ਪੱਤਰ ਪ੍ਰੇਰਕਤਰਨ ਤਾਰਨ, 7 ਜੂਨਹਰੀਕੇ ਦੇ ਮੰਡ ਖੇਤਰ ਵਿੱਚ ਆਬਕਾਰੀ ਵਿਭਾਗ ਦੇ ਇੰਸਪੈਕਟਰ ਹਿਤੇਸ਼ ਪ੍ਰਭਾਕਰ ਦੀ ਅਗਵਾਈ ਹੇਠ ਵਿਭਾਗ ਦੇ ਮੁਲਾਜ਼ਮਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਕੀਤੀ ਜਾ ਰਹੀ ਤਲਾਸ਼ੀ ਦੌਰਾਨ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਮੁਲਜ਼ਮਾਂ ਨੇ ਹਮਲਾ ਕਰਕੇ ਇਕ ਜਣੇ ਨੂੰ ਜ਼ਖ਼ਮੀ ਕਰ ਦਿੱਤਾ| ਵਿਭਾਗ ਦੀ ਟੀਮ ਨੇ 2300 ਲਿਟਰ ਲਾਹਣ ਬਰਾਮਦ ਕੀਤੀ ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ| ਹਰੀਕੇ ਪੁਲੀਸ ਨੇ ਪਿੰਡ ਦੇ ਭੁਪਿੰਦਰ ਸਿੰਘ ਭਿੰਦਾ ਅਤੇ ਉਸ ਦੇ ਅੱਠ ਅਣਪਛਾਤੇ ਸਮਰਥਕਾਂ ਖਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤੋਂ ਇਲਾਵਾ ਵਿਭਾਗ ਦੀ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਅਧੀਨ ਸੰਗੀਨ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਹੈ| ਭੁਪਿੰਦਰ ਸਿੰਘ ਭਿੰਦਾ ਸਮੇਤ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ| ਇਸ ਤੋਂ ਇਲਾਵਾ ਹੋਰਨਾਂ ਥਾਵਾਂ ਤੋਂ ਵੀ 270 ਲਿਟਰ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ| ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਤਿੰਨ ਫਰਾਰ ਹੋ ਗਏ| ਇਸ ਦੇ ਨਾਲ ਹੀ ਖਾਲੜਾ ਪੁਲੀਸ ਨੇ ਇਲਾਕੇ ਅੰਦਰ ਮੋਟਰ ਸਾਈਕਲ ’ਤੇ ਜਾਂਦੇ ਦੋ ਜਣਿਆਂ ਤੋਂ 70 ਲਿਟਰ ਲਾਹਣ ਬਰਾਮਦ ਕੀਤੀ ਹੈ|