ਨਾਜਾਇਜ਼ ਖਣਨ: ਐੱਸਡੀਐੱਮ ਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਬੇਸਿੱਟਾ
ਦੀਪਕ ਠਾਕੁਰ
ਤਲਵਾੜਾ, 29 ਜਨਵਰੀ
ਸਬ-ਡਿਵੀਜ਼ਨ ਮੁਕੇਰੀਆਂ ਵਿੱਚ ਹੋ ਰਹੀ ਨਾਜਾਇਜ਼ ਖਣਨ ਦੇ ਮਾਮਲੇ ’ਚ ਅੱਜ ਐੱਸਡੀਐੱਮ ਮੁਕੇਰੀਆਂ ਵੱਲੋਂ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਕਥਿਤ ਕਰੱਸ਼ਰਾਂ ਅਤੇ ਖਣਨ ਤੋਂ ਪ੍ਰਭਾਵਿਤ ਪਿੰਡਾਂ ਦੇ ਵਸਨੀਕ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਆਗੂ ਵੀ ਸ਼ਾਮਲ ਹੋਏ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਅਤੇ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੰਘੀ 8 ਤਾਰੀਕ ਨੂੰ ਹੋਈ ਮੀਟਿੰਗ ਦੌਰਾਨ ਜਿਨ੍ਹਾਂ 10 ਨੁਕਤਿਆਂ ’ਤੇ ਸਹਿਮਤੀ ਬਣੀ ਸੀ, ਸਬੰਧਤ ਵਿਭਾਗ ਦੇ ਅਧਿਕਾਰੀ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਕੋਈ ਲਿਖਤੀ ਦਸਤਾਵੇਜ਼ ਉਪਲਬਧ ਕਰਵਾ ਨਹੀਂ ਸਕੇ। ਉੱਥੇ ਹੀ ਰਿਹਾਇਸ਼ੀ ਇਲਾਕੇ ਕੋਲ ਲਾਏ ਜਾ ਰਹੇ ਕਰੱਸ਼ਰਾਂ ਖ਼ਿਲਾਫ਼ ਵੀ ਹੁਣ ਤੱਕ ਕੋਈ ਰੋਕ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਐੱਸਡੀਐੱਮ ਕਮਲਜੀਤ ਸਿੰਘ ਨੇ ਮੰਨਿਆ ਕਿ ਸਬ-ਡਿਵੀਜ਼ਨ ਅਧੀਨ ਆਉਂਦੇ ਹਾਜੀਪੁਰ ਅਤੇ ਤਲਵਾੜਾ ਖ਼ੇਤਰ ’ਚ ਖਣਨ ਪ੍ਰਭਾਵਿਤ ਇਲਾਕਾ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਹੈ। ਇਸ ਮੌਕੇ ਪੀੜਤ ਪੰਚਾਇਤਾਂ ਨੇ ਕਰੱਸ਼ਰਾਂ ਅਤੇ ਖਣਨ ਖ਼ਿਲਾਫ਼ ਗ੍ਰਾਮ ਸਭਾ ਵੱਲੋਂ ਪਾਏ ਮਤੇ ਐੱਸਡੀਐੱਮ ਨੂੰ ਸੌਂਪੇ।
ਉਧਰ, ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹਾਜੀਪੁਰ ਤਲਵਾੜਾ ਨੇ ਖ਼ੇਤਰ ’ਚ ਕਥਿਤ ਕਾਰੋਬਾਰ ਦੇ ਖਿਲਾਫ਼ ਪਹਿਲੀ ਤਾਰੀਕ ਨੂੰ ਪਿੰਡ ਪੱਤੀ ਨਵੇਂ ਘਰ ’ਚ ਲੱਗ ਰਹੇ ਨਵੇਂ ਸਟੋਨ ਕਰੱਸ਼ਰ ਖ਼ਿਲਾਫ਼ ਪੱਕਾ ਮੋਰਚਾ ਲਾਉਣ ਅਤੇ ਪੰਜ ਤਾਰੀਕ ਨੂੰ ਅੱਡਾ ਝੀਰ ਦਾ ਖੂਹ ’ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਤੋਂ ਪ੍ਰਧਾਨ ਸੇਵਾਮੁਕਤ ਕੈਪਟਨ ਰਾਜੇਸ਼ ਕੁਮਾਰ ਭੋਲ ਬਦਮਾਣੀਆ, ਸਕੱਤਰ ਮਨੋਜ ਪਲਾਹੜ, ਵਿੱਤ ਸਕੱਤਰ ਅਸ਼ੋਕ ਜਲੇਰੀਆ, ਜ਼ਮਹੂਰੀ ਕਿਸਾਨ ਸਭਾ ਤੋਂ ਸਵਰਨ ਸਿੰਘ ਅਤੇ ਕਾਨੂੰਗੋ ਅਮਰਜੀਤ ਸਿੰਘ, ਬੀਕੇਯੂ ਕਾਦੀਆਂ ਤੋਂ ਲਖਵੀਰ ਸਿੰਘ, ਅਜੈਬ ਸਿੰਘ ਮਖੂ, ਸਰਪੰਚ ਸੀਮਾ ਦੇਵੀ, ਬੀਕੇਯੂ ਉਗਰਾਹਾਂ ਤੋਂ ਡਾ. ਜਤਿੰਦਰ ਕਾਲੜਾ, ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਰੋਸ਼ਨ ਖਾਨ, ਸਰਪੰਚ ਰੋਸ਼ਨ ਲਾਲ ਹੰਦਵਾਲ, ਠਾਕੁਰ ਸਤਵੀਰ ਸਿੰਘ ਆਦਿ ਹਾਜ਼ਰ ਸਨ।