ਨਹਿਰੂ ਨੂੰ ਚੇਤੇ ਕਰਦਿਆਂ...
ਅਸ਼ਵਨੀ ਕੁਮਾਰ
ਇਤਿਹਾਸ, ਜਿਵੇਂ ਥੌਮਸ ਕਾਰਲਾਈਲ ਨੇ ਲਿਖਿਆ ਹੈ, ਉਨ੍ਹਾਂ ਬਿਹਤਰੀਨ ਸ਼ਖ਼ਸੀਅਤਾਂ ਵੱਲੋਂ ਘਡਿ਼ਆ ਅਤੇ ਚਲਾਇਆ ਜਾਂਦਾ ਹੈ ਜਿਹੜੇ ਖ਼ੁਦ ਤੋਂ ਉੱਤੇ ਉੱਠ ਕੇ ਆਪਣਾ ਜੀਵਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦੇ ਹਨ। ਹਿੰਮਤ, ਦ੍ਰਿੜ੍ਹਤਾ, ਕਾਮਯਾਬ ਹੋਣ ਦੀ ਇੱਛਾ ਤੇ ਆਪਣੇ ਟੀਚੇ ਦੀ ਨੇਕੀ ’ਚ ਜਨੂੰਨੀ ਵਿਸ਼ਵਾਸ ਨਾਲ ਭਰਪੂਰ, ਉਹ ਇਤਿਹਾਸ ’ਤੇ ਅਮਿੱਟ ਛਾਪ ਛੱਡ ਜਾਂਦੇ ਹਨ। ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਉੱਘੇ ਨਾਇਕ ਅਤੇ ਇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਜਿਹੀ ਸ਼ਖ਼ਸੀਅਤ ਸਨ।
ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਵਿਆਪਕਤਾ ਨੇ ਭਾਰਤ ਦੀ ਆਧੁਨਿਕ ਰਾਸ਼ਟਰ ਵਜੋਂ ਯਾਤਰਾ ਨੂੰ ਪਰਿਭਾਸ਼ਿਤ ਕੀਤਾ, ਜਿਸ ਦੀ ਆਵਾਜ਼ ਦੁਨੀਆ ਅੰਦਰ ਸਤਿਕਾਰ ਨਾਲ ਸੁਣੀ ਜਾਂਦੀ ਹੈ। ਨਹਿਰੂ ਨੇ ਭਾਰਤ ਨੂੰ ਕਾਨੂੰਨ ਦੇ ਸ਼ਾਸਨ ਦੁਆਰਾ ਸ਼ਾਸਿਤ ਅਜਿਹੇ ਲੋਕਤੰਤਰੀ ਰਾਜ ਵਜੋਂ ਦੇਖਿਆ ਜੋ ਹਰੇਕ ਨੂੰ ਧਰਮ ਨਿਰਪੱਖਤਾ, ਸਮਾਨਤਾ, ਆਜ਼ਾਦੀ, ਸਨਮਾਨ ਤੇ ਨਿਆਂ ਦੇਣ ਪ੍ਰਤੀ ਵਚਨਬੱਧ ਸੀ। ਰਾਸ਼ਟਰ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਗਣਰਾਜ ਦੇ ਮੂਲ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨਾ ਉਨ੍ਹਾਂ ਦੇ ਹਿੱਸੇ ਆਇਆ।
ਪੰਡਿਤ ਜੀ, ਜਿਵੇਂ ਉਨ੍ਹਾਂ ਦੇ ਸਹਿਯੋਗੀ ਉਨ੍ਹਾਂ ਨੂੰ ਪਿਆਰ ਨਾਲ ਸੰਬੋਧਿਤ ਕਰਦੇ ਸਨ, ਦਾ ਮੰਨਣਾ ਸੀ ਕਿ ਸ਼ਾਂਤੀ ਭਾਰਤ ਦੀ ਤਰੱਕੀ ਲਈ ਪਹਿਲੀ ਲਾਜ਼ਮੀ ਸ਼ਰਤ ਸੀ; ਇਸੇ ਲਈ ਉਹ ਸ਼ੀਤ ਯੁੱਧ ਦੇ ਵੈਰ-ਵਿਰੋਧਾਂ ਤੋਂ ਦੂਰ ਰਹੇ ਤੇ ਨਾਲ ਹੀ ਬਸਤੀਵਾਦ ਦੇ ਵਿਰੋਧੀ ਅਤੇ ਵਿਸ਼ਵ ਦੇ ਸ਼ਾਂਤੀਦੂਤ ਬਣ ਗਏ। ਇਹ ਉਨ੍ਹਾਂ ਦਾ ਸੁਤੰਤਰਤਾ ਸੈਨਾਨੀ, ਮਾਨਵਵਾਦੀ ਤੇ ਬੁੱਧੀਜੀਵੀ ਜਾਂ ਵਿਦਵਾਨ ਵਜੋਂ ਆਪਣਾ ਦਰਜਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਆਪਣੇ ਸਮੇਂ ਦੇ ਰਾਜਨੇਤਾਵਾਂ ਵਿੱਚ ਅਹਿਮ ਜਗ੍ਹਾ ਦਿਵਾਈ। ਵਿਗਿਆਨ ਤੇ ਤਕਨੀਕ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਪਹਿਲਕਦਮੀਆਂ ਨੇ ਭਾਰਤ ਨੂੰ ਪਰਮਾਣੂ ਸ਼ਕਤੀ ਦਾ ਦਰਜਾ ਹਾਸਿਲ ਕਰਨ ਦੇ ਯੋਗ ਬਣਾਇਆ; ਇਸ ਦੇ ਪੁਲਾੜ ਪ੍ਰੋਗਰਾਮ ਦੀ ਰੀਸ ਹੁਣ ਪੂਰੀ ਦੁਨੀਆ ਕਰਨਾ ਚਾਹੁੰਦੀ ਹੈ।
ਦੇਸ਼ ਵਿੱਚ ਆਈਆਈਟੀਜ਼ ਤੇ ਏਮਸ ਦੀ ਸਥਾਪਨਾ ਉਨ੍ਹਾਂ ਦੀ ਦੂਰਅੰਦੇਸ਼ੀ ਦੀ ਹੀ ਦੇਣ ਹਨ। ਭਾਰਤ ਵਿੱਚ ਆਈ ਹਰੀ ਤੇ ਚਿੱਟੀ ਕ੍ਰਾਂਤੀ, ਜਿਸ ਨੇ ਰਾਸ਼ਟਰ ਦੀ ਖ਼ੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ, ਨਹਿਰੂ ਦੇ ਦ੍ਰਿਸ਼ਟੀਕੋਣ ਦੀ ਦੇਣ ਹੈ ਅਤੇ ਸਰਕਾਰੀ ਖੇਤਰ ਉਨ੍ਹਾਂ ਲਈ ਦੇਸ਼ ਵਾਸਤੇ ਆਤਮ-ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਸਾਧਨ ਸੀ, ਇਸ ਦ੍ਰਿਸ਼ਟੀਕੋਣ ਦੀ ਵੀ ਪੁਸ਼ਟੀ ਹੋ ਚੁੱਕੀ ਹੈ।
ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਤੇ ਉਨ੍ਹਾਂ ਦੇ ਸ਼ਖ਼ਸੀਅਤ ਦੀ ਮਹਾਨਤਾ ਕੌਮੀ ਲੋਕਧਾਰਾ ਦਾ ਹਿੱਸਾ ਹਨ ਪਰ ਇਹ ਉਨ੍ਹਾਂ ਦਾ ਨਿਰਸੁਆਰਥ ਤੇ ਜਮਹੂਰੀ ਸੁਭਾਅ ਅਤੇ ਨਿਮਰਤਾ ਹੀ ਸੀ ਜਿਸ ਨੇ ਉਨ੍ਹਾਂ ਨੂੰ ਵੱਡੀ ਗਿਣਤੀ ਲੋਕਾਂ ਦੇ ਪਿਆਰ ਦੇ ਕਾਬਿਲ ਬਣਾਇਆ, ਜਿਨ੍ਹਾਂ ਦਾ ਪਿਆਰ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਸੀ। ਸਾਫ਼ ਦਿਲ ਹੋਣ ਕਰ ਕੇ ਨਹਿਰੂ ਨੇ ਉਨ੍ਹਾਂ ਲੋਕਾਂ ਵਿੱਚ ਵਿਸ਼ਵਾਸ ਰੱਖਿਆ ਜਿਨ੍ਹਾਂ ਮਿੱਤਰਤਾ ਪ੍ਰਗਟਾਈ ਤੇ ਉਨ੍ਹਾਂ ਪ੍ਰਤੀ ਵੀ ਕਠੋਰ ਰਵੱਈਆ ਨਹੀਂ ਅਪਣਾਇਆ ਜੋ ਜ਼ੋਰਦਾਰ ਵਿਰੋਧ ਕਰਦੇ ਰਹੇ। ਉਨ੍ਹਾਂ ਆਪਣੀ ਪਾਰਟੀ ਦੇ ਅੰਦਰ ਇਮਾਨਦਾਰੀ ਨਾਲ ਅਸਹਿਮਤੀ ਜ਼ਾਹਿਰ ਕਰਨ ਵਾਲਿਆਂ ਨੂੰ ਸਵੀਕਾਰਿਆ ਅਤੇ ਲੋਕਤੰਤਰ ’ਚ ਵਿਰੋਧੀ ਧਿਰ ਦੀ ਭੂਮਿਕਾ ਦੀ ਅਹਿਮੀਅਤ ਨੂੰ ਵੀ ਮਾਨਤਾ ਦਿੱਤੀ, ਰਚਨਾਤਮਕ ਵਿਰੋਧ ਦਾ ਸਵਾਗਤ ਕੀਤਾ; ਇੱਥੋਂ ਤੱਕ ਕਿ ਇਸ ਨੂੰ ਉਤਸ਼ਾਹਿਤ ਵੀ ਕੀਤਾ।
ਅਜਿਹੇ ਸਮੇਂ ਜਦੋਂ ਹੁਣ ਉਨ੍ਹਾਂ ਦੇ ਕੰਮ ਨੂੰ ਨਕਾਰਨ ਤੇ ਨਿੰਦਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਹ ਨਾ ਭੁੱਲਿਆ ਜਾਵੇ ਕਿ ਪੰਡਿਤ ਜੀ ਦੀ ਬੁਲੰਦ ਅਗਵਾਈ ਦੀਆਂ ਧਾਰਨਾਵਾਂ ਨੂੰ ਕੂੜ ਪ੍ਰਚਾਰ ਨਾਲ ਨਹੀਂ ਮਿਟਾਇਆ ਜਾ ਸਕਦਾ। ਜਿਹੜੇ ਲੋਕ ਇਤਿਹਾਸ ਨੂੰ ਗ਼ਲਤ ਸਾਬਿਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੱਚ ਨੂੰ ਦਫ਼ਨਾਇਆ ਨਹੀਂ ਜਾ ਸਕਦਾ। ਇਹ ਆਪਣੇ ਆਪ ਨੂੰ ਮਜ਼ਬੂਤ ਕਰਦਾ ਹੈ ਤੇ ਸਮੇਂ-ਸਮੇਂ ਪ੍ਰਗਟ ਹੁੰਦਾ ਰਹਿੰਦਾ ਹੈ। ਦਰਅਸਲ, ਇਤਿਹਾਸ ਨੂੰ ਇੱਛਾ ਅਨੁਸਾਰ ਬਦਲਿਆ ਨਹੀਂ ਜਾ ਸਕਦਾ ਤੇ ਨਹਿਰੂ, ਜਿਨ੍ਹਾਂ ਇਤਿਹਾਸ ਰਚਿਆ, ਰਾਸ਼ਟਰ ਦੇ ਵਿਚਾਰਾਂ ’ਚ ਜਿਊਂਦੇ ਹਨ। ਨਿਰਸਵਾਰਥ ਭਾਵ ਅਤੇ ਕੁਰਬਾਨੀ ਨਾਲ ਭਰਪੂਰ ਉਨ੍ਹਾਂ ਦਾ ਜੀਵਨ ਉੱਤਮ ਅਗਵਾਈ ਦਾ ਪ੍ਰਮਾਣ ਹੈ। ਕਿਸੇ ਵੀ ਤਰ੍ਹਾਂ ਇਤਿਹਾਸ ਨੂੰ ਮੁੜ ਲਿਖਣਾ, ਉਨ੍ਹਾਂ ਦੀ ਬੁਲੰਦ ਮਾਨਵਤਾਵਾਦੀ ਪਹੁੰਚ ਦੀ ਗੂੰਜ ਨੂੰ ਫਿੱਕਾ ਨਹੀਂ ਪਾ ਸਕਦਾ ਤੇ ਨਾ ਹੀ ਉਨ੍ਹਾਂ ਦੇ ਵਿਚਾਰਾਂ ਦੀ ਤਾਕਤ ਨੂੰ ਘਟਾ ਸਕਦਾ ਹੈ। ਦਰਾਰ ਤੇ ਵਿਵਾਦ ਦੇ ਇਨ੍ਹਾਂ ਸਮਿਆਂ ਵਿੱਚ, ਕੈਫੀ ਆਜ਼ਮੀ ਦੀ ਨਹਿਰੂ ਦੇ ਅੰਤਿਮ ਸੰਸਕਾਰ ’ਤੇ ਲਿਖੀ ਪ੍ਰੇਰਨਾਦਾਇਕ ਤੇ ਦਿਲ ਨੂੰ ਛੂਹ ਲੈਣ ਵਾਲੀ ਸ਼ਰਧਾਂਜਲੀ ਲੋਕਾਂ ਦੇ ਚੇਤਿਆਂ ’ਚ ਵਸੀ ਹੋਈ ਹੈ:
ਮੇਰੀ ਆਵਾਜ਼ ਸੁਨੋ, ਪਿਆਰ ਕਾ ਸਾਜ਼ ਸੁਨੋ,
ਕਿਉਂ ਸਜਾਈ ਹੈ ਯੇਹ ਚੰਦਨ ਕੀ ਚਿਤਾ ਮੇਰੇ ਲੀਏ,
ਮੈਂ ਕੋਈ ਜਿਸਮ ਨਹੀਂ ਹੂੰ, ਕਿ ਜਲਾ ਦੋਗੇ ਮੁਝੇ,
ਰਾਖ ਕੇ ਸਾਥ ਬਿਖਰ ਜਾਊਂਗਾ ਦੁਨੀਆ ਮੇਂ,
ਤੁਮ ਜਹਾਂ ਖਾਓਗੇ ਠੋਕਰ, ਵਹੀਂ ਪਾਓਗੇ ਮੁਝੇ...
ਕਵੀ ਲੋਕਾਂ ਨੂੰ ਨਹਿਰੂ ਦੁਆਰਾ ਸੰਬੋਧਨ ਕਰਦੇ ਹੋਏ, ਆਪਣੇ ਨਾਇਕ ਦੇ ਦ੍ਰਿਸ਼ਟੀਕੋਣ ਦੀ ਅਮਰਤਾ ਤੇ ਜ਼ਿੰਦਗੀ ਤੋਂ ਬਾਅਦ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਆਗੂ ਦੀ ਸਰਪ੍ਰਸਤੀ ਦਾ ਭਰੋਸਾ ਦਿਵਾਉਂਦਾ ਹੈ।
ਪੰਡਿਤ ਨਹਿਰੂ ਦੀ 27 ਮਈ ਨੂੰ 61ਵੀਂ ਬਰਸੀ ਮੌਕੇ ਜਿਨ੍ਹਾਂ ਮੁਸ਼ਕਿਲ ਸਮਿਆਂ ’ਚ ਅਸੀਂ ਵਿਚਰ ਰਹੇ ਹਾਂ, ਉਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਪੰਡਿਤ ਜੀ ਦੇ ਦੇਹਾਂਤ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਰਚੀ ਕਾਵਿ-ਸ਼ਰਧਾਂਜਲੀ ਨੂੰ ਯਾਦ ਕਰਨਾ ਚਾਹੀਦਾ ਹੈ। ਭਾਜਪਾ ਦੇ ਇਸ ਸੀਨੀਅਰ ਆਗੂ ਨੇ ਉਦੋਂ ਨਹਿਰੂ ਬਾਰੇ ਆਪਣੀ ਆਮ ਬੋਲਚਾਲ ’ਚ ਕਿਹਾ ਸੀ: ‘ਇਹ ਇੱਕ ਸੁਫਨਾ ਸੀ, ਜੋ ਅਨੰਤ ਵਿੱਚ ਸਮਾ ਗਿਆ… ਇੱਕ ਦੀਵੇ ਦੀ ਲਾਟ, ਜੋ ਸਾਰੀ ਰਾਤ ਜਗਦੀ ਰਹੀ, ਹਰ ਹਨੇਰੇ ਨਾਲ ਲੜਦੀ ਰਹੀ, ਤੇ ਸਾਨੂੰ ਰਾਹ ਦਿਖਾਉਂਦੇ ਹੋਏ, ਇੱਕ ਸਵੇਰ ਇਸ ਨੇ ਖੁਦ ਹੀ ਨਿਰਵਾਣ ਪ੍ਰਾਪਤ ਕਰ ਲਿਆ...।’
ਇਸ ਤਰ੍ਹਾਂ ਨਹਿਰੂ ਦੀ ਵਿਲੱਖਣ ਤੇ ਬੇਮਿਸਾਲ ਅਗਵਾਈ, ਉਨ੍ਹਾਂ ਦੀ ਜਗ੍ਹਾ ਮਹਾਨ ਸ਼ਖ਼ਸੀਅਤਾਂ ਵਿੱਚ ਪੱਕੀ ਕਰ ਗਈ ਹੈ। ਉਨ੍ਹਾਂ ਦੇ ਨਜ਼ਰੀਏ ਦੀ ਜੋਤ, ਉਨ੍ਹਾਂ ਦੀ ਸੋਭਾ, ਉਨ੍ਹਾਂ ਦੀ ਆਤਮਾ ਦੀ ਮਸਕੀਨੀ, ਉਨ੍ਹਾਂ ਦੀ ਆਸਥਾ ਦੀ ਤਾਕਤ ਤੇ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੀਆਂ ਅਣਗਿਣਤ ਕੁਰਬਾਨੀਆਂ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਦਾ ਢੁੱਕਵਾਂ ਸਤਿਕਾਰ ਦਿਵਾਇਆ ਹੈ। ਜਵਾਹਰ ਲਾਲ ਨਹਿਰੂ ਨੇ ਰਾਜਨੀਤੀ ਦੇ ਵਿਚਕਾਰ ‘ਸਾਦਗੀ ਦਾ ਸੁਰ’ ਤੇ ਮਰਿਆਦਾ ਲਿਆਂਦੀ, ਇਸ ਨੂੰ ਸਿਰਫ਼ ਸੱਤਾ ਦੀ ਪ੍ਰਾਪਤੀ ਤੋਂ ਪਰ੍ਹੇ ਨਵਾਂ ਉਦੇਸ਼ ਦਿੱਤਾ। ਇਨ੍ਹਾਂ ਸਾਰੇ ਕਾਰਨਾਂ ਤੇ ਹੋਰ ਬਹੁਤ ਸਾਰੇ ਕਾਰਨਾਂ ਕਰ ਕੇ, ਨਹਿਰੂ ਦੀ ਪਰਿਵਰਤਨਸ਼ੀਲ ਅਗਵਾਈ ਆਉਣ ਵਾਲੀਆਂ ਪੀੜ੍ਹੀਆਂ ਲਈ ਅਨੰਤ ਪ੍ਰੇਰਨਾ ਬਣੀ ਰਹੇਗੀ। ਉਮੀਦ ਹੈ ਕਿ ਜਿਹੜੇ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦਾਅਵਾ ਕਰਦੇ ਹਨ, ਉਹ ਆਪਣੇ ਇਸ ਆਦਰਸ਼ ਨੂੰ ਨਿਰਾਸ਼ ਨਹੀਂ ਕਰਨਗੇ।
*ਲੇਖਕ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਹਨ।