ਨਾਰਵੇ ਸ਼ਤਰੰਜ: ਗੁਕੇਸ਼ ਨੇ ਕਾਰਲਸਨ ਨੂੰ ਦਿੱਤੀ ਮਾਤ
ਸਟਾਵੇਂਜਰ, 2 ਜੂਨ
ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਗੇੜ ਵਿੱਚ ਦੁਨੀਆ ਦੇ ਨੰਬਰ ਇੱਕ ਗਰੈਂਡਮਾਸਟਰ ਮੈਗਨਸ ਕਾਰਲਸਨ ਨੂੰ ਹਰਾ ਕੇ ਆਪਣੀ ਪਹਿਲੀ ਬਾਜ਼ੀ ਵਿੱਚ ਮਿਲੀ ਹਾਰ ਦਾ ਬਦਲਾ ਲਿਆ ਹੈ। ਇਹ ਭਾਰਤੀ ਖਿਡਾਰੀ ਦੀ ਨਾਰਵੇ ਦੇ ਮਹਾਨ ਖਿਡਾਰੀ ਖ਼ਿਲਾਫ਼ ਕਲਾਸੀਕਲ ਸ਼ਤਰੰਜ ਵਿੱਚ ਪਹਿਲੀ ਜਿੱਤ ਹੈ। ਇਸ ਬਾਜ਼ੀ ਵਿੱਚ ਹਾਰ ਦਾ ਸਾਹਮਣਾ ਕਰਨ ਮਗਰੋਂ ਕਾਰਲਸ ਗੁੱਸੇ ’ਤੇ ਕਾਬੂ ਨਾ ਰੱਖ ਸਕਿਆ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਟੇਬਲ ’ਤੇ ਮੁੱਕਾ ਮਰਿਆ। ਇਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ ਬਾਜ਼ੀ ਵਿੱਚ ਗੁਕੇਸ਼ ਚੰਗੀ ਸਥਿਤੀ ਵਿੱਚ ਨਹੀਂ ਸੀ ਪਰ ਕਾਰਲਸਨ ਸਮੇਂ ਦੇ ਦਬਾਅ ਹੇਠ ਆ ਗਿਆ, ਜਿਸ ਮਗਰੋਂ ਉਹ ਗੁੱਸੇ ’ਤੇ ਕਾਬੂ ਨਹੀਂ ਰੱਖ ਸਕਿਆ। ਬਾਜ਼ੀ ਜਿੱਤਣ ਮਗਰੋਂ ਗੁਕੇਸ਼ ਨੇ ਕਿਹਾ, ‘ਮੈਂ ਉਸ ਸਥਿਤੀ ਵਿੱਚ ਬਹੁਤ ਕੁਝ ਨਹੀਂ ਕਰ ਸਕਦਾ ਸੀ। ਮੈਂ ਉਸ ਸਥਿਤੀ ਵਿੱਚ ਸਪੱਸ਼ਟ ਤੌਰ ’ਤੇ ਹਾਰ ਚੁੱਕਾ ਸੀ। ਖੁਸ਼ਕਿਸਮਤੀ ਨਾਲ ਉਹ (ਕਾਰਲਸਨ) ਸਮੇਂ ਦੇ ਦਬਾਅ ਹੇਠ ਆ ਗਿਆ।’ ਉਸ ਨੇ ਕਿਹਾ, ‘100 ’ਚੋਂ 99 ਵਾਰ ਮੈਂ ਇਸ ਸਥਿਤੀ ਵਿੱਚ ਹਾਰ ਜਾਂਦਾ ਪਰ ਅੱਜ ਮੈਂ ਖੁਸ਼ਕਿਸਮਤ ਰਿਹਾ।’ ਇਸ ਜਿੱਤ ਨਾਲ 19 ਸਾਲਾ ਗੁਕੇਸ਼ 8.5 ਅੰਕਾਂ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਉਹ ਹੁਣ ਕਾਰਲਸਨ ਅਤੇ ਅਮਰੀਕੀ ਗਰੈਂਡਮਾਸਟਰ ਫੈਬੀਆਨੋ ਕਾਰੂਆਨਾ ਤੋਂ ਸਿਰਫ਼ ਇੱਕ ਅੰਕ ਪਿੱਛੇ ਹੈ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲਾ ਇੱਕ ਹੋਰ ਭਾਰਤੀ ਅਰਜੁਨ ਏਰੀਗੈਸੀ ਚੀਨ ਦੇ ਵੇਈ ਯੀ ਖ਼ਿਲਾਫ਼ ਆਰਮਾਗੈਡਨ ਟਾਈ-ਬ੍ਰੇਕ ਜਿੱਤਣ ਤੋਂ ਬਾਅਦ 7.5 ਅੰਕਾਂ ਨਾਲ ਹਿਕਾਰੂ ਨਾਕਾਮੁਰਾ ਨਾਲ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ