ਨਾਰਵੇ ਸ਼ਤਰੰਜ: ਕਾਰਲਸਨ ਨੇ ਗੁਕੇਸ਼ ਨੂੰ ਹਰਾਇਆ
ਸਟਾਵੇਂਜਰ (ਨਾਰਵੇ), 27 ਮਈ
ਦੁਨੀਆ ਦੇ ਨੰਬਰ ਇੱਕ ਸ਼ਤਰੰਜ ਗਰੈਂਡਮਾਸਟਰ ਮੈਗਨਸ ਕਾਰਲਸਨ ਨੇ ਆਖਰੀ ਪਲਾਂ ਵਿੱਚ ਆਪਣੀ ਮੁਹਾਰਤ ਦਾ ਨਮੂਨਾ ਪੇਸ਼ ਕਰਦਿਆਂ ਇੱਥੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਰੋਮਾਂਚਕ ਪਹਿਲੇ ਗੇੜ ’ਚ ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੂੰ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਪੰਜ ਵਾਰ ਦੇ ਵਿਸ਼ਵ ਚੈਂਪੀਅਨ 34 ਸਾਲਾ ਕਾਰਲਸਨ ਅਤੇ ਉਸ ਤੋਂ ਅੱਧੀ ਉਮਰ ਦੇ ਗੁਕੇਸ਼ ਵਿਚਾਲੇ ਇਹ ਮੈਚ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਮੰਨਿਆ ਜਾ ਰਿਹਾ ਸੀ। ਗੁਕੇਸ਼ ਨੇ ਚਾਰ ਘੰਟੇ ਤੋਂ ਵੱਧ ਚੱਲੇ ਕਲਾਸੀਕਲ ਸ਼ਤਰੰਜ ਦੇ ਇਸ ਮੈਚ ਵਿੱਚ ਜ਼ਿਆਦਾਤਰ ਸਮਾਂ ਨਾਰਵੇ ਦੇ ਮੌਜੂਦਾ ਚੈਂਪੀਅਨ ਨੂੰ ਦਬਾਅ ਵਿੱਚ ਰੱਖਿਆ ਪਰ ਫਿਰ ਭਾਰਤੀ ਖਿਡਾਰੀ ਦੀ ਗਲਤੀ ਦਾ ਫਾਇਦਾ ਉਠਾਉਂਦਿਆਂ ਕਾਰਲਸਨ ਨੇ 55 ਚਾਲਾਂ ਵਿੱਚ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਕਾਰਲਸਨ ਨੇ ਤਿੰਨ ਅੰਕ ਹਾਸਲ ਕੀਤੇ ਅਤੇ ਹੁਣ ਉਹ ਅਮਰੀਕੀ ਗਰੈਂਡਮਾਸਟਰ ਅਤੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਹਿਕਾਰੂ ਨਾਕਾਮੁਰਾ ਨਾਲ ਬਰਾਬਰੀ ’ਤੇ ਹੈ। ਨਾਕਾਮੁਰਾ ਨੇ ਹਮਵਤਨ ਫੈਬੀਆਨੋ ਕਾਰੂਆਨਾ ਨੂੰ ਹਰਾਇਆ। -ਪੀਟੀਆਈ
ਹੰਪੀ ਨੇ ਵੈਸ਼ਾਲੀ ਨੂੰ ਦਿੱਤੀ ਮਾਤ
ਦੋ ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਕੋਨੇਰੂ ਹੰਪੀ ਨੇ ਹਮਵਤਨ ਆਰ ਵੈਸ਼ਾਲੀ ਖ਼ਿਲਾਫ਼ ਫੈਸਲਾਕੁਨ ਜਿੱਤ ਦਰਜ ਕੀਤੀ। ਮੈਚ ਸ਼ਾਨਦਾਰ ਢੰਗ ਨਾਲ ਚੱਲ ਰਿਹਾ ਸੀ ਪਰ ਅੰਤ ਵਿੱਚ ਵੈਸ਼ਾਲੀ ਨੇ ਇੱਕ ਗਲਤੀ ਕੀਤੀ, ਜਿਸ ਦਾ ਹੰਪੀ ਨੇ ਫਾਇਦਾ ਉਠਾਇਆ ਅਤੇ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ ਵਿੱਚ ਓਪਨ ਅਤੇ ਮਹਿਲਾ ਵਰਗਾਂ ਵਿੱਚ ਸਿਖਰਲੇ ਛੇ-ਛੇ ਖਿਡਾਰੀ ਹਿੱਸਾ ਲੈ ਰਹੇ ਹਨ।