... ਨਹੀਂ ਤਾਂ ਹੁਨਰ ਮਰ ਜਾਣਾ ਸੀ
ਡਾ. ਜੱਜ ਸਿੰਘ
ਗੱਲ 2017 ਦੀ ਹੈ, ਮੇਰੀ ਕਲਾਸ ਦਾ ਇੱਕ ਵਿਦਿਆਰਥੀ ਕਿਸੇ ਵੀ ਵਿਸ਼ੇ ਵਿੱਚ ਰੁਚੀ ਨਹੀਂ ਸੀ ਦਿਖਾਉਂਦਾ। ਸਾਰੇ ਅਧਿਆਪਕਾਂ ਨੇ ਆਪੋ-ਆਪਣੇ ਪੱਧਰ ’ਤੇ ਜ਼ੋਰ ਲਾਇਆ ਪਰ ਉਹ ਵਿਦਿਆਰਥੀ ਸੀ ਕਿ ਟਸ ਤੋਂ ਮਸ ਨਾ ਹੋਇਆ। ਮੈਂ ਉਹਨੂੰ ਪੰਜਾਬੀ ਪੜ੍ਹਾਉਂਦਾ ਸਾਂ ਪਰ ਉਹ ਪੰਜਾਬੀ ਵਿਸ਼ੇ ਵਿੱਚ ਵੀ ਬੜਾ ਕਮਜ਼ੋਰ... ਬੜੀਆਂ ਉਦਾਹਰਨਾਂ ਦਿੱਤੀਆਂ, ਮਹਾਨ ਲੋਕਾਂ ਦੇ ਕਿੱਸੇ ਸੁਣਾਏ ਪਰ ਕੋਈ ਗੱਲ ਉਸ ਵਿਦਿਆਰਥੀ ਦੇ ਨੇੜਿਓਂ ਨਾ ਲੰਘੀ। ਆਖਿ਼ਰਕਾਰ, ਸਾਰੀਆਂ ਗੱਲਾਂਬਾਤਾਂ ਤੋਂ ਬਾਅਦ ਪ੍ਰਿੰਸੀਪਲ ਨੇ ਗੱਲ ਮੁਕਾਈ ਕਿ ਜੇ ਵਿਦਿਆਰਥੀ ਨਹੀਂ ਪੜ੍ਹਨਾ ਚਾਹੁੰਦਾ ਤਾਂ ਗਿਆਰਵੀਂ ’ਚੋਂ ਫੇਲ੍ਹ ਕਰੋ, ਅਗਲੀ ਕਲਾਸ ’ਚ ਨਾ ਭੇਜੋ; ਤੇ ਨਾਲ ਹੀ ਉਨ੍ਹਾਂ ਉਸ ਵਿਦਿਆਰਥੀ ਨੂੰ ਕੋਈ ਕੰਮ ਸਿੱਖਣ ਦੀ ਸਲਾਹ ਦਿੱਤੀ।
ਅਸਲ ਵਿੱਚ, 60 ਵਿਦਿਆਰਥੀਆਂ ਦੀ ਕਲਾਸ ਵਿੱਚੋਂ ਇੱਕੋ ਬੱਚੇ ’ਤੇ ਇੰਨਾ ਧਿਆਨ ਦੇਣਾ ਅਤੇ ਰੋਜ਼-ਰੋਜ਼ ਇੱਕੋ ਤਰ੍ਹਾਂ ਦੀਆਂ ਗੱਲਾਂ ਕਹਿ-ਕਹਿ ਕੇ ਸਾਰੇ ਹੀ ਅਧਿਆਪਕ ਅੱਕ-ਥੱਕ ਚੁੱਕੇ ਸਨ। ਉਹਨੂੰ ਕਈ ਵਾਰੀ ਕਿਹਾ ਗਿਆ ਕਿ ਆਪਣੇ ਮਾਤਾ ਜਾਂ ਪਿਤਾ ਨੂੰ ਸਕੂਲ ਲੈ ਕੇ ਆਵੇ ਪਰ ਉਹ ਕਦੇ ਨਹੀਂ ਆਏ, ਉਹ ਤਾਂ ਮਾਪੇ-ਅਧਿਆਪਕ ਮਿਲਣੀ ਸਮੇਂ ਵੀ ਕਦੇ ਨਹੀਂ ਸੀ ਆਏ। ਸ਼ਾਇਦ ਇਹ ਘਰ ਜਾ ਕੇ ਉਨ੍ਹਾਂ ਨੂੰ ਕੁਝ ਦੱਸਦਾ ਹੀ ਨਹੀਂ ਸੀ।
ਸ਼ਹਿਰ ਦਾ ਸਕੂਲ ਹੋਣ ਕਰ ਕੇ ਪੜ੍ਹਾਉਣ ਤੋਂ ਇਲਾਵਾ ਹੋਰ ਵੀ ਕਈ ਕੰਮਾਂ ਕਾਰਾਂ ’ਚ ਮੱਤ ਮਾਰੀ ਜਾਂਦੀ ਸੀ। ਇੱਕ ਦਿਨ ਮਨ ਬਣਾਇਆ ਕਿ ਛੁੱਟੀ ਤੋਂ ਬਾਅਦ ਇਹਦੇ ਪਿੰਡ ਜਾਣਾ ਹੈ। ਘਰ ਪਹੁੰਚਿਆ, ਮਾਤਾ ਇਹਦੀ ਕੱਪੜੇ ਸਿਉਂ ਰਹੀ ਸੀ। ਪਿਤਾ ਇਹਦਾ ਘਰ ਨਹੀਂ ਸੀ। ਦੇਖਣ ਤੋਂ ਹੀ ਪਤਾ ਲੱਗਦਾ ਸੀ ਕਿ ਪਰਿਵਾਰ ਆਰਥਿਕ ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਿਹਾ ਹੈ। ਪਰਿਵਾਰ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚ ਹੀ ਇੰਨਾ ਉਲਝਿਆ ਹੋਇਆ ਸੀ ਕਿ ਉਨ੍ਹਾਂ ਕੋਲ ਕਿਤੇ ਜਾਣ-ਆਉਣ ਦਾ ਸਮਾਂ ਹੀ ਨਹੀਂ ਸੀ।
ਮਾਤਾ ਨਾਲ ਗੱਲਾਂ ਕਰਦਿਆਂ ਪਤਾ ਲੱਗਿਆ ਕਿ ਵਿਦਿਆਰਥੀ ਘਰੇ ਨਹੀਂ ਪੜ੍ਹਦਾ, ਜਾਂਦਾ ਵੀ ਬਾਹਰ ਕਿਤੇ ਨਹੀਂ, ਮਟਰਗਸ਼ਤੀ ਬਗੈਰਾ ਵੀ ਕੋਈ ਨਹੀਂ ਕਰਦਾ, ਘਰੇ ਹੀ ਰਹਿੰਦਾ ਹੈ। ਵੈਸੇ ਸਕੂਲ ਵਿੱਚ ਵੀ ਵਿਦਿਆਰਥੀ ਦੀ ਪੜ੍ਹਾਈ ਤੋਂ ਬਿਨਾਂ ਹੋਰ ਕਦੇ ਕੋਈ ਸ਼ਿਕਾਇਤ ਨਹੀਂ ਸੀ ਆਈ। ਘਰ ਵਿੱਚ ਕਈ ਤਰ੍ਹਾਂ ਦੇ ਪਾਨੇ ਚਾਬੀਆਂ ਪਈਆਂ ਦੇਖੀਆਂ। ਮਾਤਾ ਨੇ ਦੱਸਿਆ ਕਿ ਸਾਰਾ ਦਿਨ ਇਨ੍ਹਾਂ ਨਾਲ ਹੀ ਪੰਗੇ ਲੈਂਦਾ ਰਹਿੰਦਾ। ਕਦੀ ਮੇਰੀ ਕੱਪੜਿਆਂ ਵਾਲੀ ਮਸ਼ੀਨ ਖੋਲ੍ਹ ਦਿੰਦੈ, ਕਦੇ ਪੱਖਾ ਖੋਲ੍ਹ ਲੈਂਦੈ, ਕਦੇ ਸਾਈਕਲ ਖੋਲ੍ਹ ਲੈਂਦੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਵਿਦਿਆਰਥੀ ਦੀ ਰੁਚੀ ਅਸਲ ਵਿੱਚ ਮਸ਼ੀਨਰੀ ’ਚ ਹੈ, ਅਸੀਂ ਐਵੇਂ ਜ਼ਬਰਦਸਤੀ ਹਾਥੀ ਨੂੰ ਦਰੱਖਤ ’ਤੇ ਚੜ੍ਹਾਉਣ ਲੱਗੇ ਹੋਏ ਸਾਂ।
ਆਖਿ਼ਰ ਉਹਨੂੰ ਇਹ ਸਲਾਹ ਦਿੱਤੀ ਗਈ, ਜਿਹੜੀ ਉਹਨੇ ਮੰਨ ਵੀ ਲਈ ਕਿ ਉਹ ਸ਼ਾਮ ਨੂੰ ਆਪਣੀ ਇਹ ਰੁਚੀ ਪੂਰੀ ਕਰਨ ਲਈ ਮੋਟਰਸਾਈਕਲ ਸਰਵਿਸ ਮਕੈਨਿਕ ਕੋਲ ਚਲਾ ਜਾਇਆ ਕਰੇਗਾ। ਸਰਵਿਸ ਮਕੈਨਿਕ ਮੇਰੇ ਨਾਲ ਦੇ ਸਾਥੀ ਦਾ ਚੰਗਾ ਜਾਣਕਾਰ ਸੀ। ਵਿਦਿਆਰਥੀ ਨੇ ਇਸ ਕੰਮ ਵਿਚ ਇੰਨੀ ਰੁਚੀ ਦਿਖਾਈ ਕਿ ਤਿੰਨ ਮਹੀਨਿਆਂ ਵਿੱਚ ਹੀ ਚੰਗਾ ਮਕੈਨਿਕ ਬਣ ਗਿਆ। ਇਸੇ ਸਮੇਂ ਦੌਰਾਨ ਉਸ ਅੰਦਰ ਕਈ ਹੈਰਾਨੀਜਨਕ ਪਰਿਵਰਤਨ ਆਏ; ਉਹ ਪੜ੍ਹਨ ਲਿਖਣ ਲੱਗ ਪਿਆ, ਗੱਲਬਾਤ ਦਾ ਲਹਿਜਾ ਹੀ ਬਦਲ ਗਿਆ। ਜਿਸ ਵਿਦਿਆਰਥੀ ਨੂੰ ਗਿਆਰਵੀਂ ਕਲਾਸ ਫੇਲ੍ਹ ਕਰ ਕੇ ਨਾਮ ਕੱਟਣ ਦੀਆਂ ਗੱਲਾਂ ਕਰਦੇ ਸੀ, ਉਹ 12ਵੀਂ ਕਲਾਸ ਪਾਸ ਕਰ ਗਿਆ।
ਦੋ ਸਾਲ ਬਾਅਦ ਮੈਨੂੰ ਉਹਦਾ ਫੋਨ ਆਇਆ; ਕਹਿਣ ਲੱਗਾ, “ਸਰ ਜੀ, ਜਦੋਂ ਇੱਧਰ ਆਏ... ਮੇਰੀ ਦੁਕਾਨ ’ਤੇ ਜ਼ਰੂਰ ਗੇੜਾ ਮਾਰਨਾ। ਹੁਣ ਮੈਂ ਆਪਣੀ ਦੁਕਾਨ ਬਣਾ ਲਈ ਐ, ਕੰਮ ਵੀ ਬੜਾ ਚੰਗਾ ਚਲਦੈ।” ਅਸਲ ਵਿੱਚ ਮੇਰੀ ਬਦਲੀ ਹੋ ਗਈ ਸੀ, ਬਾਅਦ ਵਿੱਚ ਮੇਰਾ ਪਿੱਛੇ ਗੇੜਾ ਵੀ ਨਹੀਂ ਸੀ ਵੱਜਿਆ। ਜਦੋਂ ਸਬੱਬੀਂ ਗੇੜਾ ਵੱਜਿਆ, ਉਹਦੀ ਦੁਕਾਨ ’ਤੇ ਗਿਆ। ਚਾਰ-ਪੰਜ ਬੁਲੇਟ ਮੋਟਰਸਾਈਕਲ ਦੁਕਾਨ ਅੱਗੇ ਖੜ੍ਹੇ ਸਨ। ਉਹਨੇ ਤਿੰਨ ਮੁੰਡੇ ਸਿਖਾਂਦਰੂ ਰੱਖੇ ਹੋਏ ਸਨ। ਕੰਮ ਬਾਰੇ ਗੱਲਾਂ ਕਰਦਿਆਂ ਦੱਸਣ ਲੱਗਾ, “ਜਿਸ ਕੰਮ ’ਤੇ ਤੁਸੀਂ ਮੈਨੂੰ ਛੱਡ ਕੇ ਗਏ ਸੀ, ਉਹ ਕੰਮ ਮੈਂ ਦੋ ਸਾਲ ਕੀਤਾ... ਫਿਰ ਮੈਨੂੰ ਲੱਗਿਆ, ਇਸ ਕੰਮ ਨੂੰ ਹੋਰ ਵਧਾਉਣਾ ਚਾਹੀਦਾ। ਮੈਂ ਬੁਲੇਟ ਮੋਟਰਸਾਈਕਲਾਂ ਦੀ ਸਰਵਿਸ ਕਰਨੀ ਸਿੱਖੀ।” ਚਾਅ ਜਿਹੇ ਨਾਲ ਕਹਿਣ ਲੱਗਾ, “ਹੁਣ ਲਗਭਗ ਸੱਤ ਪਿੰਡਾਂ ਅਤੇ ਇਸ ਸ਼ਹਿਰ ਦੇ ਬੁਲੇਟ ਮੋਟਰਸਾਈਕਲਾਂ ਦੀ ਸਰਵਿਸ ਮੇਰੇ ਕੋਲੋਂ ਹੁੰਦੀ ਐ। ਮੇਰੇ ਕੋਲ ਸਮਾਂ ਹੀ ਨਹੀਂ। ਹਰ ਰੋਜ਼ 10 ਮੋਟਰਸਾਈਕਲ ਮੇਰੇ ਅੱਗੇ ਖੜ੍ਹੇ ਹੁੰਦੇ।”
ਮਨ ਨੂੰ ਬੜੀ ਖੁਸ਼ੀ ਹੋਈ। ਜਿਸ ਵਿਦਿਆਰਥੀ ’ਚ ਕੁਝ ਵੀ ਨਹੀਂ ਸੀ ਲੱਗਦਾ, ਉਹਦੇ ਅੰਦਰ ਇੰਨਾ ਵੱਡਾ ਹੁਨਰ ਛੁਪਿਆ ਹੋਇਆ ਸੀ। ਮਿਹਨਤ, ਲਗਨ ਨੂੰ ਯਾਰ ਬਣਾ ਕੇ ਉਹਨੇ ਆਪਣੇ ਹੁਨਰ ਦੀ ਖ਼ੁਸ਼ਬੂ ਇਸ ਤਰ੍ਹਾਂ ਖਿਲਾਰੀ ਕਿ ਮਹਿਕ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਆਉਣ ਲੱਗ ਪਈ। ਅੱਜ ਜਦੋਂ ਹਰ ਪਾਸੇ ਪੈਸਾ ਹੀ ਪ੍ਰਧਾਨ ਹੈ, ਜ਼ਿਆਦਾਤਰ ਲੋਕ ਪੈਸੇ, ਜ਼ਮੀਨਾਂ, ਪਲਾਟਾਂ ਅਤੇ ਪਦਵੀਆਂ ਦੀ ਭਾਸ਼ਾ ’ਚ ਹੀ ਗੱਲ ਕਰਦੇ ਹਨ। ਸਰਕਾਰੀ ਸਕੂਲਾਂ ਵਿੱਚ ਬਹੁਤਾਤ ਥੁੜ੍ਹਾਂ ਮਾਰੇ, ਤੰਗੀਆਂ-ਤੁਰਸ਼ੀਆਂ ਨਾਲ ਜੂਝ ਰਹੇ ਬੱਚਿਆਂ ਦੀ ਹੈ, ਜਿਨ੍ਹਾਂ ਦਾ ਘਰੇਲੂ ਵਾਤਾਵਰਨ ਬਹੁਤ ਤਰਸਯੋਗ ਹੈ। ਉੱਤੋਂ ਟੈਕਨੋਲੋਜੀ ਦੇ ਦੁਰਉਪਯੋਗ ਨੇ ਉਨ੍ਹਾਂ ਨੂੰ ਬਿਲਕੁਲ ਹਾਸ਼ੀਏ ’ਤੇ ਧੱਕ ਦਿੱਤਾ ਹੈ, ਅਜਿਹੇ ਬੱਚਿਆਂ ਲਈ ਇੱਕੋ-ਇੱਕ ਸਹਾਰਾ ਉਨ੍ਹਾਂ ਦਾ ਅਧਿਆਪਕ ਹੈ, ਜੋ ਉਨ੍ਹਾਂ ਦਾ ਹੁਨਰ ਪਛਾਣ ਕੇ ਉਨ੍ਹਾਂ ਨੂੰ ਸਹੀ ਪਾਸੇ ਤੋਰ ਸਕਦਾ ਹੈ। ਇਸ ਲਈ ਸੁਹਿਰਦਤਾ ਦੀ ਲੋੜ ਹੈ। ਸੁਹਿਰਦ ਅਧਿਆਪਕ ਹੀ ਆਪ ਜਗ ਕੇ, ਦੂਜੇ ਦੀਵਿਆਂ ਨੂੰ ਜਗਾ ਸਕਦਾ ਹੈ। ਅਧਿਆਪਕ ਨੂੰ ਇਹ ਕੰਮ ਆਪਣੀ ਮੁੱਢਲੀ ਜਿ਼ੰਮੇਵਾਰੀ ਸਮਝਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਸਿਜਦਾ ਹੈ, ਜਿਨ੍ਹਾਂ ਕਰ ਕੇ ਇਹ ਤੰਤਰ ਜਿ਼ੰਦਾ ਹੈ ਅਤੇ ਜਿ਼ੰਦਾਬਾਦ ਹੈ।
ਸੰਪਰਕ: 94633-44917