ਨਸ਼ੇੜੀ ਪੁੱਤ ’ਤੇ ਪਿਤਾ ਨੂੰ ਅਗਵਾ ਕਰਨ ਦਾ ਦੋਸ਼
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਜੂਨ
ਨੇੜਲੇ ਪਿੰਡ ਟਾਂਡਾ ਕਾਲੀਆ ਵਿੱਚ ਵਿਆਹੁਤਾ ਨੇ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਨੇ ਆਪਣੇ ਪਿਤਾ ਨੂੰ ਅਗਵਾ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਹਰਪ੍ਰੀਤ ਕੌਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦੇ ਪਤੀ ਪਰਮਿੰਦਰ ਸਿੰਘ ਨੇ ਪਿਤਾ ਮੱਖਣ ਸਿੰਘ ਦੀ ਜ਼ਮੀਨ ਹਥਿਆਉਣ ਲਈ ਉਸ ਨੂੰ ਅਗਵਾ ਕੀਤਾ ਹੈ।
ਮੱਖਣ ਸਿੰਘ ਦੇ ਭਰਾ ਗੱਜਣ ਸਿੰਘ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤ ਖੇਤੀ ਕਰਦੇ ਹਨ ਤੇ ਜ਼ਮੀਨ ਮੱਖਣ ਸਿੰਘ ਦੇ ਨਾਮ ਹੈ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾੜੀ ਸੰਗਤ ਵਿੱਚ ਪਿਆ ਹੋਇਆ ਹੈ ਤੇ ਘਰੋਂ ਬਾਹਰ ਕਿਸੇ ਔਰਤ ਨਾਲ ਉਸ ਦੇ ਸਬੰਧ ਵੀ ਹਨ। ਸਾਰੀ ਆਮਦਨ ਨਸ਼ੇ ਵਿੱਚ ਉਜਾੜਨ ਕਰਕੇ ਪਰਮਿੰਦਰ ਨੂੰ ਨਸ਼ਾ ਛੁਡਾਊ ਕੇਂਦਰ ਭਰਤੀ ਕਰਵਾਇਆ ਗਿਆ। ਇਸ ਦੌਰਾਨ ਬੀਤੀ ਰਾਤ ਪਰਮਿੰਦਰ 8-9 ਅਣਪਛਾਤੇ ਵਿਅਕਤੀਆਂ ਨਾਲ ਘਰ ਆਇਆ ਤੇ ਆਪਣੇ ਪਿਤਾ ਮੱਖਣ ਸਿੰਘ ਨੂੰ ਅਗਵਾ ਕਰ ਕੇ ਲੈ ਗਿਆ। ਹਰਪ੍ਰੀਤ ਤੇ ਗੱਜਣ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਪਰਮਿੰਦਰ ਆਪਣੇ ਪਿਤਾ ਦਾ ਜਾਨ-ਮਾਲ ਦਾ ਨੁਕਸਾਨ ਕਰ ਸਕਦਾ ਹੈ ਤੇ ਬਾਕੀ ਪਰਿਵਾਰ ਨੂੰ ਵੀ ਉਸ ਤੋਂ ਜਾਨ ਦਾ ਖ਼ਤਰਾ ਹੈ।
ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ: ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਸ਼ਿਕਾਇਤ ਮਿਲੀ ਹੈ ਤੇ ਤਕਨੀਕੀ ਪੱਖਾਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਅਗਵਾ ਦਾ ਮਾਮਲਾ ਨਹੀਂ ਬਲਕਿ ਆਪਸੀ ਘਰੇਲੂ ਝਗੜਾ ਹੈ ਪਰ ਫਿਰ ਵੀ ਜੇਕਰ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।