ਨਹਿਰ ਦੇ ਪੁਲ ਹੇਠੋਂ ਔਰਤ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਜਲੰਧਰ, 29 ਜਨਵਰੀ
ਅੰਮ੍ਰਿਤਸਰ ਹਾਈਵੇ ’ਤੇ ਕਾਲੀਆ ਕਾਲੋਨੀ ਸਾਹਮਣੇ ਨਹਿਰ ਦੇ ਪੁਲ ਹੇਠੋਂ ਕੰਬਲ ’ਚ ਲਪੇਟੀ ਹੋਈ ਔਰਤ ਦੀ ਲਾਸ਼ ਮਿਲੀ ਹੈ। ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭਿਜਵਾ ਦਿੱਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਾਸ਼ ਤਿੰਨ ਦਿਨ ਤੋਂ ਵੱਧ ਪੁਰਾਣੀ ਸੀ। ਲਾਸ਼ ਨੂੰ ਸਭ ਤੋਂ ਪਹਿਲਾਂ ਕੂੜਾ ਇਕੱਠਾ ਕਰਦੇ ਵਿਅਕਤੀ ਨੇ ਦੇਖਿਆ ਤੇ ਆਸ-ਪਾਸ ਦੇ ਲੋਕਾਂ ਨੂੰ ਮਾਮਲੇ ਦੀ ਸੂਚਨਾ ਦਿੱਤੀ। ਜਾਂਚ ਲਈ ਪਹੁੰਚੇ ਕਮਿਸ਼ਨਰੇਟ ਪੁਲੀਸ ਦੇ ਡਿਵੀਜ਼ਨ ਨੰਬਰ-1 ਦੇ ਐੱਸਐੱਚਓ ਅਜਾਇਬ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੇ ਸਰੀਰ ’ਤੇ ਕਈ ਜ਼ਖ਼ਮ ਹਨ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਲਾਸ਼ ਨੂੰ ਕੰਬਲ ’ਚ ਲਪੇਟ ਕੇ ਨਹਿਰ ’ਚ ਸੁੱਟ ਦਿੱਤਾ ਗਿਆ। ਐੱਸਐੱਚਓ ਅਜਾਇਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁਲ ਹੇਠਾਂ ਇੱਕ ਲਾਸ਼ ਪਈ ਹੈ, ਜਦੋਂ ਟੀਮਾਂ ਜਾਂਚ ਲਈ ਪਹੁੰਚੀਆਂ ਤਾਂ ਪਤਾ ਲੱਗਾ ਕਿ ਲਾਸ਼ ਔਰਤ ਦੀ ਹੈ। ਲਾਸ਼ ਪੁਲ ਦੇ ਬਿਲਕੁਲ ਹੇਠਾਂ ਪਈ ਸੀ।
ਫਲਾਇੰਗ ਡਿਊਟੀ ’ਤੇ ਮੌਜੂਦ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੀ ਪਛਾਣ ਨਾ ਹੋਣ ਕਾਰਨ ਉਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਸੀ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਸਪਸ਼ਟ ਹੋਵੇਗਾ।