ਸੰਤੋਖ ਗਿੱਲਰਾਏਕੋਟ, 15 ਅਪਰੈਲਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਨਿਵੇਕਲੀ ਮੁਹਿੰਮ ਤਹਿਤ ਪਿੰਡ ਜੌਹਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਸੀਟੂ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਹੁਣ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ। ਬਾਅਦ ਵਿੱਚ ਉਨ੍ਹਾਂ ਬੋਤਲਾਂ ਹੱਥਾਂ ਵਿੱਚ ਫੜ ਕੇ ਪਿੰਡ ਦੇ ਮਜ਼ਦੂਰਾਂ-ਕਿਸਾਨਾਂ ਤੋਂ 10-10 ਰੁਪਏ ਫੰਡ ਇਕੱਠਾ ਕਰਦਿਆਂ ਐਲਾਨ ਕੀਤਾ ਕਿ ਇਹ ਰਕਮ ਅਗਲੇ ਦਿਨਾਂ ਵਿੱਚ ਮਨੀਆਰਡਰ ਰਾਹੀਂ ਜਾਂ ਖ਼ੁਦ ਮਿਲ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਦੇਣਗੇ ਅਤੇ ਸ਼ਰ੍ਹੇਆਮ ਵਿਕ ਰਹੇ ਨਸ਼ੇ ਨੂੰ ਰੋਕਣ ਲਈ ਵਿਧਾਨ ਸਭਾ ਚੋਣਾਂ ਸਮੇਂ ਕੀਤਾ ਵਾਅਦਾ ਯਾਦ ਕਰਾਉਣਗੇ।ਸੀਟੂ ਆਗੂ ਗੋਰਾ ਨੇ ਇਹ ਵੀ ਦੋਸ਼ ਲਾਇਆ ਕਿ ਨਸ਼ੇ ਵਾਲੀਆਂ ਗੋਲੀਆਂ-ਕੈਪਸੂਲ ਘੋਲ ਕੇ ਤਿਆਰ ਕੀਤੀ ਨਕਲੀ ਸ਼ਰਾਬ ਵੀ ਸ਼ਰ੍ਹੇਆਮ ਰਾਏਕੋਟ ਹਲਕੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਕਲੀ ਸ਼ਰਾਬ ਤਾਂ ਚਿੱਟੇ ਨਾਲੋਂ ਵੀ ਜ਼ਿਆਦਾ ਘਾਤਕ ਅਤੇ ਜਾਨਲੇਵਾ ਹੈ, ਪਰ ਸੱਤਾਧਾਰੀ ਧਿਰ ਦੀ ਸਰਪ੍ਰਸਤੀ ਕਾਰਨ ਪੁਲੀਸ ਵੀ ਬੇਵੱਸ ਦਿਖਾਈ ਦੇ ਰਹੀ ਹੈ। ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ, ਰੁਲਦਾ ਸਿੰਘ ਗੋਬਿੰਦਗੜ੍ਹ, ਜਸਵੀਰ ਸਿੰਘ ਜੌਹਲਾਂ ਤੇ ਰਾਜਜਸਵੰਤ ਸਿੰਘ ਤਲਵੰਡੀ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕੀਤਾ।