ਨਾਜਾਇਜ਼ ਖਣਨ ਦੇ ਦੋਸ਼ ਹੇਠ ਇਕ ਕਾਬੂ
ਹਰਜੀਤ ਸਿੰਘ
ਡੇਰਾਬੱਸੀ, 2 ਫਰਵਰੀ
ਪੁਲੀਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਰੂਖ ਅਪਣਾਉਂਦੇ ਕਕਰਾਲੀ ਘੱਗਰ ਨਦੀ ਵਿੱਚ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਮੌਕੇ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲੀਸ ਨੇ ਪੰਜ ਟਰੈਕਟਰ ਟਰਾਲੀਆਂ ਨੂੰ ਮੌਕੇ ਤੋਂ ਕਬਜ਼ੇ ਵਿੱਚ ਲਿਆ ਹੈ, ਜਿਨ੍ਹਾਂ ਦੇ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੰਘੀ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਕਕਰਾਲੀ ਘੱਗਰ ਨਦੀ ਵਿੱਚ ਰਾਤ ਦੇ ਹਨੇਰੇ ਵਿੱਚ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲੀਸ ਨੂੰ ਸੂਚਨਾ ਮਿਲਦੀ ਸੀ ਪਰ ਪੁਲੀਸ ਦੀ ਟੀਮ ਨੂੰ ਦੇਖ ਕੇ ਮਾਈਨਿੰਗ ਮਾਫੀਆ ਪਹਿਲਾਂ ਹੀ ਨੇੜਲੇ ਪਿੰਡਾਂ ਵਿੱਚ ਵੜ ਜਾਂਦੇ ਸੀ। ਇਸ ਵਾਰ ਪੁਲੀਸ ਨੇ ਘੱਗਰ ਨਦੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਛਾਪਾ ਮਾਰਿਆ ਗਿਆ। ਇਸ ਦੌਰਾਨ ਪੁਲੀਸ ਨੇ ਮੌਕੇ ਤੋਂ ਇਕ ਚਾਲਕ ਤੇ ਪੰਜ ਟਰੈਕਟਰ ਟਰਾਲੀਆਂ ਨੂੰ ਕਬਜ਼ੇ ਵਿੱਚ ਲਿਆ ਹੈ ਜੋ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਸੀ। ਡੀਐੱਸਪੀ ਬਰਾੜ ਨੇ ਦੱਸਿਆ ਕਿ ਮੌਕੇ ’ਤੇ ਇਕ ਸਕਾਰਪਿਓ ਗੱਡੀ ਵੀ ਸ਼ੱਕ ਦੇ ਘੇਰੇ ਵਿੱਚ ਆਈ ਹੈ ਜੋ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨਾਲ ਰਲੇ ਹੋਏ ਸੀ ਤੇ ਪੁਲੀਸ ਦੀ ਰੇਕੀ ਕਰਦੇ ਸੀ। ਇਹ ਸਕਾਰਪਿਓ ਚਾਲਕ ਹੀ ਮਾਈਨਿੰਗ ਮਾਫੀਆ ਨੂੰ ਛਾਪੇ ਦੀ ਸੂਚਨਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਸਕਾਰਪਿਓ ਦੇ ਨੰਬਰ ਦੇ ਆਧਾਰ ’ਤੇ ਸਵਾਰ ਅਣਪਛਾਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।