ਪੱਤਰ ਪ੍ਰੇਰਕਪਟਿਆਲਾ, 29 ਜੂਨਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਸੰਸਥਾ ‘ਨਾਟਕ ਵਾਲਾ’ ਵੱਲੋਂ ਕਰਵਾਏ ਜਾ ਰਹੇ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੂੰ ਸਮਰਪਿਤ ਤਿੰਨ ਰੋਜ਼ਾ 23ਵੇਂ ਗਰਮ ਰੁੱਤ ਨਾਟ ਉਤਸਵ ਦੇ ਦੂਜੇ ਦਿਨ ਮੌਲੀਅਰ ਦੇ ਲਿਖੇ ਤੇ ਸੁਰਿੰਦਰ ਬਾਠ ਦੁਆਰਾ ਪੰਜਾਬੀ ’ਚ ਅਨੁਵਾਦ ਕੀਤੇ ਨਾਟਕ ‘ਤਾਰਤੂਫ਼’ ਰਾਹੀਂ ਪਾਖੰਡੀ ਬਾਬਿਆਂ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ।ਕਾਲੀਦਾਸ ਆਡੀਟੋਰੀਅਮ ਵਿੱਚ ਰਾਜੇਸ਼ ਸ਼ਰਮਾ ਦੀ ਨਿਰਦੇਸ਼ਨਾ ’ਚ ਖੇਡੇ ਗਏ ਇਸ ਨਾਟਕ ਦੌਰਾਨ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਚੇਅਰਮੈਨ ਦੇ ਸਵਰਨਜੀਤ ਸਿੰਘ ਸਵੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਡਾ. ਸਵਰਾਜ ਸਿੰਘ, ਪਦਮਸ੍ਰੀ ਪ੍ਰਾਣ ਸਭਰਵਾਲ, ਮੋਹਨ ਕੰਬੋਜ, ਵਰਿੰਦਰ ਘੁੰਮਣ, ਪਰਮਿੰਦਰਪਾਲ ਕੌਰ, ਕਵਿਤਾ ਸ਼ਰਮਾ ਤੇ ਨੰਦਾ ਵੀ ਹਾਜ਼ਰ ਸਨ।ਮੁੱਖ ਮਹਿਮਾਨ ਸਵੀ ਨੇ ਕਿਹਾ ਕਿ ਨਾਟਕ, ਕਲਾ ਦੀ ਉਹ ਵਿਧਾ ਹੈ ਜਿਸ ਰਾਹੀਂ ਦਰਸ਼ਕਾਂ ਨਾਲ ਸਿੱਧਾ ਰਾਬਤਾ ਕਾਇਮ ਹੁੰਦਾ ਹੈ ਇਸ ਕਰਕੇ ਇਹ ਇੱਕੋ ਵੇਲੇ ਸਮਾਜ ਦੇ ਵੱਡੇ ਹਿੱਸਾ ’ਤੇ ਆਪਣਾ ਅਸਰ ਛੱਡਣ ਦੀ ਸਮਰੱਥਾ ਰੱਖਣ ਵਾਲੀ ਕਲਾ ਹੈ। ਨਾਟਕ ’ਚ ਤਾਰਤੂਫ਼ ਦੀ ਭੂਮਿਕਾ ਸੁਰਿੰਦਰ ਬਾਠ, ਰਾਜੇਸ਼ ਸ਼ਰਮਾ ਨੇ ਮਨੋਹਰ ਦੀ, ਰਾਜਿੰਦਰ ਵਾਲੀਆਂ ਨੇ ਮਾਂ, ਡੌਲੀ ਕਪੂਰ ਨੇ ਕੰਚਨ, ਇਸ਼ਨੂਰ ਨੇ ਭਰਾ, ਜਸਪ੍ਰੀਤ ਨੇ ਨੌਕਰ, ਦਿਵਾਂਸ਼ੀ ਨੇ ਸ਼ਾਲੂ, ਮੱਦੀ ਦੀ ਭੂਮਿਕਾ ਰਾਣਾ ਗੁਰਪ੍ਰਤਾਪ, ਚੇਲਿਆਂ ਵਜੋਂ ਪ੍ਰਭਾਸ ਪੰਡਿਤ, ਨਵਦੀਪ, ਇੰਦਰਜੀਤ, ਸਿਮਰਨਜੀਤ ਗਿੱਲ ਤੇ ਅਭੀਕ ਨੇ ਹਾਜ਼ਰੀ ਲਵਾਈ। ਸ਼ਨੀ, ਕੈਲਾਸ਼ ਤੇ ਨਰਿੰਦਰ ਸਿੰਘ ਨੇ ਸੈੱਟ ਤਿਆਰ ਕੀਤਾ ਅਤੇ ਹਰਸ਼ ਸੇਠੀ ਨੇ ਰੋਸ਼ਨੀ ਦਾ ਸੰਚਾਲਨ ਕੀਤਾ। ਇਹ ਜਾਣਕਾਰੀ ਲਵਪ੍ਰੀਤ ਕਸਿਆਣਾ ਨੇ ਦਿੱਤੀ।