ਪੱਤਰ ਪ੍ਰੇਰਕਪਟਿਆਲਾ 30 ਜੂਨਉੱਤਰੀ ਖੇਤਰ ਸਭਿਆਚਾਰਕ ਕੇਂਦਰ ਤੇ ਪੰਜਾਬ ਆਰਟਸ ਕੌਂਸਲ ਦੇ ਸਹਿਯੋਗ ਨਾਲ ਰੰਗਮੰਚ ਦੇ ਖੇਤਰ ਵਿੱਚ ਸਥਾਪਤ ਸੰਸਥਾ ਨਾਟਕ ਵਾਲਾ ਵੱਲੋਂ ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨੂੰ ਸਮਰਪਿਤ ਤਿੰਨ ਰੋਜ਼ਾ 23ਵੇਂ ਗਰਮ ਰੁੱਤ ਨਾਟ ਉਤਸਵ ਨੇਪਰੇ ਚੜ੍ਹ ਗਿਆ ਹੈ। ਆਖ਼ਰੀ ਦਿਨ ਮੋਹਨ ਰਾਕੇਸ਼ ਦਾ ਲਿਖਿਆ ਤੇ ਰਾਜੇਸ਼ ਸ਼ਰਮਾ ਦੁਆਰਾ ਨਿਰਦੇਸ਼ਤ ਹਿੰਦੀ ਨਾਟਕ ‘ਆਧੇ-ਅਧੂਰੇ’ ਕਾਲੀਦਾਸ ਆਡੀਟੋਰੀਅਮ ਵਿੱਚ ਖੇਡਿਆ ਗਿਆ। ਆਖ਼ਰੀ ਦਿਨ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਮੁੱਖ ਮਹਿਮਾਨ ਵਜੋਂ ਪਹੁੰਚੇ।ਉਨ੍ਹਾਂ ਕਿਹਾ ਕਿ ਇੱਕ ਚੰਗੀ ਪੇਸ਼ਕਾਰੀ ਦਰਸ਼ਕਾਂ ਨੂੰ ਮੁੱਦਤਾਂ ਤੱਕ ਯਾਦ ਰਹਿੰਦੀ ਹੈ ਅਤੇ ਮਾਰਗ ਦਰਸ਼ਕ ਵੀ ਬਣਦੀ ਹੈ। ਨਾਟਕ ‘ਆਧੇ-ਅਧੂਰੇ’ ਦੀ ਕਹਾਣੀ ਇੱਕ ਪਰਿਵਾਰ ਦੇ ਦੁਆਲੇ ਘੁੰਮਦੀ ਹੈ, ਜਿਸ ਦੇ ਜੀਆਂ ਨੂੰ ਘਰ ਦੇ ਦੂਸਰੇ ਜੀਆਂ ’ਚ ਕਮੀਆਂ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਆਪਣੀਆਂ ਕਮੀਆਂ ਨਜ਼ਰ ਨਹੀਂ ਆਉਂਦੀਆਂ, ਜਿਸ ਕਾਰਨ ਪਰਿਵਾਰ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਨਾਟਕ ਦੇ ਨਿਰਦੇਸ਼ਕ ਤੇ ਅਦਾਕਾਰ ਰਾਜੇਸ਼ ਸ਼ਰਮਾ ਨੇ ਇਸ ਨਾਟਕ ਵਿੱਚ ਵੱਖ-ਵੱਖ ਪੰਜ ਭੂਮਿਕਾਵਾਂ ਮਹਿੰਦਰ, ਜਗਮੋਹਨ, ਸਿੰਘਾਨੀਆ, ਜੁਨੇਜਾ ਤੇ ਕਾਲੇ ਸੂਟ ਵਾਲੇ ਵਿਅਕਤੀ ਵਜੋਂ ਬਾਖ਼ੂਬੀ ਨਿਭਾਈਆਂ। ਕਵਿਤਾ ਸ਼ਰਮਾ ਨੇ ਸਵਿੱਤਰੀ ਦੀ, ਪ੍ਰਭਾਸ਼ ਪੰਡਿਤ ਨੇ ਪੁੱਤਰ ਦੀ, ਚਿਤਵਨ ਮਾਨ ਨੇ ਵੱਡੀ ਧੀਆਂ ਦੀ, ਹਰਪ੍ਰੀਤ ਨੇ ਛੋਟੀ ਬੇਟੀ ਦੀ ਭੂਮਿਕਾ ਨਿਭਾਈ। ਲਵਪ੍ਰੀਤ ਕਸਿਆਣਾ ਨੇ ਦੱਸਿਆ ਕਿ ਸ਼ਨੀ, ਕੈਲਾਸ਼ ਤੇ ਨਰਿੰਦਰ ਸਿੰਘ ਨੇ ਸੈੱਟ ਤਿਆਰ ਕੀਤਾ ਅਤੇ ਹਰਸ਼ ਸੇਠੀ ਨੇ ਰੋਸ਼ਨੀ ਦਾ ਸੰਚਾਲਨ ਕੀਤਾ।