ਨਾਰਵੇ ਸ਼ਤਰੰਜ: ਚੀਨ ਦੇ ਵੇਈ ਯੀ ਨੇ ਗੁਕੇਸ਼ ਨੂੰ ਹਰਾਇਆ
ਸਟਾਵੇਂਜਰ: ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਦਾ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਉਤਰਾਅ-ਚੜ੍ਹਾਅ ਵਾਲਾ ਸਫਰ ਜਾਰੀ ਹੈ। ਉਹ ਅੱਜ ਚੀਨ ਦੇ ਵੇਈ ਯੀ ਹੱਥੋਂ ਆਰਮਾਗੇਡਨ ਟਾਈ-ਬ੍ਰੇਕ ਵਿੱਚ ਹਾਰ ਕੇ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਇੱਕ ਹੋਰ ਭਾਰਤੀ ਅਰਜੁਨ ਏਰੀਗੈਸੀ ਅਮਰੀਕਾ ਦੇ ਵਿਸ਼ਵ ਨੰਬਰ ਦੋ ਖਿਡਾਰੀ ਹਿਕਾਰੂ ਨਾਕਾਮੁਰਾ ਨੂੰ ਹਰਾ ਕੇ ਚੌਥੇ ਸਥਾਨ ’ਤੇ ਕਾਇਮ ਰਿਹਾ। ਮੌਜੂਦਾ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖੀ। ਉਹ ਕਾਲੇ ਮੋਹਰਿਆਂ ਨਾਲ ਖੇਡਦਿਆਂ ਫੈਬੀਆਨੋ ਕਾਰੂਆਨਾ ਖ਼ਿਲਾਫ਼ ਆਰਮਾਗੇਡਨ ਟਾਈ-ਬ੍ਰੇਕ ਜਿੱਤਣ ਤੋਂ ਬਾਅਦ 9.5 ਅੰਕਾਂ ’ਤੇ ਪਹੁੰਚ ਗਿਆ ਹੈ। ਮਹਿਲਾ ਵਰਗ ਵਿੱਚ ਦੋ ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੇ ਚੀਨ ਦੀ ਲੀ ਟਿੰਗਜੀ ਖ਼ਿਲਾਫ਼ ਟਾਈ-ਬ੍ਰੇਕ ਜਿੱਤਣ ਤੋਂ ਬਾਅਦ 8.5 ਅੰਕਾਂ ਨਾਲ ਲੀਡ ਲੈ ਲਈ ਹੈ, ਜਦਕਿ ਆਰ ਵੈਸ਼ਾਲੀ ਨੇ ਸਾਰਾ ਖਾਦੇਮ ਨੂੰ ਹਰਾ ਕੇ ਤਿੰਨ ਅੰਕ ਹਾਸਲ ਕੀਤੇ ਅਤੇ ਉਹ ਹੁਣ 6.5 ਅੰਕਾਂ ਨਾਲ ਚੌਥੇ ਸਥਾਨ ’ਤੇ ਪਹੁੰਚ ਗਈ ਹੈ। -ਪੀਟੀਆਈ