇ ਸਮਾਜ ’ਚ ਇਸ ਦੇ ਉਲਟ ਵਰਤਾਰਾ ਵਾਪਰ ਰਿਹਾ ਹੈ।
ਸਾਡੇ ਸਮਾਜ ’ਚ ਮਤਲਬ ਕੱਢ, ਪਾਸਾ ਵੱਟ ਵਾਲੀ ਧਾਰਨਾ ਬਣੀ ਹੋਈ ਹੈ। ਮਤਲਬ ਦੀ ਪੂਰਤੀ ਲਈ ਸਾਡੇ ਲੋਕ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ, ਪਰ ਮਤਲਬ ਦੀ ਪੂਰਤੀ ਉਪਰੰਤ ਉਨ੍ਹਾਂ ਹੀ ਲੋਕਾਂ ਦਾ ਬਦਲਿਆ ਵਿਹਾਰ ਹੈਰਾਨ ਕਰਨ ਵਾਲਾ ਹੁੰਦਾ ਹੈ। ਸਾਡੇ ਲੋਕ ਕੰਮ ਹੋਣ ’ਤੇ ਸ਼ੁਕਰਗੁਜ਼ਾਰ ਹੋਣਾ ਬੇਸ਼ੱਕ ਭੁੱਲ ਜਾਣ, ਪਰ ਕੰਮ ਨਾ ਹੋਣ ’ਤੇ ਉਲਾਂਭਾ ਦੇਣਾ ਨਹੀਂ ਭੁੱਲਦੇ। ਕਈ ਤਾਂ ਅਜਿਹੇ ਮਤਲਬਪ੍ਰਸਤ ਹੁੰਦੇ ਹਨ ਕਿ ਬਿਨਾਂ ਜ਼ਰੂਰਤ ਤੋਂ ਉਹ ਕਿਸੇ ਨੂੰ ਬੁਲਾਉਣ ਦੀ ਵੀ ਲੋੜ ਨਹੀਂ ਮਹਿਸੂਸ ਕਰਦੇ, ਜਦੋਂਕਿ ਲੋੜ ਪੈਣ ’ਤੇ ਅਜਿਹੇ ਲੋਕ ਲੰਮੇ ਪੈਣ ਤੱਕ ਜਾਂਦੇ ਹਨ। ਕਈ ਲੋਕਾਂ ਦੇ ‘ਮਤਲਬ ਕੱਢ ਪਾਸਾ ਵੱਟ’ ਵਿਹਾਰ ਤੋਂ ਸਾਰੇ ਹੀ ਜਾਣੂ ਹੁੰਦੇ ਹਨ, ਪਰ ਉਨ੍ਹਾਂ ਨੂੰ ਜਾਪਦਾ ਹੈ ਕਿ ਉਹ ਬੜੀ ਹੁਸ਼ਿਆਰੀ ਨਾਲ ਦੂਜਿਆਂ ਦੀ ਵਰਤੋਂ ਕਰ ਰਹੇ ਹਨ।
ਧਾਰਨਾ ਹੈ ਕਿ ਸਿੱਖਿਆ ਇਨਸਾਨ ਨੂੰ ਸ਼ੁਕਰਗੁਜ਼ਾਰ ਹੋਣਾ ਸਿਖਾਉਂਦੀ ਹੈ, ਪਰ ਸਾਡੇ ਸਮਾਜ ’ਚ ਇਸ ਦੇ ਉਲਟ ਵਰਤਾਰਾ ਵਾਪਰ ਰਿਹਾ ਹੈ। ਜਿਉਂ ਜਿਉਂ ਲੋਕ ਸਿੱਖਿਅਕ ਹੋ ਰਹੇ ਹਨ, ਤਿਉਂ ਤਿਉਂ ਮਤਲਬੀ ਹੋ ਰਹੇ ਹਨ। ਸਾਡੀਆਂ ਪੁਰਾਣੀਆਂ ਪੀੜ੍ਹੀਆਂ ਰਸਮੀ ਸਿੱਖਿਆ ਤੋਂ ਸੱਖਣੀਆਂ ਹੋਣ ਦੇ ਬਾਵਜੂਦ ਸੱਭਿਅਕ ਗੁਣਾਂ ਦੀਆਂ ਧਾਰਨੀ ਹੁੰਦੀਆਂ ਸਨ। ਸਾਡੇ ਸਮਾਜ ’ਚ ਵਧ ਰਹੀ ਨਾ-ਸ਼ੁਕਰੇ ਲੋਕਾਂ ਦੀ ਗਿਣਤੀ ਦੀ ਬਦੌਲਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਹਨ। ਲੋਕ ਦੂਜਿਆਂ ਦੀ ਮਦਦ ਕਰਨ ਤੋਂ ਪਾਸਾ ਵੱਟਣ ਲੱਗੇ ਹਨ। ਨਾ-ਸ਼ੁਕਰੇ ਲੋਕਾਂ ਦੀਆਂ ਹਰਕਤਾਂ ਵੱਲੋਂ ਦੂਜਿਆਂ ਦੀ ਮਦਦ ’ਚ ਭਰੋਸਾ ਰੱਖਣ ਵਾਲੇ ਲੋਕਾਂ ਦੀ ਮਾਨਸਿਕਤਾ ਨੂੰ ਅਜਿਹੀ ਠੇਸ ਪਹੁੰਚਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੀਤੀ ਮਦਦ ’ਤੇ ਵੀ ਅਫ਼ਸੋਸ ਹੋਣ ਲੱਗਦਾ ਹੈ। ਉਨ੍ਹਾਂ ਨੂੰ ਬਾਕੀ ਸਾਰੇ ਵੀ ਸਵਾਰਥੀ ਹੀ ਨਜ਼ਰ ਆਉਣ ਲੱਗਦੇ ਹਨ। ਨਾ-ਸ਼ੁਕਰੇ ਲੋਕ ਸਾਡੇ ਸਮਾਜ ਦੇ ਮੱਥੇ ’ਤੇ ਅਸੱਭਿਅਕ ਸਮਾਜ ਦਾ ਧੱਬਾ ਲਗਾਉਣ ਦਾ ਮੁੱਖ ਕਾਰਕ ਹਨ।
ਅਸੱਭਿਅਕ ਸਮਾਜ ਦੇ ਧੱਬੇ ਨੂੰ ਹੋਰ ਗਹਿਰਾ ਹੋਣ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਆਤਮ ਨਿਰੀਖਣ ਕਰਨ ਦੀ ਜ਼ਰੂਰਤ ਹੈ। ਸਾਨੂੰ ਅੰਤਰ ਮਨ ਦੀ ਝਾਤ ਪਾਉਂਦਿਆਂ ਸੋਚਣਾ ਹੋਵੇਗਾ ਕਿ ਕਿਤੇ ਅਸੀਂ ਨਾ-ਸ਼ੁਕਰੇ ਲੋਕਾਂ ਦੀ ਕਤਾਰ ਵਿੱਚ ਤਾਂ ਨਹੀਂ ਖੜ੍ਹੇ। ਸਾਨੂੰ ਸਭ ਨੂੰ ਦੂਜਿਆਂ ਦੇ ਅਹਿਸਾਨਮੰਦ ਹੋਣ ਦੀ ਆਦਤ ਅਪਣਾਉਣੀ ਚਾਹੀਦੀ ਹੈ। ਅਹਿਸਾਨਮੰਦ ਹੋਣਾ ਕਿਸੇ ਵੀ ਇਨਸਾਨ ਦੀ ਸ਼ਖ਼ਸੀਅਤ ਦਾ ਮੀਰੀ ਗੁਣ ਹੁੰਦਾ ਹੈ, ਪਰ ਸਾਡੇ ਲੋਕ ਅਹਿਸਾਨਮੰਦ ਹੋਣ ’ਚ ਆਪਣੀ ਹੇਠੀ ਸਮਝਦੇ ਹਨ। ਆਓ! ਅੱਜ ਤੋਂ ਦੂਜਿਆਂ ਵੱਲੋਂ ਕੀਤੇ ਤਿਣਕੇ ਮਾਤਰ ਅਹਿਸਾਨ ਨੂੰ ਉਮਰ ਭਰ ਲਈ ਯਾਦ ਰੱਖਣ ਦਾ ਪ੍ਰਣ ਕਰਦਿਆਂ ਨਿੱਗਰ ਸਮਾਜ ਦੀ ਉਸਾਰੀ ’ਚ ਯੋਗਦਾਨ ਪਾਈਏ।
ਸੰਪਰਕ: 98786-05965

Advertisement
Author Image

Balwinder Kaur

View all posts

Advertisement