ਨਾਰਵੇ ਸ਼ਤਰੰਜ: ਅਰਜੁਨ ਨੂੰ ਹਰਾ ਕੇ ਗੁਕੇਸ਼ ਦੂਜੇ ਸਥਾਨ ’ਤੇ
ਟੈਵੇਂਜਰ: ਭਾਰਤ ਦਾ ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਅੱਜ ਹਮਵਤਨ ਅਰਜੁਨ ਏਰੀਗੈਸੀ ਨੂੰ ਪਹਿਲੀ ਵਾਰ ਕਲਾਸੀਕਲ ਬਾਜ਼ੀ ’ਚ ਹਰਾ ਕੇ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਗੇੜ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਟੂਰਨਾਮੈਂਟ ਵਿੱਚ ਇਹ ਗੁਕੇਸ਼ ਦੀ ਲਗਾਤਾਰ ਦੂਜੀ ਜਿੱਤ ਹੈ। ਉਸ ਨੇ ਪਿਛਲੇ ਗੇੜ ਵਿੱਚ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ ਸੀ। ਇਸ ਜਿੱਤ ਨਾਲ 19 ਸਾਲਾ ਖਿਡਾਰੀ ਨੇ ਅਰਜੁਨ ਤੋਂ ਆਪਣੀ ਦੂਜੇ ਗੇੜ ਦੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਗੁਕੇਸ਼ ਦੇ ਹੁਣ 11.5 ਅੰਕ ਹਨ ਅਤੇ ਉਹ ਨਾਰਵੇ ਦੇ ਮੌਜੂਦਾ ਚੈਂਪੀਅਨ ਕਾਰਲਸਨ ਨੂੰ ਪਛਾੜ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਅਮਰੀਕੀ ਗਰੈਂਡਮਾਸਟਰ ਫੈਬੀਆਨੋ ਕਾਰੂਆਨਾ 12.5 ਅੰਕਾਂ ਨਾਲ ਸਭ ਤੋਂ ਅੱਗੇ ਹੈ। ਉਸ ਨੇ ਚੀਨ ਦੇ ਵੇਈ ਯੀ ਨੂੰ ਹਰਾਇਆ। ਇੱਕ ਹੋਰ ਅਮਰੀਕੀ ਗਰੈਂਡਮਾਸਟਰ ਅਤੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਹਿਕਾਰੂ ਨਾਕਾਮੁਰਾ ਖ਼ਿਲਾਫ਼ ਆਰਮਾਗੇਡਨ ਜਿੱਤ ਤੋਂ ਬਾਅਦ ਕਾਰਲਸਨ 11 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਨਾਕਾਮੁਰਾ 8.5 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਗੁਕੇਸ਼ ਤੋਂ ਹਾਰਨ ਤੋਂ ਬਾਅਦ ਏਰੀਗਾਈਸੀ 7.5 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਖਿਸਕ ਗਿਆ। -ਪੀਟੀਆਈ