ਨਾਵਲ ‘ਚੁਰਾਸੀ ਲੱਖ ਯਾਦਾਂ’ ਉਤੇ ਚਰਚਾ
ਪੱਤਰ ਪ੍ਰੇਰਕ
ਚੰਡੀਗੜ੍ਹ, 3 ਫ਼ਰਵਰੀ
ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਦੇ ਮੁੱਖ ਪੰਜਾਬੀ ਨਾਵਲ ‘ਚੁਰਾਸੀ ਲੱਖ ਯਾਦਾਂ’ ਸਬੰਧੀ ਪੁਸਤਕ ਚਰਚਾ ਕਰਵਾਈ ਗਈ। ਇਹ ਨਾਵਲ ਆਊਟਮ ਆਰਟ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਤਿਹਾਸ ਵਿਭਾਗ ਦੇ ਚੇਅਰਪਰਸਨ ਡਾ. ਜਸਬੀਰ ਸਿੰਘ ਨੇ ਪੁਸਤਕ ਚਰਚਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਨਾਵਲ ਦੇ ਵਿਸ਼ੇ ਉਤੇ ਦੋ ਖੋਜ ਵਿਦਵਾਨਾਂ ਡਾ. ਸੋਨਾ ਸਿੰਘ ਅਤੇ ਡਾ. ਸਤਵੀਰ ਸਿੰਘ ਨੇ ਪੇਸ਼ਕਾਰੀ ਕੀਤੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਗੁਰਮੁਖ ਸਿੰਘ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਪਣੇ ਲੰਬੇ ਭਾਸ਼ਣ ਵਿੱਚ ਕਿਹਾ ਕਿ ਜੇਕਰ ਸੰਨ-1984 ਤੋਂ ਬਾਅਦ ਵਾਲੇ ਪੰਜਾਬ ਦੀ ਪੇਚੀਦਗੀ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਇਹ ‘ਚੁਰਾਸੀ ਲੱਖ ਯਾਦਾਂ’ ਨਾਵਲ ਪੜ੍ਹਨਾ ਬਹੁਤ ਜ਼ਰੂਰੀ ਅਤੇ ਅਹਿਮ ਹੈ। ਡਾ. ਸਰਬਜੀਤ ਸਿੰਘ ਨੇ ਨਾਵਲ ’ਤੇ ਆਪਣੀਆਂ ਟਿੱਪਣੀਆਂ ਸ਼ਾਮਲ ਕੀਤੀਆਂ। ਪ੍ਰੋ. ਪ੍ਰਿਯਤੋਸ਼ ਸ਼ਰਮਾ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਜਸਬੀਰ ਸਿੰਘ ਮੰਡ ਨੇ ਆਪਣੇ ਨਾਵਲਾਂ ਬਾਰੇ ਜਾਣਕਾਰੀ ਸਾਂਝੀ ਕੀਤੀ।