ਨਸ਼ੇ ਖ਼ਤਮ ਕਰਨ ਲਈ ਪਿੰਡ-ਪਿੰਡ ਪਹੁੰਚ ਰਹੀ ਹੈ ‘ਆਪ’: ਕੁਲਵੰਤ ਸਿੰਘ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਜੂਨ
ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ ਮੁਹਾਲੀ ਹਲਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਸ਼ਹਿਰੀ ਖੇਤਰ ਤੇ ਪਿੰਡਾਂ ਦੀਆਂ ਸੱਥਾਂ ਵਿੱਚ ਨਸ਼ਿਆਂ ਦਾ ਜਾਗਰੂਕਤਾ ਦਾ ਹੋਕਾ ਦੇਣ ਸਮੇਂ ਵਿਧਾਇਕ ਕੁਲਵੰਤ ਸਿੰਘ ਨੂੰ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਦੇ ਸਹਿਯੋਗ ਸਣੇ ਵੱਡੇ ਬਜ਼ੁਰਗਾਂ ਦਾ ਵੀ ਆਸ਼ੀਰਵਾਦ ਮਿਲ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਕੋਈ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪਿੰਡ-ਪਿੰਡ ਗਲੀ ਮੁਹੱਲੇ ਤੱਕ ਪਹੁੰਚ ਅਪਣਾ ਰਹੀ ਹੈ। ਇਸ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਇਸ ਦਿਸ਼ਾ ਵਿੱਚ ਸ਼ਾਇਦ ਇੱਕ ਪੂਣੀ ਵੀ ਨਹੀਂ ਸੀ ਕੱਤੀ। ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਨਸ਼ਾ ਮੁਕਤ ਬਣਾਉਣ ਸਣੇ ਵਿਕਾਸ ਪੱਖੋਂ ਵੀ ਅੱਵਲ ਬਣਾਇਆ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਨਸ਼ਿਆਂ ਤੋਂ ਪੀੜਤਾਂ ਦਾ ਨਾ ਸਿਰਫ਼ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ, ਸਗੋਂ ਇਲਾਜ ਮਗਰੋਂ ਉਨ੍ਹਾਂ ਨੂੰ ਪੈਰਾਂ ’ਤੇ ਖੜ੍ਹਾ ਹੋਣ ਲਈ ਸਵੈ-ਇੱਛਤ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਦੇਸ਼ ਵਿੱਚ ਕਿਸੇ ਹੋਰ ਸੂਬੇ ਅਜਿਹੀ ਕੋਈ ਉਦਾਹਰਨ ਦੇਖਣ ਨੂੰ ਨਹੀਂ ਮਿਲਦੀ।
ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਸਮੇਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸਿਰਫ਼ ਆਪਣੇ ਪਰਿਵਾਰਾਂ ਦਾ ਪਾਲਣ-ਪੋਸਣ ਅਤੇ ਪੈਸੇ ਇਕੱਠੇ ਕਰਨ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਸ਼ਾਮਲਾਤ ਅਤੇ ਵਿਵਾਦਿਤ ਜ਼ਮੀਨਾਂ ਨੂੰ ਹਥਿਆਉਣ ਲਈ ਪੂਰੀ ਵਾਹ ਲਾਈ ਜਾਂਦੀ ਰਹੀ ਹੈ ਪਰ ਪਿਛਲੇ ਤਿੰਨ ਸਾਲਾਂ ਵਿੱਚ ‘ਆਪ’ ਸਰਕਾਰ ਨੇ ਹਜ਼ਾਰਾਂ ਏਕੜ ਜ਼ਮੀਨਾਂ ਤੋਂ ਕਬਜ਼ੇ ਹਟਾਏ ਹਨ।