ਪੱਤਰ ਪ੍ਰੇਰਕਪਠਾਨਕੋਟ, 13 ਮਾਰਚਥਾਣਾ ਧਾਰਕਲਾਂ ਦੀ ਪੁਲੀਸ ਨੇ ਚੱਕੀ ਦਰਿਆ ਵਿੱਚ ਪਿੰਡ ਹਾੜਾ ਕੋਲ ਨਾਜਾਇਜ਼ ਮਾਈਨਿੰਗ ਕਰਦਿਆਂ ਇੱਕ ਜੇਸੀਬੀ ਤੇ ਤਿੰਨ ਟਿੱਪਰਾਂ ਨੂੰ ਕਬਜ਼ੇ ਵਿੱਚ ਲਿਆ ਹੈ ਜਦਕਿ ਟਿੱਪਰਾਂ ਦੇ ਡਰਾਈਵਰ, ਕਲੀਨਰ ਅਤੇ ਅਪਰੇਟਰ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਖਿਲਾਫ਼ ਮਾਈਨਜ਼ ਐਂਡ ਮਿਨਰਲ ਐਕਟ-1957 ਦੀ ਧਾਰਾ 21(1) ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ।ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਧਾਰਕਲਾਂ ਦੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੱਕੀ ਦਰਿਆ ਵਿੱਚ ਨਾਜਾਇਜ਼ ਖਣਨ ਕੀਤਾ ਜਾ ਰਿਹਾ ਹੈ। ਸੂਚਨਾ ਠੋਸ ਹੋਣ ’ਤੇ ਥਾਣਾ ਮੁਖੀ ਇੰਸਪੈਕਟਰ ਤਰਜਿੰਦਰ ਸਿੰਘ ਨੇ ਪੁਲੀਸ ਮੁਲਾਜ਼ਮਾਂ ਸਮੇਤ ਛਾਪਾ ਮਾਰਿਆ ਤਾਂ ਉੱਥੇ ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਹੋਏ 7 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਦਕਿ 3 ਟਿੱਪਰ ਕੱਚੇ ਮਾਲ ਨਾਲ ਭਰੇ ਹੋਏ ਅਤੇ 1 ਜੇਸੀਬੀ ਮਸ਼ੀਨ ਵੀ ਕਬਜ਼ੇ ਵਿੱਚ ਲੈ ਲਈ ਗਈ। ਫੜੇ ਗਏ ਮੁਲਜ਼ਮਾਂ ਵਿੱਚ ਅਮਰਜੀਤ ਸਿੰਘ ਵਾਸੀ ਤਰਗਨਾ, ਤਹਿਸੀਲ ਨੂਰਪੁਰ (ਹਿਮਾਚਲ ਪ੍ਰਦੇਸ਼), ਬੋਧ ਰਾਜ ਵਾਸੀ ਪਿੰਡ ਬਨਿਆਨਾ, ਤਹਿਸੀਲ ਨੂਰਪੁਰ (ਹਿਮਾਚਲ ਪ੍ਰਦੇਸ਼), ਸੁਭਾਸ਼ ਵਾਸੀ ਪਿੰਡ ਕੁਠੇੜ, ਥਾਣਾ ਸ਼ਾਹਪੁਰਕੰਢੀ, ਵਿਸ਼ਾਲ ਸਿੰਘ ਵਾਸੀ ਪਿੰਡ ਬਧਾਨੀ, ਅਨਿਲ ਗੁਲੇਰੀਆ ਵਾਸੀ ਪਿੰਡ ਰੋਡ, ਤਹਿਸੀਲ ਨੂਰਪੁਰ (ਹਿਮਾਚਲ ਪ੍ਰਦੇਸ਼), ਅਲੀ ਵਾਸੀ ਪਿੰਡ ਸੁਖਨਿਆਲ ਅਤੇ ਸਾਹਿਲ ਵਾਸੀ ਪਿੰਡ ਮਹਿਰਾ, ਤਹਿਸੀਲ ਨੂਰਪੁਰ (ਹਿਮਾਚਲ ਪ੍ਰਦੇਸ਼) ਦੇ ਨਾਂ ਸ਼ਾਮਲ ਹਨ।ਜ਼ਿਲ੍ਹਾ ਪੁਲੀਸ ਮੁਖੀ ਨੇ ਸਪੱਸ਼ਟ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।