ਨਹਿਰੀ ਪੱਟੜੀਆਂ ’ਤੇ ਭਾਰੀ ਆਵਾਜਾਈ ਰੋਕਣ ਲਈ ਬੈਰੀਕੇਡ ਲਾਏ
ਪੱਤਰ ਪ੍ਰੇਰਕ,
ਮੁਕੇਰੀਆਂ, 10 ਮਾਰਚ
ਮੁਕੇਰੀਆਂ ਹਾਈਡਲ ਪ੍ਰਾਜੈਕਟ ਅਧਿਕਾਰੀਆ ਨੇ ਨਹਿਰੀ ਪੱਟੜੀਆਂ ਤੋਂ ਲੰਘਦੇ ਕਥਿਤ ਗ਼ੈਰਕਾਨੂੰਨੀ ਮਾਈਨਿੰਗ ਵਾਲੇ ਭਾਰੀ ਵਾਹਨਾਂ ’ਤੇ ਰੋਕ ਲਗਾਉਣ ਲਈ ਹਾਈਟ ਬੈਰੀਕੇਡ ਲਗਾ ਦਿੱਤੇ ਹਨ। ਇਹ ਮਸਲਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਵਲੋਂ ਉਠਾਇਆ ਗਿਆ ਸੀ।
ਸਭਾ ਦੇ ਸਰਕਲ ਪ੍ਰਧਾਨ ਮਨੋਜ ਕੁਮਾਰ ਤੇ ਆਗੂਆਂ ਨੇ ਦੱਸਿਆ ਕਿ ਖੇਤਰ ਵਿੱਚ ਧੜੱਲੇ ਨਾਲ ਚੱਲ ਰਹੀ ਕਥਿਤ ਗ਼ੈਰਕਾਨੂੰਨੀ ਮਾਈਨਿੰਗ ਅਤੇ ਕਰੱਸ਼ਰਾਂ ਵਾਲੇ ਭਾਰੀ ਵਾਹਨ ਹਾਈਡਲ ਪ੍ਰਾਜੈਕਟ ਦੀਆਂ ਪੈਟਰੋਲਿੰਗ ਲਈ ਬਣਾਈਆਂ ਪੱਟੜੀਆਂ ਤੋਂ ਲੰਘਦੇ ਸਨ, ਜਿਸ ਕਾਰਨ ਇਸ ਮਾਰਗ ’ਤੇ ਬਣੇ ਪੁਲਾਂ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਸੀ। ਇਸ ਸਬੰਧੀ ਪਿੰਡ ਚੰਗੜਵਾਂ, ਮੋਟੀਆਂ, ਤੇ ਚੱਕ ਮੀਰਪੁਰ ਦੀਆਂ ਪੰਚਾਇਤਾਂ ਅਤੇ ਨੌਜਵਾਨਾਂ ਨੇ ਉਨ੍ਹਾਂ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਅਧਿਕਾਰੀਆਂ ਨੂੰ ਮੰਗਸ਼ਾਹ ਨਹਿਰ ਬੈਰਾਜ ਦੇ 52 ਗੇਟ ਦੇ ਹੇਠਾਂ ਲੱਗੇ ਸਟੋਨ ਕਰੱਸ਼ਰ ਤੋਂ ਆ ਰਹੀ ਭਾਰੇ ਵਾਹਨਾਂ ਦਾ ਮੁਕੇਰੀਆਂ ਹਾਈਡਲ ਦੇ ਪੈਟਰੋਲਿੰਗ ਵੇਅ ਤੋਂ ਲਾਘਾ ਰੋਕਣ ਦੀ ਮੰਗ ਕੀਤੀ ਸੀ। ਇਸ ਤਹਿਤ ਹਾਈਡਲ ਪ੍ਰਾਜੈਕਟ ਦੇ ਪਾਵਰਕੌਮ ਅਧਿਕਾਰੀਆਂ ਨੇ ਅੱਜ ਕੁਝ ਥਾਵਾਂ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਹਾਈਟ ਬੈਰੀਕੇਡ ਲਗਾ ਦਿੱਤੇ ਹਨ। ਜਥੇਬੰਦੀ ਦੇ ਆਗੂਆਂ ਨੇ ਵਿਭਾਗੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਇਨ੍ਹਾਂ ਬੈਰੀਕੇਡਾਂ ’ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਅਨਿਲ ਕੁਮਾਰ, ਰੋਹਿੰਤ ਕੁਮਾਰ, ਵਿਨੋਦ ਕੁਮਾਰ, ਮਨੋਜ ਕੁਮਾਰ, ਜੀਵਨ ਕੁਮਾਰ, ਕਰਨ ਸਿੰਘ, ਰਜੇਸ਼ ਕੁਮਾਰ,ਸੰਜੀਵ ਕੁਮਾਰ, ਸੌਰਵ ਕੁਮਾਰ, ਸੁਰਿੰਦਰ ਸਿੰਘ, ਸੁਨੀਲ ਕੁਮਾਰ ਅਤੇ ਲਵਦੀਪ ਸਿੰਘ ਆਦਿ ਵੀ ਹਾਜ਼ਰ ਸਨ।