ਨਾਭਾ ’ਚ ਸਰਕੁਲਰ ਰੋਡ ’ਤੇ ਸੁਰੱਖਿਆ ਪ੍ਰਬੰਧ ਨਾਕਸ
ਮੋਹਿਤ ਸਿੰਗਲਾ
ਨਾਭਾ, 30 ਜਨਵਰੀ
ਨਾਭੇ ਦੀ ਸਰਕੁਲਰ ਰੋਡ ’ਤੇ ਸੁਰੱਖਿਆ ਪ੍ਰਬੰਧ ਨਾਕਸ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਹੋਈ ਮੁਰੰਮਤ ਤੋਂ ਬਾਅਦ ਇਸ ਸੜਕ ’ਤੇ ਰਫ਼ਤਾਰ ਕੰਟਰੋਲ ਕਰਨ ਲਈ ਬਣੇ ਪ੍ਰਬੰਧ ਨਸ਼ਟ ਹੋ ਗਏ ਗਨ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ ਤੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਲੋਕਾਂ ਨੇ ਹਾਦਸਿਆਂ ਦੀ ਤਸਵੀਰ ਜਾਂ ਮੈਡੀਕਲ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਫੋਨ ਰਾਹੀਂ ਭੇਜਣੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਪਟਿਆਲਾ-ਮਾਲੇਰਕੋਟਲਾ ਹਾਈਵੇਅ ਐੱਮਡੀਆਰ-32 ਅਤੇ ਸਟੇਟ ਹਾਈਵੇਅ 12ਏ ਦੋਵਾਂ ਦੀ ਆਵਾਜਾਈ ਇਕੱਠੀ ਹੋ ਜਾਂਦੀ ਹੈ। ਲੋਕਾਂ ਮੁਤਾਬਕ ਭਾਰੀ ਵਾਹਨਾਂ ਦੀ ਬੇਲਗਾਮ ਤੇਜ਼ ਰਫ਼ਤਾਰੀ ਕਾਰਨ ਪੈਦਲ ਜਾਂ ਦੁਪਹੀਆ ਵਾਹਨਾਂ ਲਈ ਇਹ ਕਾਫੀ ਖਤਰਨਾਕ ਬਣ ਚੁੱਕੀ ਹੈ। ਸਵੇਰੇ ਸ਼ਾਮ ਇਸ ਚੌੜੀ ਸੜਕ ’ਤੇ ਆਵਾਜਾਈ ਕਾਫੀ ਤੇਜ਼ ਹੁੰਦੀ ਹੈ। ਸ਼ਿਵਾ ਐਨਕਲੇਵ ਵਾਸੀ ਸਾਬਕਾ ਐੱਸਐੱਮਓ ਆਈਡੀ ਗੋਇਲ ਦੇ ਪਿਛਲੇ ਹਫਤੇ ਵਾਪਰੇ ਹਾਦਸੇ ਬਾਰੇ ਦੱਸਦਿਆਂ ਕਲੋਨੀ ਐਸੋਸੀਏਸ਼ਨ ਪ੍ਰਧਾਨ ਧੀਰ ਸਿੰਘ ਨੇ ਦੱਸਿਆ ਕਿ ਇੱਕ ਸਾਲ ਤੋਂ ਉਹ ਸੜਕ ’ਤੇ ਸੁਰੱਖਿਆ ਪ੍ਰਬੰਧਾਂ ਲਈ ਪੀਡਬਲਿਊਡੀ ਤੇ ਐੱਸਡੀਐੱਮ ਦਫਤਰ ’ਚ ਅਰਜ਼ੀਆਂ ਦੇ ਰਹੇ ਹਨ। ਆਪਣੇ ਇਕਲੌਤੇ ਪੁੱਤਰ ਨੂੰ ਸੜਕ ਹਾਦਸੇ ਵਿੱਚ ਗੁਆਉਣ ਵਾਲੇ ਸਰਕੁਲਰ ਰੋਡ ਸੁਰੱਖਿਆ ਕਮੇਟੀ ਦੇ ਮੈਂਬਰ ਰਿਟਾਇਰਡ ਕਾਨੂੰਨਗੋ ਨਿਰਮਲ ਸਿੰਘ ਨੇ ਦੱਸਿਆ ਕਿ 4 ਦਸੰਬਰ ਨੂੰ ਐੱਸਡੀਐੱਮ ਨੇ ਭਰੋਸਾ ਦਿੱਤਾ ਸੀ ਕਿ ਇੱਕ ਹਫਤੇ ਅੰਦਰ ਮਾਮਲੇ ਦਾ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ, ‘‘ਹੁਣ ਅਸੀਂ ਆਏ ਦਿਨ ਵਾਪਰਦੇ ਹਾਦਸਿਆਂ ਦੀ ਤਸਵੀਰ ਜਾਂ ਪੀੜਤ ਦੀ ਮੈਡੀਕਲ ਜਾਣਕਾਰੀ ਵ੍ਹਟਸਐਪ ਰਾਹੀਂ ਅਧਿਕਾਰੀਆਂ ਨੂੰ ਅਤੇ ਇਲਾਕੇ ਦੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਭੇਜ ਰਹੇ ਹਾਂ।’’
ਸਮੱਸਿਆ ਦਾ ਹੱਲ ਜਲਦ ਹੋਵੇਗਾ: ਅਧਿਕਾਰੀ
ਪੀਡਬਲਿਊਡੀ ਦੇ ਨਾਭਾ ਤੋਂ ਐਕਸੀਅਨ ਗੌਰਵ ਸਿੰਗਲਾ ਨੇ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।