ਨਾਜਾਇਜ਼ ਰੇਹੜੀਆਂ-ਫੜ੍ਹੀਆਂ ’ਤੇ ਸਖ਼ਤੀ
ਚੰਡੀਗੜ੍ਹ: ਇੱਥੇ ਸ਼ਹਿਰ ਵਿੱਚ ਨਿਗਮ ਦੀ ਕਾਰਵਾਈ ਤੋਂ ਬਚਣ ਲਈ ਕੁਝ ਵਿਕਰੇਤਾ ਹੁਣ ਫੜੀ ਲਾਉਣ ਦੀ ਬਜਾਇ ਕਾਰਾਂ ਵਿੱਚ ਰੱਖ ਕੇ ਕੱਪੜਾ, ਬਟੂਏ, ਬੈਲਟਾਂ ਆਦਿ ਵੇਚ ਰਹੇ ਹਨ। ਸੈਕਟਰ-22 ’ਚ ਨਜਾਇਜ਼ ਕਬਜ਼ੇ ਹਟਾਊ ਮੁਹਿੰਮ ਤਹਿਤ ਅੱਜ ਦੇਰ ਸ਼ਾਮ ਜਿਵੇਂ ਹੀ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਛਾਪਾ ਮਾਰਿਆ ਤਾਂ ਸਾਮਾਨ ਸਣੇ ਦੋ ਕਾਰਾਂ ਨੂੰ ਜ਼ਬਤ ਕੀਤਾ। ਟੀਮ ਨੇ ਸੈਕਟਰ-22 ਵਿੱਚ ਮਿਨੀ ਰੋਜ਼ ਗਾਰਡਨ ਪਾਰਕਿੰਗ ਏਰੀਆ, ਮੋਬਾਈਲ ਮਾਰਕੀਟ ਸਣੇ ਕਿਸਾਨ ਭਵਨ ਦੇ ਸਾਹਮਣੇ ਵਾਲੀ ਮਾਰਕੀਟ ਵਿੱਚ 56 ਨਾਜਾਇਜ਼ ਰੇਹੜੀ-ਫੜ੍ਹੀ ਵਾਲਿਆਂ ਦੇ ਚਲਾਨ ਕੀਤੇ। -ਪੱਤਰ ਪ੍ਰੇਰਕ
ਨਸ਼ਾ ਤਸਕਰ ਗਰੋਹ ਦਾ ਪਰਦਾਫ਼ਾਸ਼
ਰੂਪਨਗਰ: ਸਥਾਨਕ ਪੁਲੀਸ ਨੇ ਜ਼ਿਲ੍ਹਾ ਜੇਲ੍ਹ ਅੰਦਰ ਨਸ਼ਾ ਤਸਕਰੀ ਦੇ ਧੰਦੇ ਵਿੱਚ ਜੁਟੇ ਗਰੋਹ ਦਾ ਪਰਦਾਫਾਸ਼ ਕਰਦਿਆਂ ਹੌਲਦਾਰ ਸਣੇ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਜ਼ਿਲ੍ਹਾ ਜੇਲ੍ਹ ਰੂਪਨਗਰ ਵਿੱਚ ਡਿਊਟੀ ਨਿਭਾ ਰਹੇ ਹੌਲਦਾਰ ਕੁਲਦੀਪ ਸਿੰਘ ਕੋਲੋਂ ਪਾਬੰਦੀਸ਼ੁਦਾ ਨਸ਼ੀਲੀਆਂ ਵਸਤੂਆਂ ਮਿਲੀਆਂ ਹਨ। ਉਸ ਖ਼ਿਲਾਫ਼ ਥਾਣਾ ਸਿਟੀ ਰੂਪਨਗਰ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਪੁੱਛ ਪੜਤਾਲ ਮਗਰੋਂ ਕੈਦੀ ਆਸਿਫ, ਕੈਦੀ ਕਬੀਰ, ਸੁਖਰਾਮ ਸਿੰਘ, ਬੰਦੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮੁਮਤਾਜ ਆਲਮ ਦੀ ਗ੍ਰਿਫ਼ਤਾਰੀ ਬਾਕੀ ਹੈ। -ਪੱਤਰ ਪ੍ਰੇਰਕ
ਸੜਕ ਹਾਦਸੇ ਕਾਰਨ ਜ਼ਖ਼ਮੀ
ਚੰਡੀਗੜ੍ਹ: ਇੱਥੋਂ ਦੇ ਸੈਕਟਰ-26 ਵਿੱਚ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਅਜੈ ਕਮਾਰ ਵਾਸੀ ਸੈਕਟਰ-26 ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-26 ਦੀ ਪੁਲੀਸ ਨੇ ਕਾਰ ਚਾਲਕ ਰੋਹਿਤ ਵਾਸੀ ਇੰਦਰਾ ਕਲੋਨੀ, ਮਨੀਮਾਜਰਾ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸੇ ਦੌਰਾਨ ਮੁਲਜ਼ਮ ਨੇ ਤੇਜ਼ ਰਫ਼ਤਾਰ ਕਾਰ ਨਾਲ ਉਸ ਵਿੱਚ ਟੱਕਰ ਮਾਰ ਦਿੱਤੀ ਹੈ। ਕਾਰ ਦੀ ਟੱਕਰ ਵੱਜਣ ਕਰ ਕੇ ਉਸ ਦੇ ਸੱਟਾਂ ਵੱਜੀਆਂ ਹਨ। ਥਾਣਾ ਸੈਕਟਰ-26 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਮੁੱਢਲੀ ਜਾਂਚ ਦੌਰਾਨ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ