ਨਾ ਭਰੋਸਾ ਰਿਹਾ ਨਾ ਭਰੋਸੇਯੋਗਤਾ
ਅਰਵਿੰਦਰ ਜੌਹਲ
ਭਾਰਤ-ਪਾਕਿਸਤਾਨ ਤਣਾਅ ਦੌਰਾਨ ਟੀ.ਵੀ. ਚੈਨਲਾਂ ਦੀ ਵਿਊਅਰਸ਼ਿਪ (viewership) ਬਾਰੇ ਹਾਲ ਹੀ ’ਚ ਜਾਰੀ ਹੋਈ ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬਾਰਕ) ਦੀ ਰਿਪੋਰਟ ਦੇ ਅੰਕੜੇ ਸਭ ਦਾ ਧਿਆਨ ਮੰਗਦੇ ਹਨ। ਪਹਿਲਗਾਮ ਦੀ ਬੈਸਰਨ ਵਾਦੀ ਵਿੱਚ 22 ਅਪਰੈਲ ਨੂੰ ਦਹਿਸ਼ਤੀ ਘਟਨਾ ’ਚ 26 ਸੈਲਾਨੀਆਂ ਦੀ ਹੱਤਿਆ ਮਗਰੋਂ ਪਾਕਿਸਤਾਨ ਵਿਚਲੇ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਭਾਰਤੀ ਫ਼ੌਜ ਵੱਲੋਂ 7 ਮਈ ਨੂੰ ਵੱਡੇ ਤੜਕੇ ਕੀਤਾ ਗਿਆ ‘ਅਪਰੇਸ਼ਨ ਸਿੰਧੂਰ’ ਜਿਸ ਵੇਲੇ ਸਿਖ਼ਰ ’ਤੇ ਸੀ, ਉਦੋਂ ਦੇਸ਼ ਦੀ ਵੱਡੀ ਆਬਾਦੀ ਆਈ.ਪੀ.ਐੱਲ. ਮੈਚ ਦੇਖ ਰਹੀ ਸੀ। ਅੱਠ ਮਈ ਦੀ ਰਾਤ ਨੂੰ 8.30 ਤੋਂ 9.30 ਵਜੇ ਦਰਮਿਆਨ ਸਟਾਰ ਸਪੋਰਟਸ-1 ਹਿੰਦੀ ਦੇ ਪ੍ਰਤੀ ਮਿੰਟ ਔਸਤ ਦਰਸ਼ਕ 9,345 ਸਨ ਜਦੋਂਕਿ ਸਾਰੇ ਹਿੰਦੀ ਨਿਊਜ਼ ਚੈਨਲਾਂ ਨੂੰ ਇਸ ਸਮੇਂ ਦੌਰਾਨ ਪ੍ਰਤੀ ਮਿੰਟ ਸਿਰਫ਼ 4,834 ਔਸਤ ਦਰਸ਼ਕ ਹੀ ਮਿਲੇ। ‘ਬਾਰਕ’ ਦੀ ਰਿਪੋਰਟ ਮੁਤਾਬਕ ਇਹ ਮੈਚ ਭਾਰਤ-ਪਾਕਿਸਤਾਨ ਤਣਾਅ ਕਾਰਨ ਵਿਚਾਲੇ ਰੋਕਣਾ ਪਿਆ ਪਰ ਫਿਰ ਵੀ ਇਸ ਦੀ ਵਿਊਅਰਸ਼ਿਪ ’ਚ ਕਮੀ ਨਹੀਂ ਆਈ।
ਭਾਰਤੀ ਫ਼ੌਜ ਦੀ ਕਾਰਵਾਈ ਸਬੰਧੀ ਖ਼ਬਰਾਂ ਜਾਂ ਹੋਰ ਵਿਸ਼ਲੇਸ਼ਣਾਤਮਕ ਪ੍ਰੋਗਰਾਮ ਦੇਖਣ ਦੀ ਥਾਂ ਬਹੁਤੇ ਦਰਸ਼ਕਾਂ ਵੱਲੋਂ ਆਈ.ਪੀ.ਐੱਲ. ਦੇਖਣ ਨੂੰ ਤਰਜੀਹ ਦੇਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਏਨਾ ਹੀ ਨਹੀਂ, ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ‘ਅਪਰੇਸ਼ਨ ਸਿੰਧੂਰ’ ਬਾਰੇ 7 ਮਈ ਨੂੰ ਹੀ ਸਵੇਰੇ 10.30 ਵਜੇ ਹੋਈ ਪਹਿਲੀ ਪ੍ਰੈੱਸ ਕਾਨਫਰੰਸ, ਜਿਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਲ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਸ਼ਾਮਲ ਸਨ, ਲਈ ਵੀ ਸਾਰੇ ਹਿੰਦੀ ਚੈਨਲਾਂ ਨੂੰ ਪ੍ਰਤੀ ਮਿੰਟ 3,527 ਔਸਤ ਦਰਸ਼ਕ ਹੀ ਮਿਲੇ। ਅੱਠ ਮਈ ਦੀ ਸ਼ਾਮ ਨੂੰ ਦਰਸ਼ਕਾਂ ਦੀ ਗਿਣਤੀ ਘਟਣ ਦਾ ਕਾਰਨ ਆਈ.ਪੀ.ਐੱਲ. ਨੂੰ ਮੰਨਿਆ ਜਾ ਸਕਦਾ ਹੈ ਪਰ 7 ਮਈ ਨੂੰ ਸਵੇਰੇ ਜਿਸ ਵੇਲੇ ਇਹ ਪ੍ਰੈੱਸ ਕਾਨਫਰੰਸ ਹੋਈ, ਉਦੋਂ ਤਾਂ ਕੋਈ ਆਈ.ਪੀ.ਐੱਲ. ਮੈਚ ਨਹੀਂ ਸੀ ਚੱਲ ਰਿਹਾ। ‘ਬਾਰਕ’ ਦੀ ਰਿਪੋਰਟ ਅਨੁਸਾਰ ‘ਅਪਰੇਸ਼ਨ ਸਿੰਧੂਰ’ ਨੂੰ ਲੈ ਕੇ 8 ਮਈ ਨੂੰ ਸ਼ਾਮ 5.45 ਤੋਂ 6.25 ਦਰਮਿਆਨ ਹੋਈ ਦੂਜੀ ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਚੈਨਲਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਘਟ ਕੇ ਪ੍ਰਤੀ ਮਿੰਟ ਸਿਰਫ਼ 2,148 ਹੀ ਰਹਿ ਗਈ। ਇੱਥੇ ‘ਬਾਰਕ’ ਨੇ ਆਪਣੀ ਰਿਪੋਰਟ ਵਿੱਚ ਇੱਕ ਹੋਰ ਤੱਥ ਦਾ ਉਭਰਵੇਂ ਰੂਪ ’ਚ ਜ਼ਿਕਰ ਕੀਤਾ ਹੈ, ਉਹ ਇਹ ਹੈ ਕਿ ਇਸ ਸਮੇਂ ਦੌਰਾਨ ਹਿੰਦੀ ਨਿਊਜ਼ ਚੈਨਲਾਂ ਦੇ ਮੁਕਾਬਲੇ ਦੁੱਗਣੇ ਦਰਸ਼ਕ ਆਈ.ਪੀ.ਐੱਲ. ਦੇ ਪੁਰਾਣੇ ਮੈਚ ਦੇਖ ਰਹੇ ਸਨ।
‘ਬਾਰਕ’ ਦੀ ਰਿਪੋਰਟ ਦੇ ਇਹ ਅੰਕੜੇ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਆਖ਼ਰ ਉਹ ਕੀ ਕਾਰਨ ਹਨ ਕਿ ਮੁੱਖ ਧਾਰਾ ਦੇ ਇਲੈਕਟ੍ਰਾਨਿਕ ਮੀਡੀਆ ’ਚ ਦੇਸ਼ ਲਈ ਸਭ ਤੋਂ ਮਹੱਤਵਪੂਰਨ ਘਟਨਾਕ੍ਰਮ ਬਾਰੇ ਖ਼ਬਰਾਂ ਜਾਂ ਹੋਰ ਪ੍ਰੋਗਰਾਮਾਂ ਨੂੰ ਦੇਖਣ ’ਚ ਬਹੁਤੇ ਲੋਕਾਂ ਦੀ ਦਿਲਚਸਪੀ ਕਿਉਂ ਨਹੀਂ ਸੀ? ਬੀਤੇ ਕੁਝ ਸਮੇਂ ਤੋਂ ਮੁੱਖ ਧਾਰਾ ਦੇ ਇਲੈਕਟ੍ਰਾਨਿਕ ਮੀਡੀਆ ਦੀ ਭਰੋਸੇਯੋਗਤਾ ’ਤੇ ਵੱਡੇ ਸਵਾਲ ਉੱਠਦੇ ਆ ਰਹੇ ਹਨ।
ਭਾਰਤੀ ਫ਼ੌਜ ਪਾਕਿਸਤਾਨ ਵਿਚਲੇ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਗਿਣੀ-ਮਿਥੀ ਕਾਰਵਾਈ ਕਰ ਰਹੀ ਸੀ। ਫ਼ੌਜ ਇਸ ਬਾਰੇ ਬਿਲਕੁਲ ਸਪੱਸ਼ਟ ਸੀ ਕਿ ਉਸ ਦੀ ਇਹ ਕਾਰਵਾਈ ਸਿਰਫ਼ ਦਹਿਸ਼ਤਗਰਦਾਂ ਖ਼ਿਲਾਫ਼ ਹੈ ਨਾ ਕਿ ਪਾਕਿਸਤਾਨ ਦੇ ਸੈਨਿਕ ਟਿਕਾਣਿਆਂ ਜਾਂ ਆਮ ਲੋਕਾਂ ਖ਼ਿਲਾਫ਼। ਦੂਜੇ ਪਾਸੇ ਮੁੱਖ ਧਾਰਾ ਦੇ ਮੀਡੀਆ ਨੇ ਤੱਥਾਂ ਦੀ ਪੜਤਾਲ ਕੀਤੇ ਬਗ਼ੈਰ ਹੀ ਅਜਿਹੀਆਂ ਰਿਪੋਰਟਾਂ ਚਲਾਈਆਂ ਕਿ ਭਾਰਤੀ ਜਲ ਸੈਨਾ ਨੇ ਕਰਾਚੀ ਬੰਦਰਗਾਹ ਤਬਾਹ ਕਰ ਦਿੱਤੀ। ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਜਹਾਜ਼ਾਂ ਨੂੰ ਡੇਗ ਲਿਆ ਅਤੇ ਉਨ੍ਹਾਂ ਦੇ ਪਾਇਲਟਾਂ ਨੂੰ ਫੜ ਲਿਆ ਹੈ। ਮੁੱਖ ਧਾਰਾ ਦੇ ਇਹ ਚੈਨਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਤਾਂ ਭਾਰਤੀ ਫ਼ੌਜ ਦੀ ਇਸ ਕਾਰਵਾਈ ਮਗਰੋਂ ਪਾਕਿਸਤਾਨ ਅੰਦਰਲੇ ਸਿਆਸੀ ਸਿੱਟਿਆਂ ਅਤੇ ਪਾਕਿਸਤਾਨੀ ਫ਼ੌਜ ਦੀ ਸਥਿਤੀ ਬਾਰੇ ਵੀ ਖ਼ਬਰਾਂ ਪ੍ਰਸਾਰਿਤ ਕੀਤੀਆਂ। ਉਨ੍ਹਾਂ ਅਨੁਸਾਰ ਭਾਰਤ ਦੀ ਇਸ ਕਾਰਵਾਈ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬੰਕਰ ਵਿੱਚ ਸ਼ਰਨ ਲੈ ਲਈ ਹੈ ਅਤੇ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਦਾ ਤਖ਼ਤਾ ਪਲਟ ਦਿੱਤਾ ਗਿਆ ਹੈ (ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਕਾਰਵਾਈ ਤੋਂ ਮਗਰੋਂ ਆਸਿਮ ਮੁਨੀਰ ਨੂੰ ਤਰੱਕੀ ਦੇ ਕੇ ਫੀਲਡ ਮਾਰਸ਼ਲ ਬਣਾ ਦਿੱਤਾ ਗਿਆ ਹੈ। ਅਯੂਬ ਖ਼ਾਨ ਤੋਂ ਬਾਅਦ ਉਹ ਦੂਜਾ ਵਿਅਕਤੀ ਹੈ ਜਿਸ ਨੂੰ ਇਹ ਰੁਤਬਾ ਹਾਸਲ ਹੋਇਆ ਹੈ)।
ਭਾਰਤੀ ਮੀਡੀਆ ਵੱਲੋਂ ‘ਅਪਰੇਸ਼ਨ ਸਿੰਧੂਰ’ ਬਾਰੇ ਦਿੱਤੀਆਂ ਗਈਆਂ ਅਜਿਹੀਆਂ ਖ਼ਬਰਾਂ ਮਗਰੋਂ ਗ਼ਲਤ ਸਾਬਤ ਹੋਈਆਂ ਜੋ ਪੱਛਮੀ ਜਗਤ ਵਿੱਚ ਦੇਸ਼ ਦੀ ਜੱਗ-ਹਸਾਈ ਦਾ ਕਾਰਨ ਬਣੀਆਂ। ‘ਦਿ ਨਿਊਯਾਰਕ ਟਾਈਮਜ਼’ ਨੇ ਭਾਰਤੀ ਮੁੱਖ ਧਾਰਾ ਦੇ ਇਲੈਕਟ੍ਰਾਨਿਕ ਮੀਡੀਆ ਬਾਰੇ ਲਿਖਿਆ ਹੈ, ‘‘ਐਂਕਰ ਅਤੇ ਟਿੱਪਣੀਕਾਰ ਪਰਮਾਣੂ ਹਥਿਆਰਾਂ ਨਾਲ ਲੈਸ ਦੋ ਦੇਸ਼ਾਂ ਵਿਚਾਲੇ ਜੰਗ ਨੂੰ ਉਤਸ਼ਾਹਿਤ ਕਰ ਰਹੇ ਸਨ। ਬਹੁਤੇ ਉੱਘੇ ਟੀ.ਵੀ. ਨੈੱਟਵਰਕਾਂ ਨੇ ਤੱਥਾਂ ਦੀ ਪੜਤਾਲ ਕੀਤੇ ਬਗ਼ੈਰ ਖ਼ਬਰਾਂ ਹੀ ਨਹੀਂ ਦਿੱਤੀਆਂ ਸਗੋਂ ਰਾਸ਼ਟਰਵਾਦ ਦੇ ਚੜ੍ਹੇ ਬੁਖ਼ਾਰ ਕਾਰਨ ਕਈ ਮਨਘੜਤ ਰਿਪੋਰਟਾਂ ਵੀ ਨਸ਼ਰ ਕੀਤੀਆਂ।’’ ‘ਨਿਊਯਾਰਕ ਟਾਈਮਜ਼’ ਦੀ ਇਹ ਟਿੱਪਣੀ ਸਾਡੇ ਮੁੱਖ ਧਾਰਾ ਦੇ ਇਲੈਕਟ੍ਰਾਨਿਕ ਮੀਡੀਆ ਦੀ ਨਿੱਘਰੀ ਹਾਲਤ ਦਰਸਾਉਣ ਲਈ ਕਾਫ਼ੀ ਹੈ।
‘ਦਿ ਇਕੌਨੋਮਿਸਟ’ ਨੇ ਵੀ ਇਨ੍ਹਾਂ ਟੀ.ਵੀ. ਚੈਨਲਾਂ ’ਤੇ ਇਸ ਵਿਸ਼ੇ ਨੂੰ ਲੈ ਕੇ ਹੋਈਆਂ ਬਹਿਸਾਂ ਬਾਰੇ ਟਿੱਪਣੀ ਕੀਤੀ ਹੈ, ‘‘ਜੇਕਰ ਇਨ੍ਹਾਂ ਚੈਨਲਾਂ ਦੇ ਖ਼ਬਰਾਂ ਵਾਲੇ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸਮੁੱਚੀ ਸੁਰ ਬਹੁਤ ਅਪਮਾਨਜਨਕ ਅਤੇ ਟਿੱਪਣੀਆਂ ਬਹੁਤ ਬੇਤੁਕੀਆਂ ਤੇ ਬੇਹੂਦਾ ਸਨ।’’ ‘ਦਿ ਇਕੌਨੋਮਿਸਟ’ ਨੇ ਇਹ ਵੀ ਟਿੱਪਣੀ ਕੀਤੀ ਹੈ, ‘‘ਇੱਕ ਐਂਕਰ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਕਰਾਚੀ ਨੂੰ ਅੱਗ ਲਾ ਦਿਓ। ਸਾਰੇ ਸ਼ਹਿਰ ਨੂੰ ਉਡਾ ਦਿਓ। ਇੱਕ ਹੋਰ ਚੈਨਲ ’ਤੇ ਇੱਕ ਸਾਬਕਾ ਫ਼ੌਜੀ ਅਫ਼ਸਰ ਇਰਾਨ ਦੇ ਵਿਦੇਸ਼ ਮੰਤਰੀ ਨੂੰ ‘ਸੂਰ ਦਾ ਪੁੱਤਰ’ ਦੱਸ ਰਿਹਾ ਸੀ। ਉਸ ਦੀ ਇਸ ਟਿੱਪਣੀ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਹਲਕੀ ਕੂਟਨੀਤਕ ਤਲਖ਼ੀ ਵੀ ਪੈਦਾ ਹੋਈ।’’
ਹਾਲ ਹੀ ਵਿੱਚ ਮੁੱਖ ਧਾਰਾ ਦੇ ਇੱਕ ਉੱਘੇ ਟੀ.ਵੀ. ਚੈਨਲ ਨੇ ਆਪਣੇ ਪ੍ਰੋਗਰਾਮ ’ਚ ਤੁਰਕੀ ਵਿਚਲੇ ‘ਇਸਤਾਂਬੁਲ ਕਾਂਗਰਸ ਸੈਂਟਰ’ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਜਿਸਟਰਡ ਦਫ਼ਤਰ ਵਜੋਂ ਦਰਸਾਇਆ ਅਤੇ ਕਾਂਗਰਸ ਨੂੰ ਇਸ ਦਫ਼ਤਰ ਬਾਰੇ ਵਾਰ-ਵਾਰ ਸਵਾਲ ਕੀਤੇ। ਅੰਤ ਸੱਚ ਸਾਹਮਣੇ ਆ ਗਿਆ ਕਿ ਇਹ ਸੈਂਟਰ ਤਾਂ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੀ ਮੈਟਰੋਪੌਲੀਟਨ ਮਿਉਂਸਪੈਲਿਟੀ ਦੇ ਅਧੀਨ ਆਉਂਦਾ ਹੈ। ਮਹਿਜ਼ ਕਾਂਗਰਸ ਪੜ੍ਹ ਕੇ ਉਨ੍ਹਾਂ ਇਸ ਨੂੰ ਕਾਂਗਰਸ ਪਾਰਟੀ ਨਾਲ ਜੋੜ ਦਿੱਤਾ।
ਇਸੇ ਤਰ੍ਹਾਂ ਹਾਲ ਹੀ ’ਚ ਭਾਰਤੀ ਫ਼ੌਜ ਦੇ 15 ਇਨਫੈਂਟਰੀ ਡਿਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਕਾਰਤਿਕ ਸੀ. ਸ਼ੇਸ਼ਾਧਰੀ ਨੇ ਇੱਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਹਰਿਮੰਦਰ ਸਾਹਿਬ ਸਣੇ ਪੰਜਾਬ ਦੇ ਕੁਝ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਸੀ ਪਰ ਫ਼ੌਜ ਨੇ ਮਜ਼ਬੂਤ ਹਵਾਈ ਰੱਖਿਆ ਪ੍ਰਣਾਲੀ ਨਾਲ ਇਸ ਨੂੰ ਨਾਕਾਮ ਕਰ ਦਿੱਤਾ। ਹੋਰ ਤਾਂ ਹੋਰ, ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਇੱਕ ਟੀ.ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ’ਚ ਇਹ ਵੀ ਦਾਅਵਾ ਕੀਤਾ ਗਿਆ ਕਿ ਹਰਿਮੰਦਰ ਸਾਹਿਬ ’ਚ ਹਵਾਈ ਸੁਰੱਖਿਆ ਗੰਨਾਂ ਬੀੜੀਆਂ ਗਈਆਂ ਸਨ। ਫ਼ੌਜੀ ਅਫ਼ਸਰ ਦੇ ਇਸ ਦਾਅਵੇ ਦਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਹੋਰਾਂ ਨੇ ਖੰਡਨ ਕੀਤਾ ਤਾਂ ਭਾਰਤੀ ਫ਼ੌਜ ਨੇ ਹਵਾਈ ਗੰਨਾਂ ਲਾਉਣ ਦੇ ਦਾਅਵਿਆਂ ਨੂੰ ਨਕਾਰਦਿਆਂ ਕਿਹਾ, ‘‘ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ‘ਗੋਲਡਨ ਟੈਂਪਲ’ ਦੇ ਘੇਰੇ ’ਚ ਕੋਈ ਵੀ ਹਵਾਈ ਰੱਖਿਆ ਗੰਨ ਜਾਂ ਕੋਈ ਹੋਰ ਹਵਾਈ ਰੱਖਿਆ ਪ੍ਰਣਾਲੀ ਨਹੀਂ ਲਗਾਈ ਗਈ।’’ ਜੇਕਰ ਫ਼ੌਜ ਦਾ ਇਹ ਦਾਅਵਾ ਸਹੀ ਹੈ ਤਾਂ ਉਨ੍ਹਾਂ ਅਫ਼ਸਰਾਂ ਨੇ ਅਜਿਹੇ ਬਿਆਨ ਕਿਉਂ ਦਿੱਤੇ? ਇਸ ਤੋਂ ਬਾਅਦ ਸਾਰੇ ਮਾਮਲੇ ’ਤੇ ਮਿੱਟੀ ਪਾ ਦਿੱਤੀ ਗਈ ਪਰ ਸਵਾਲ ਤਾਂ ਇਹ ਹੈ ਕਿ ਉਨ੍ਹਾਂ ਵੱਲੋਂ ਅਜਿਹੇ ਦਾਅਵੇ ਕਰਨ ਦਾ ਮਕਸਦ ਕੀ ਸੀ? ਜਦੋਂ ਬਹੁਤ ਸਾਰੇ ਅਜਿਹੇ ਸਵਾਲਾਂ ਦਾ ਕਿਤਿਓਂ ਕੋਈ ਜਵਾਬ ਨਹੀਂ ਮਿਲਦਾ ਤਾਂ ਭਰੋਸੇਯੋਗਤਾ ਨੂੰ ਖ਼ੋਰਾ ਲਗਦਾ ਹੈ।
ਮੀਡੀਆ ਵੱਲੋਂ ਜਦੋਂ ਲਗਾਤਾਰ ਅਜਿਹੀਆਂ ਤੱਥਹੀਣ ਮਨਘੜਤ ਖ਼ਬਰਾਂ ਪਰੋਸੀਆਂ ਜਾਂਦੀਆਂ ਹਨ ਤਾਂ ਉਹ ਆਪਣੇ ਦਰਸ਼ਕਾਂ ਦਾ ਹੀ ਭਰੋਸਾ ਨਹੀਂ ਤੋੜਦਾ ਸਗੋਂ ਆਪਣੀ ਭਰੋਸੇਯੋਗਤਾ ਵੀ ਗੁਆ ਬੈਠਦਾ ਹੈ। ਜੇ ਭਰੋਸੇਯੋਗਤਾ ਖ਼ਤਮ ਹੋ ਜਾਵੇ ਤਾਂ ਉਸ ਨੂੰ ਮੁੜ ਹਾਸਲ ਕਰਨਾ ਬਹੁਤ ਔਖਾ ਕਾਰਜ ਹੈ। ਇਹੀ ਕਾਰਨ ਹੈ ਕਿ ਮੁੱਖ ਧਾਰਾ ਦੇ ਚੈਨਲਾਂ ਦੇ ਵੱਡੀ ਗਿਣਤੀ ਦਰਸ਼ਕ ਸੋਸ਼ਲ ਮੀਡੀਆ ਵੱਲ ਮੁੜ ਗਏ ਹਨ।