ਨਾਟਕ ‘ਪਾਪਾ ਜੀ ਦਾ ਟਰੰਕ’ ਦਾ ਮੰਚਨ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 7 ਅਪਰੈਲ
ਪੰਜਾਬ ਨਾਟਸ਼ਾਲਾ ਵਿੱਚ ਰੰਗ ਕਰਮੀ ਮੰਚ ਵੱਲੋਂ ਨਿਰਦੇਸ਼ਿਤ ਨਾਟਕ ‘ਪਾਪਾ ਜੀ ਦਾ ਟਰੰਕ’ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਹ ਨਾਟਕ ਮਿਨਿਸਟਰੀ ਆਫ ਕਲਰ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੇਸ਼ ਕੀਤਾ ਗਿਆ। ਨਾਟਕ ਪਰਿਵਾਰਕ ਹਾਸਰਸ ਨਾਟਕ ਹੈ, ਜੋ ਮੱਧ ਵਰਗੀ ਪਰਿਵਾਰ ਦੇ ਬਜ਼ੁਰਗ ਮੁਖੀ ਬਖਸ਼ੀ ਸਿੰਘ ’ਤੇ ਕੇਂਦਰਿਤ ਹੈ। ਇਹ ਨਾਟਕ ਬੱਚਿਆਂ ਦੀ ਚਲਾਕ ਰਣਨੀਤੀ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ, ਜੋ ਪਰਿਵਾਰ ਦੀ ਜਾਇਦਾਦ ’ਤੇ ਕਬਜ਼ਾ ਕਰਨ ਲਈ ਵਰਤੀ ਜਾਂਦੀ ਹੈ। ਬੱਚੇ ਆਪਣੇ ਪਿਤਾ ਦੀ ਜਾਇਦਾਦ ਨੂੰ ਧੋਖੇ ਨਾਲ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਬਜ਼ੁਰਗ ਨੂੰ ਖਾਣਾ-ਪੀਣਾ ਪੁੱਛਣਾ ਬੰਦ ਕਰ ਦਿੰਦੇ ਹਨ। ਅਸਲ ਕਹਾਣੀ ਵਿੱਚ ਮੋੜ ਨਾਟਕ ਦੇ ਅੰਤਰਾਲ ਤੋਂ ਬਾਅਦ ਸਾਹਮਣੇ ਆਉਂਦਾ ਹੈ, ਜਿਸ ਵਿੱਚ ਰਹੱਸ ਦਾ ਇੱਕ ਤੱਤ ਜੁੜ ਜਾਂਦਾ ਹੈ। ਜਦੋਂ 6 ਸਾਲ ਬਾਅਦ ਡਾਕਟਰੀ ਦੀ ਪੜ੍ਹਾਈ ਕਰਕੇ ਉਸ ਦਾ ਵੱਡਾ ਪੁੱਤਰ ਘਰ ਵਾਪਸ ਆਉਂਦਾ ਹੈ ਤਾਂ ਉਹ ਆਪਣੀ ਪ੍ਰੇਸ਼ਾਨੀ ਉਸ ਨੂੰ ਦੱਸਦਾ ਹੈ। ਉਹ ਇੱਕ ਖੇਡ ਖੇਡਦੇ ਹਨ ਕਿ ਉਨ੍ਹਾਂ ਕੋਲ ਜੋ ਟਰੰਕ ਪਿਆ ਹੈ, ਉਸ ਵਿੱਚ ਬਜ਼ੁਰਗਾਂ ਦਾ ਦਿੱਤਾ ਖਜ਼ਾਨਾ ਹੈ। ਪਰਿਵਾਰ ਦੇ ਸਾਰੇ ਮੈਂਬਰ ਖਜ਼ਾਨੇ ਨੂੰ ਹਾਸਲ ਕਰਨ ਦੇ ਚੱਕਰ ਵਿੱਚ ਪਿਤਾ ਦੀ ਸੇਵਾ ਵਿੱਚ ਲੱਗ ਜਾਂਦੇ ਹਨ। ਅੰਤ ਵਿੱਚ, ਜਦੋਂ ਟਰੰਕ ਨੂੰ ਖੋਲ੍ਹਿਆ ਜਾਂਦਾ ਹੈ, ਤਾਂ ਉਸ ਵਿੱਚੋਂ ਕੁਝ ਵੀ ਹਾਸਲ ਨਹੀਂ ਹੁੰਦਾ। ਬੱਚੇ ਸਮਝ ਜਾਂਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਪੁੱਤਰ ਨੇ ਸਮਝਾਉਣ ਲਈ ਇਹ ਸਾਰਾ ਡਰਾਮਾ ਰਚਿਆ ਸੀ। ਉਹ ਆਪਣੇ ਪਿਤਾ ਤੋਂ ਮੁਆਫੀ ਮੰਗਦੇ ਹਨ ਅਤੇ ਭਰੋਸਾ ਦਿਵਾਉਂਦੇ ਹਨ ਕਿ ਆਖਰੀ ਸਾਹ ਤੱਕ ਉਨ੍ਹਾਂ ਦੀ ਸੇਵਾ ਕਰਨਗੇ। ਨਾਟਕ ਵਿੱਚ ਜਿਨ੍ਹਾਂ ਕਲਾਕਾਰਾਂ ਨੇ ਭੂਮਿਕਾਵਾਂ ਨਿਭਾਈਆਂ ਹਨ, ਉਨ੍ਹਾਂ ਵਿੱਚ ਮੰਚਪ੍ਰੀਤ ਸਿੰਘ, ਕਵਿਤਾ ਜਗਪ੍ਰੀਤ ਸਿੰਘ, ਚੀਮਾ ਸੈਨਪ੍ਰੀਤ ਸਿੰਘ, ਸੁਨੀਲ, ਆਗਾਜ਼ਪ੍ਰੀਤ ਸਿੰਘ, ਓਮ ਤਿਵਾੜੀ, ਸੁਧਾਂਸ਼ੂ ਗੌਤਮ, ਸੁਰੁਚੀ ਦੁੱਗਲ, ਕੋਮਲਪ੍ਰੀਤ ਕੌਰ, ਕੋਮਲਦੀਪ ਕੌਰ, ਸੰਦੀਪ ਸਿੰਘ ਨੇ ਗੁਰਜਨੀ ਦੁੱਗਲ, ਮੋਹਿਤ ਮਹਿਰਾ, ਅਰੁਣਜੀਤ ਸਿੰਘ, ਅੰਮ੍ਰਿਤ, ਸਿਕੰਦਰ ਸਿੰਘ ਤੇ ਸ਼ੀਲ ਮੱਟੂ ਮੌਜੂਦ ਸਨ। ਪੰਜਾਬ ਨਾਟਸ਼ਾਲਾ ਸੰਸਥਾ ਵੱਲੋਂ ਕਲਾਕਾਰਾਂ ਨੂੰ ਜਤਿੰਦਰ ਬਰਾੜ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।