ਨਸ਼ੇ ਲਈ ਸਰਕਾਰਾਂ ਜ਼ਿੰਮੇਵਾਰ: ਜਥੇਦਾਰ ਗੁਰਵਤਨ ਸਿੰਘ
ਮੁਕੇਰੀਆਂ: ਸਿੱਖ ਸਦਭਾਵਨਾ ਦਲ ਦੇ ਪੰਜਾਬ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸੂਬੇ ਅੰਦਰ ਨਸ਼ੇ ਲਈ ਸਮੇਂ ਦੀਆਂ ਸਰਕਾਰਾਂ ਹੀ ਜ਼ਿੰਮੇਵਾਰ ਹਨ ਅਤੇ ਸਿਆਸੀ ਆਗੂਆਂ ਦੀ ਇਸ ਵਿੱਚ ਭੂਮਿਕਾ ਸ਼ੱਕੀ ਜਾਪਦੀ ਹੈ। ਜਥੇਦਾਰ ਮੁਲਤਾਨੀ ਨੇ ਕਿਹਾ ਕਿ ਪੁਲੀਸ ਅਧਿਕਾਰੀ ਵੀ ਇਸ ਵਿੱਚ ਬਰਾਬਰ ਦੇ ਜ਼ਿੰਮੇਵਾਰ ਹਨ, ਜਿਹੜੇ ਨਸ਼ਾ ਰੋਕਣ ਵਿੱਚ ਸਿਆਸੀ ਪ੍ਰਭਾਵ ਹੇਠ ਕੰਮ ਕਰਦੇ ਹਨ। ਪੁਲੀਸ ਕੇਵਲ ਨਸ਼ੇ ਦੇ ਪੀੜਤ ਨੌਜਵਾਨਾਂ ਨੂੰ ਹੀ ਫੜ ਰਹੀ ਹੈ ਜਦੋਂਕਿ ਵੱਡੇ ਮਗਰਮੱਛ ਅਤੇ ਨਸ਼ੇ ਦੀ ਬੇਰੋਕ ਸਪਲਾਈ ਕਰਨ ਵਾਲੇ ਸ਼ਰ੍ਹੇਆਮ ਬਾਹਰ ਘੁੰਮ ਰਹੇ ਹਨ। ਕੁਝ ਪਿੰਡਾਂ ਦੀਆਂ ਪੰਚਾਇਤਾਂ ਨਸ਼ੇ ਦੇ ਮਾਮਲੇ ਵਿੱਚ ਸੁਹਿਰਦ ਰੋਲ ਅਦਾ ਕਰ ਰਹੀਆਂ ਹਨ ਅਤੇ ਨਸ਼ਾ ਤਸਕਰਾਂ ਬਾਰੇ ਪੁਲੀਸ ਨੂੰ ਸੂਚਿਤ ਕਰ ਰਹੀਆਂ ਹਨ, ਪਰ ਉਨ੍ਹਾਂ ਪੰਚਾਇਤਾਂ ਦੀ ਸੁਰੱਖਿਆ ਕਰਨ ਵਿੱਚ ਪੁਲੀਸ ਨਾਕਾਮ ਰਹੀ ਹੈ। ਇਸ ਕਰ ਕੇ ਨਸ਼ੇ ਖਿਲਾਫ਼ ਬੋਲਣ ਵਾਲਿਆਂ ਦਾ ਮਨੋਬਲ ਡਿੱਗਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਬੰਦ ਕਰਨ ਲਈ ਜਿੱਥੇ ਵੱਡੇ ਤਸਕਰਾਂ ਖ਼ਿਲਾਫ਼ ਕਰਨੀ ਪਵੇਗੀ, ਉਥੇ ਹੀ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਦੀ ਸ਼ਨਾਖ਼ਤ ਕਰਕੇ ਨੌਜਵਾਨਾ ਨੂੰ ਰੁਜ਼ਗਾਰ ਦੇਣਾ ਪਵੇਗਾ। -ਪੱਤਰ ਪ੍ਰੇਰਕ