ਨਸ਼ੀਲੇ ਟੀਕਿਆਂ ਸਣੇ ਤਿੰਨ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਰਤੀਆ, 4 ਜੁਲਾਈ
ਨਸ਼ਾ ਮੁਕਤੀ ਮੁਹਿੰਮ ਤਹਿਤ ਸਦਰ ਰਤੀਆ ਦੇ ਤਹਿਤ ਨਾਗਪੁਰ ਪੁਲੀਸ ਚੌਕੀ ਟੀਮ ਨੇ ਇੱਕ ਸਵਿਫਟ ਕਾਰ ਸਵਾਰ ਤਿੰਨ ਜਣਿਆਂ ਨੂੰ 140 ਨਸ਼ੀਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਅਤੇ ਇਕ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਨਿਵਾਸੀ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸਦਰ ਥਾਣਾ ਰਤੀਆ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਨਾਗਪੁਰ ਦੇ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਐਚਸੀ ਰੋਸ਼ਨ ਲਾਲ, ਸਿਪਾਹੀ ਸ਼ੰਕਰ ਦਿਆਲ, ਐੱਸਪੀਓ ਗੁਰਲਾਲ ਅਤੇ ਡਰਾਈਵਰ ਐੱਸਪੀਓ ਗੁਰਪਿਆਰ ਸਿੰਘ ਨਾਲ ਰਤੀਆ ਰੋਡ ’ਤੇ ਵਾਹਨਾਂ ਦੀ ਨਿਯਮਤ ਜਾਂਚ ਕਰ ਰਹੇ ਸਨ। ਇਸ ਦੌਰਾਨ ਇੱਕ ਸਵਿਫਟ ਕਾਰ ਰਤੀਆ ਵੱਲੋਂ ਆਉਂਦੀ ਦਿਖਾਈ ਦਿੱਤੀ। ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ ਅਤੇ ਉਹ ਸਿਰਸਾ ਵੱਲ ਜਾ ਰਹੇ ਸਨ। ਜਦੋਂ ਕਾਰ ਨੂੰ ਰੁਕਵਾ ਕੇ ਡੀਐੱਸਪੀ ਨਰਸਿੰਘ ਦੀ ਮੌਜੂਦਗੀ ਵਿਚ ਤਲਾਸ਼ੀ ਲਈ ਗਈ ਤਾਂ ਕੰਡਕਟਰ ਸੀਟ ਦੇ ਹੇਠਾਂ ਨਸ਼ੇ ਵਾਲੇ ਟੀਕਿਆਂ ਦੇ 28 ਪੱਤੇ ਬਰਾਮਦ ਹੋਏ। ਇਨ੍ਹਾਂ ਵਿਚੋਂ ਹਰੇਕ ਵਿਚ ਪੰਜ-ਪੰਜ ਨਸ਼ੀਲੇ ਇੰਜੈਕਸ਼ਨ ਸਨ। ਇਸੇ ਤਰ੍ਹਾਂ ਕੁੱਲ 140 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਪਿੰਡ ਫੱਗੂ ਜ਼ਿਲ੍ਹਾ ਸਿਰਸਾ (ਕਾਰ ਚਾਲਕ), ਗੁਰਸੇਵਕ ਸਿੰਘ ਉਰਫ ਸੇਵਕ ਅਤੇ ਯਾਦਵਿੰਦਰ ਸਿੰਘ ਵਾਸੀਆਨ ਮੀਰਪੁਰ ਕਲਾਂ ਜ਼ਿਲ੍ਹਾ ਮਾਨਸਾ (ਪੰਜਾਬ) ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ।
ਨੌਂ ਕਿਲੋ ਭੁੱਕੀ ਬਰਾਮਦ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਪੁਲੀਸ ਨੇ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ ਇੱਕ ਔਰਤ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਔਰਤ ਸ਼ਾਹਬਾਦ ਕਸਬੇ ਦੀ ਰਹਿਣ ਵਾਲੀ ਹੈ। ਮੁਲਜ਼ਮ ਦੀ ਪਛਾਣ ਗੁਲਾਬ ਸਿੰਘ ਵਾਸੀ ਮਛਰੌਲੀ ਵਜੋਂ ਹੋਈ ਹੈ। ਦੋਵਾਂ ਕੋਲੋਂ ਨੌਂ ਕਿਲੋ ਭੁੱਕੀ ਤੇ ਅੱਧੀ ਕਿੱਲੋ ਅਫੀਮ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਪਵਨਦੀਪ ਸਿੰਘ ਵਾਸੀ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਦਸ ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ ਗਏ ਹਨ। ਅਦਾਲਤ ਨੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।