ਨਾਜਾਇਜ਼ ਖਣਨ ਦੀ ਭੇਟ ਚੜਿ੍ਹਆ ਦੋਮੇਲ ਦਾ ਵਿਸਾਖੀ ਮੇਲਾ
ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਅਪਰੈਲ
ਖਣਨ ਮਾਫ਼ੀਆ ਕਾਰਨ ਇਸ ਵਾਰ ਫਿਰ ਦੇਮੋਲ ਵਿੱਚ ਵਿਸਾਖੀ ਮੇਲਾ ਨਾ ਲੱਗਣ ਕਾਰਨ ਲੋਕ ਨਿਰਾਸ਼ ਰਹੇ। ਪਹਿਲਾਂ ਸਤਲੁਜ ਦਰਿਆ ਦੋਮੇਲ ਵਿੱਚ ਵਿਸਾਖੀ ਭਰਦੀ ਸੀ। ਇਸ ਨੂੰ ਖਣਨ ਮਾਫੀਆ ਨੇ ਰੋਲ ਕੇ ਰੱਖ ਦਿੱਤਾ ਹੈ। ਇੱਥੇ ਜਿਸ ਸਥਾਨ ’ਤੇ ਵਿਸਾਖੀ ਮੇਲਾ ਲਗਦਾ ਸੀ, ਉੱਥੇ ਸਤਲੁਜ ਤੇ ਸਵਾਂ ਨਦੀ ਦਾ ਆਪਸ ਵਿੱਚ ਮੇਲ ਹੁੰਦਾ ਸੀ, ਇਸ ਨੂੰ ਦੋਮੇਲ ਦੀ ਵਿਸਾਖੀ ਕਹਿੰਦੇ ਸਨ। ਮੇਲੇ ਵਾਲੇ ਸਥਾਨ ’ਤੇ ਹੁਣ ਡੂੰਘੇ ਟੋਏ ਦੇਖਣ ਨੂੰ ਮਿਲੇ।
ਇਸ ਸਬੰਧੀ ਬਜ਼ੁਰਗ ਮਲਕੀਤ ਸਿੰਘ ਨੇ ਦੱਸਿਆ ਕਿ ਦੋਮੇਲ ਵਿੱਚ ਲੱਗਣ ਵਾਲੇ ਵਿਸਾਖੀ ਮੇਲੇ ਵਿੱਚ ਇੱਕ ਦਿਨ ਪਹਿਲਾਂ ਹੀ ਲੋਕ ਦੁਕਾਨਾਂ ਲਗਾ ਲੈਂਦੇ ਸਨ। ਦੋਮੇਲ ਮੇਲਾ ਇਸ ਕਰ ਕੇ ਮਸ਼ਹੂਰ ਸੀ ਕਿ ਇੱਥੇ ਦਰਿਆ ਵਿੱਚ ਇਸ਼ਨਾਨ ਕਰਨ ਨਾਲ ਰੋਗ ਦੂਰ ਹੋ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਬੜੇ ਚਾਅ ਨਾਲ ਵਿਸਾਖੀ ਦੇਖਦੇ ਸਨ। ਮੇਲੇ ਵਿੱਚ ਮੁੰਡੇ-ਕੁੜੀਆਂ ਵਿੱਚ ਬਣ-ਠਣ ਕੇ ਆਉਂਦੇ ਸਨ। ਦੋਮੇਲ ਦੀ ਵਿਸਾਖੀ ਮਿੱੱਟੀ ਦੇ ਬਰਤਨ ਦੀ ਖ਼ਰੀਦ ਲਈ ਮਸ਼ਹੂਰ ਸੀ ਤੇ ਲੋਕ ਵੱਡੀ ਪੱਧਰ ’ਤੇ ਮਿੱਟੀ ਦੇ ਭਾਂਡੇ ਖ਼ਰੀਦਦੇ ਸਨ।
ਉਨ੍ਹਾਂ ਦੱਸਿਆ ਕਿ ਹੁਣ ਕਈ ਸਾਲਾਂ ਤੋਂ ਦੋਮੇਲ ਵਿਸਾਖੀ ਮੇਲਾ ਖਣਨ ਮਾਫੀਆ ਦੀ ਭੇਟ ਚੜ੍ਹ ਰਿਹਾ ਹੈ। ਜਿੱਥੇ ਸਾਫ਼ ਪਾਣੀ ਸੀ, ਉੱਥੇ ਸੋਕਾ ਪੈ ਗਿਆ ਹੈ। ਨਾਜਾਇਜ਼ ਖਣਨ ਨੇ ਸਵਾਂ ਨਦੀ ਦਾ ਪਾਣੀ ਮੁਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਕਾਰਨ ਇਸ ਇਲਾਕੇ ’ਚ ਧਰਤੀ ਹੇਠਲਾ ਪਾਣੀ ਡੂੰਘਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਖਣਨ ਮਾਫੀਆ ਨੇ ਸਵਾਂ ਨਦੀਆਂ ਦਾ ਵਹਾਅ ਵਿਗਾੜ ਕੇ ਰੱਖ ਦਿੱਤਾ ਹੈ। ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਾਜਾਇਜ਼ ਖਣਨ ਕਾਰਨ ਜ਼ਮੀਨਾਂ ਬੰਜਰ ਬਣ ਜਾਣਗੀਆਂ।